ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਇਹ ਕਲਾ ਐ ਧੀਏ। ਰੱਬ ਆਪ ਦਿੰਦੈ ਇਹ ਕਲਾ ਬੰਦੇ ਨੂੰ। ਦੋਵੇਂ ਮੁੰਡੇ ਗਾਉਣ ਦੀ ਕਲਾ ਦੇ ਧਨੀ ਨੇ। ਸੁਰਸਤੀ ਆਪ ਆ ਕੇ ਬਹਿੰਦੀ ਐ, ਉਨ੍ਹਾਂ ਦੇ ਮੂੰਹਾਂ 'ਤੇ। ਸਾਰੰਗੀ ਆਲਾ ਕਿਹੜਾ ਘੱਟ ਐ। ਉਹਦੇ ਹੱਥਾਂ 'ਚ ਕਲਾ ਐ।'

'ਨਹੀਂ ਅੰਬੋ, ਪਿਆਰੂ ਬਾਹਲਾ ਸੁਹਣਾ ਗਾਉਂਦੈ। ਬੁੜ੍ਹੀ ਮੂੰਹੋਂ ਕੁਝ ਨਹੀਂ ਬੋਲੀ। ਨੀਂਝ ਲਾ ਕੇ ਕੁੜੀ ਦੇ ਚਿਹਰੇ ਵੱਲ ਝਾਕਣ ਲੱਗੀ। ਤੇ ਫੇਰ ਪਤਾ ਨਹੀਂ ਕੀ ਸੋਚ ਕੇ ਨੀਵੀਂ ਪਾ ਗਈ। ਇੱਕ ਲੰਮਾ ਸਾਹ ਬੁੜ੍ਹੀ ਦੇ ਅੰਦਰ ਖਿੱਚਿਆ ਗਿਆ।

ਨ੍ਹਾਮੋ ਆਪਣੀ ਮਾਂ ਨਾਲ ਕੋਈ ਕੰਮ-ਧੰਦਾ ਕਰਾਉਣ ਲੱਗੀ। ਨੰਦ ਕੁਰ ਨਿੰਮ ਥੱਲਿਓਂ ਉੱਠ ਕੇ ਅੰਦਰ ਸਬਾਤ ਵਿੱਚ ਜਾ ਬੈਠੀ ਤੇ ਫੇਰ ਆਪਣਾ ਸੰਦੂਖ ਖੋਲ੍ਹ ਕੇ ਟੂਮਾਂ ਦੀ ਪੋਟਲੀ ਕੱਢ ਲਈ। ਤਿੰਨੇ ਬਹੂਆਂ ਦੀਆਂ ਟੂਮਾਂ ਉਹ ਆਪ ਸੰਭਾਲ ਕੇ ਰੱਖਦੀ। ਕਿਸੇ ਵਿਆਹ ਸ਼ਾਦੀ ਨੂੰ ਟੂਮਾਂ ਆਪ ਕੱਢ ਕੇ ਉਨ੍ਹਾਂ ਨੂੰ ਦਿੰਦੀ। ਬੁੜ੍ਹੀ ਦਾ ਪੂਰਾ ਤਪ-ਤੇਜ਼ ਸੀ। ਘਰ ਕੀ, ਸਾਰੇ ਅਗਵਾੜ ਵਿੱਚ ਨੰਦ ਕੁਰ-ਨੰਦ ਕੁਰ ਪਈ ਹੁੰਦੀ। ਹੋਰਾਂ ਘਰਾਂ ਦੀਆਂ ਤੀਵੀਆਂ ਉਹਨੂੰ ਘਰ ਲਿਜਾ ਕੇ ਨਿਆਂ ਨਿਬੜਾਉਂਦੀਆਂ।

ਟੂਮਾਂ ਵਿਚੋਂ ਕੰਠਾ ਕੱਢ ਕੇ ਉਹ ਕਿੰਨਾ ਚਿਰ ਉਹਦੇ ਮਣਕਿਆਂ ਨੂੰ ਪਲੋਸਦੀ ਰਹੀ। ਸੱਤ ਮਣਕਿਆਂ ਵਾਲਾ ਕੰਠਾ ਲਿਸ਼ਕਾ ਮਾਰਦਾ। ਇਹ ਕੰਠਾ ਉਹਨੇ ਚਾਰ ਵਰ੍ਹੇ ਪਹਿਲਾਂ ਬਣਵਾਇਆ ਸੀ, ਕਣਕ ਦੀ ਫ਼ਸਲ ਵੇਚ ਕੇ। ਉਹਦੀ ਵਿਉਂਤ ਸੀ ਕਿ ਜਿਹੜੀ ਵੀ ਪੋਤੀ ਦਾ ਪਹਿਲਾਂ ਵਿਆਹ ਹੋਇਆ, ਉਹ ਇਹ ਕੰਠਾ ਪ੍ਰਾਹੁਣੇ ਨੂੰ ਪਾਵੇਗੀ। ਸੁੱਚੇ ਸੁਨਿਆਰ ਨੇ ਇਹ ਨੂੰ ਬਣਾਇਆ ਵੀ ਬੜੀ ਪ੍ਰੀਤ ਲਾ ਕੇ ਸੀ। ਉਹਨੇ ਕੰਠਾ ਬਾਹਰ ਰੱਖ ਲਿਆ ਤੇ ਬਾਕੀ ਟੂਮਾਂ ਪੋਟਲੀ ਬੰਨ੍ਹ ਕੇ ਸੰਦੂਖ ਵਿੱਚ ਸੁੱਟ ਦਿੱਤੀਆਂ। ਕਰੋਸ਼ੀਏ ਦੇ ਇੱਕ ਰੁਮਾਲ ਵਿੱਚ ਕੰਠਾ ਵਲ੍ਹੇਟ ਕੇ ਸੰਦੂਖ ਦੇ ਹੀ ਅੰਦਰਲੇ ਰਖਣੇ ਵਿੱਚ ਰੱਖ ਦਿੱਤਾ।

ਗੌਣ ਦਾ ਬਾਰ੍ਹਵਾਂ ਦਿਨ ਸੀ। ਹੀਰ ਦੀ ਕਹਾਣੀ ਆਖ਼ਰੀ ਪੜਾਓ 'ਤੇ ਸੀ। ਰਾਂਝਾ ਰੰਗਪੁਰ ਤੋਂ ਹੀਰ ਨੂੰ ਲੈ ਕੇ ਨਿਕਲ ਜਾਂਦਾ ਹੈ। ਖੇੜੇ ਉਹਦਾ ਪਿੱਛਾ ਕਰਦੇ ਹਨ ਤੇ ਉਹਨੂੰ ਰਾਹ ਵਿੱਚ ਹੀ ਘੇਰ ਲੈਂਦੇ ਹਨ। ਅਦਲੀ ਰਾਜਾ ਇਨਸਾਫ਼ ਕਰਦਾ ਹੈ ਤੇ ਹੀਰ ਖੇੜਿਆਂ ਨੂੰ ਮੋੜ ਦਿੰਦਾ ਹੈ। ਸ਼ਹਿਰ ਨੂੰ ਅੱਗ ਲੱਗ ਜਾਂਦੀ ਹੈ। ਰਾਜੇ ਨੂੰ ਫ਼ਕੀਰ ਦੀ ਬਦ-ਦੁਆ ਦਾ ਗਿਆਨ ਹੁੰਦਾ ਹੈ ਤਾਂ ਉਹ ਖੇੜਿਆਂ ਨੂੰ ਵਾਪਸ ਬੁਲਾ ਕੇ ਹੀਰ, ਰਾਂਝੇ ਨੂੰ ਬਖ਼ਸ਼ ਦਿੰਦਾ ਹੈ।

ਤੇ ਫੇਰ ਜਿਸ ਦਿਨ ਅਖਾੜਾ ਸਮਾਪਤੀ ਤੇ ਆਇਆ, ਸੱਥ ਵਿੱਚ ਸਰੋਤੇ ਆਮ ਦਿਨਾਂ ਨਾਲੋਂ ਡੂਢੇ-ਸਵਾਏ ਹੋਣਗੇ। ਕੋਠਿਆਂ ਦੇ ਬਨੇਰਿਆਂ 'ਤੇ ਵੀ ਪਹਿਲਾਂ ਨਾਲੋਂ ਵੱਧ ਰੌਣਕਾਂ ਸਨ। ਰੁਪਈਏ ਤਾਂ ਲੋਕ ਪਹਿਲਾਂ ਵੀ ਦਿੰਦੇ ਸਨ, ਉਸ ਦਿਨ ਅਗਵਾੜ ਨੇ ਬਾਸ਼ ਪਾ ਕੇ ਰੁਪਏ ਇਕੱਠੇ ਕੀਤੇ। ਰੁਪਈਆਂ ਨਾਲ ਪੱਗਾਂ ਤੇ ਖੇਸ ਵੀ।

ਗਵੰਤਰੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ। ਪਿਆਰੂ ਤੇ ਜਰਨੈਲ ਪੱਬਾਂ ਭਾਰ ਹੋ ਕੇ ਉੱਚਾ ਬੋਲ ਕੱਢਦੇ। ਮਹਿੰਗਾ ਸਾਰੰਗੀ ਵਜਾਉਂਦਾ ਦੂਹਰਾ ਹੋ-ਹੋ ਜਾਂਦਾ।

ਕਿੰਨੇ ਦਿਨ ਹੋ ਗਏ ਸਨ ਗੌਣ ਨੂੰ, ਹੁਣ ਤੱਕ ਤਿੰਨਾਂ ਦਾ ਅੱਗਾ-ਪਿੱਛਾ ਅਗਵਾੜ ਦੇ ਘਰ-ਘਰ ਜਾ ਪਹੁੰਚਿਆ। ਮਹਿੰਗਾ ਜੁਆਕ-ਜੱਲਿਆਂ ਵਾਲਾ ਕਬੀਲਦਾਰ ਬੰਦਾ ਸੀ। ਜਰਨੈਲ ਵੀ ਸ਼ਾਦੀ-ਸ਼ੁਦਾ ਸੀ, ਉਹਦੀ ਵਾਹੁਟੀ ਕੋਲ ਮੁੰਡਾ ਸੀ। ਪਿਆਰੂ ਕੰਵਾਰਾ ਸੀ। ਜਰਨੈਲ ਨਾਲੋਂ ਉਹ ਉਮਰ ਵਿੱਚ ਵੱਡਾ ਸੀ, ਪਰ ਪਤਾ ਨਹੀਂ ਕਿਉਂ ਹਾਲੇ ਤੱਕ

190

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ