ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਉਹਨੇ ਵਿਆਹ ਨਹੀਂ ਕਰਵਾਇਆ ਸੀ। ਕੁਝ-ਕੁਝ ਫੱਕਰ ਕਿਸਮ ਦੀ ਤਬੀਅਤ ਸੀ ਉਹਦੀ। ਅੱਖਾਂ ਵਿੱਚ ਮਸਤੀ। ਚਿਹਰੇ 'ਤੇ ਗੰਭੀਰਤਾ। ਹੱਸਦਾ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ।

ਅਗਵਾੜ ਦੇ ਚੰਗੇ-ਚੰਗੇ ਘਰ ਗਵੰਤਰੀਆਂ ਨੂੰ ਰੋਟੀ ਕਰਦੇ। ਜਿਹੜਾ ਘਰ ਆਥਣ ਦੀ ਰੋਟੀ ਵਰਜਦਾ, ਉਹੀ ਘਰ ਅਗਲੇ ਦਿਨ ਸਵੇਰ ਦੀ ਹਾਜ਼ਰੀ ਤੇ ਦੁਪਹਿਰ ਦੀ ਰੋਟੀ ਖਵਾਉਂਦਾ। ਉਨ੍ਹਾਂ ਦਾ ਪੱਕਾ ਟਿਕਾਣਾ ਹਥਾਈ ਦੇ ਚੁਬਾਰੇ ਵਿੱਚ ਸੀ। ਹਥਾਈ ਦੇ ਵਿਹੜੇ ਵਿੱਚ ਪੰਪ ਸੀ। ਉੱਥੇ ਹੀ ਉਹ ਨ੍ਹਾਉਂਦੇ-ਧੋਂਦੇ ਤੇ ਸਵੇਰ ਦੀ ਹਾਜ਼ਰੀ ਖਾ ਕੇ ਆਏ ਗਏ ਨਾਲ ਗੱਲਾਂ ਮਾਰਦੇ ਹਾਜ਼ਰੀ ਉਨ੍ਹਾਂ ਨੂੰ ਚੁਬਾਰੇ ਵਿੱਚ ਹੀ ਪਹੁੰਚ ਜਾਂਦੀ। ਦੁਪਹਿਰ ਦੀ ਤੇ ਰਾਤ ਦੀ ਰੋਟੀ ਅਗਲੇ ਦੇ ਘਰ ਜਾ ਕੇ ਖਾਂਦੇ। ਉਨ੍ਹਾਂ ਦਿਨਾਂ ਵਿੱਚ ਬਨਸਪਤੀ ਘਿਓ ਨੂੰ ਤਾਂ ਕੋਈ ਜਾਣਦਾ ਨਹੀਂ ਸੀ। ਹਰ ਘਰਾਂ ਵਿੱਚ ਦੁੱਧ ਦੇ ਲਵੇਰੇ ਸਨ। ਦੁੱਧ ਲੱਸੀ ਆਮ ਰਹਿੰਦਾ। ਹਾਜ਼ਰੀ ਵਿੱਚ ਉਹ ਪਾਣੀ ਹੱਥ ਦੀ ਲੂਣ ਵਾਲੀ ਬੇਸਣੀ ਰੋਟੀ ਮਖਣੀ ਨਾਲ ਖਾਂਦੇ। ਅਚਾਰ ਨਹੀਂ ਖਾਂਦੇ ਸੀ। ਗਲੇ ਦਾ ਬਹੁਤ ਖਿਆਲ ਰੱਖਦੇ। ਅਲਮੀ ਸਲਮੀ ਕੋਈ ਵੀ ਚੀਜ਼ ਮੂੰਹ 'ਤੇ ਨਹੀਂ ਧਰਦੇ ਸਨ। ਉਨ੍ਹਾਂ ਨੂੰ ਮੂੰਗੀ ਦੀ ਦਾਲ ਤੇ ਅਣਚੋਪੜਿਆ ਕਣਕ ਦਾ ਫੁਲਕਾ ਬਹੁਤ ਪਸੰਦ ਸੀ। ਘਿਓ ਪਾ ਕੇ ਸ਼ੱਕਰ ਜ਼ਰੂਰ ਖਾਂਦੇ।

ਨੰਦ ਕੁਰ ਉਨ੍ਹਾਂ ਨੂੰ ਤਿੰਨ ਵਾਰ ਘਰ ਬੁਲਾ ਚੁੱਕੀ ਸੀ। ਉਨ੍ਹਾਂ ਦੇ ਰੋਟੀ-ਟੁੱਕ ਦਾ ਸਾਰਾ ਕੰਮ ਨ੍ਹਾਮੋ ਕਰਦੀ। ਗਵੰਤਰੀਆਂ ਨੂੰ ਲੱਗਦਾ, ਜਿਵੇਂ ਨੰਦ ਕੁਰ ਦੇ ਘਰ ਆ ਕੇ ਉਹ ਨਿੱਤ ਨਾਲੋਂ ਵੱਧ ਰੋਟੀ ਖਾਂਦੇ ਹੋਣ। ਮਹਿੰਗਾ ਆਖਦਾ, 'ਕੁੜੀ ਸਹੁਰੀ ਦਾ ਪਤਾ ਨੀਂ ਵਿੱਚ ਕੀ ਪਾ ਕੇ ਬਣਾਉਂਦੀ ਐ, ਰੋਟੀਆਂ ਨਾਲ ਢਿੱਡ ਭਰ ਜਾਂਦੈ, ਨੀਤ ਨੀਂ ਭਰਦੀ।

ਹਾਂ, ਉਹ ਅਖਾੜੇ ਦੀ ਆਖ਼ਰੀ ਸ਼ਾਮ ਸੀ। ਉਸ ਦਿਨ ਉਹ ਕੁਝ ਸਮਾਂ ਪਹਿਲਾਂ ਹੀ ਸੱਥ ਵਿੱਚ ਉਤਰ ਆਏ ਸਨ ਤੇ ਫੇਰ ਜਦੋਂ ਹੀਰ ਦੀ ਆਖ਼ਰੀ ਕਲੀ ਲਾਈ ਜਾ ਰਹੀ ਸੀ, ਤਾਰੇ ਨਿਕਲ ਆਏ। ਦੀਵੇ ਤਾਂ ਕਦੋਂ ਦੇ ਡੰਗੇ ਜਾ ਚੁੱਕੇ ਸਨ। ਸਰੋਤਿਆਂ ਨੂੰ ਘਰੀਂ ਜਾਣ ਦੀ ਕੋਈ ਕਾਹਲ ਨਹੀਂ ਸੀ। ਚਾਰ ਲਾਲਟੈਣਾਂ ਮਚਾ ਕੇ ਸੱਥ ਦੇ ਚਾਰੇ ਪਾਸੇ ਕੰਧਾਂ ਵਿੱਚ ਕਿੱਲੀਆਂ ਗੱਡ ਕੇ ਟੰਗ ਦਿੱਤੀਆਂ ਗਈਆਂ।

ਤੇ ਫੇਰ ਗਵੰਤਰੀਆਂ ਨੂੰ ਪੱਗਾਂ ਤੇ ਖੇਸ ਭੇਟ ਕੀਤੇ ਜਾਣ ਲੱਗੇ। ਅਗਵਾੜ ਦੀ ਬਾਸ਼ ਦੇ ਸਾਂਝੇ ਰੁਪਈਏ ਨੰਬਰਦਾਰ ਨੇ ਇੱਕ ਲਾਲ ਰੰਗ ਦੀ ਥੈਲੀ ਵਿੱਚ ਪਾਏ ਤੇ ਥੈਲੀ ਮਹਿੰਗਾ ਸਿੰਘ ਸਾਰੰਗੀ ਵਾਲੇ ਨੂੰ ਭੇਟ ਕਰ ਦਿੱਤੀ। ਅਸਲ ਵਿੱਚ ਉਹ ਥੈਲੀ ਸਾਰੰਗੀ ਦੀ ਭੇਟਾ ਸੀ।

ਸਾਰੰਗੀ ਹੁਣ ਚੁੱਪ ਸੀ। ਢੱਡਾਂ ਗਵੰਤਰੀ ਮੁੰਡਿਆਂ ਦੀਆਂ ਬਾਹਾਂ ਨਾਲ ਲਟਕ ਰਹੀਆਂ ਸਨ। ਉਹ ਹਰ ਇੱਕ ਦਾ ਧੰਨਵਾਦ ਕਰਦੇ। ਲਾਲਟੈਣਾਂ ਦੇ ਚਾਨਣ ਵਿੱਚ ਨੰਦ ਕਰ ਵੀ ਸੋਟੀ ਫੜ ਕੇ ਗਵੰਤਰੀਆਂ ਸਾਹਮਣੇ ਜਾ ਖੜ੍ਹੀ। ਸਿਰ ਵਾਲੀ ਚਾਦਰ ਦੀ ਝੋਲੀ ਵਿੱਚ ਉਹਨੇ ਪਤਾ ਨਹੀਂ ਕੀ ਛੁਪਾ ਕੇ ਰੱਖਿਆ ਸੀ। ਆਲੇ-ਦੁਆਲੇ ਬੈਠੇ ਲੋਕ ਹੈਰਾਨ ਸਨ, 'ਬੁੜ੍ਹੀ ਦਾ ਖਾੜੇ ਚ ਕੀ ਕੰਮ ਬਈ?'

ਉਹ ਪਿਆਰੂ ਦੇ ਮੂੰਹ ਵੱਲ ਝਾਕ ਰਹੀ ਸੀ। ਅਖਾੜੇ ਵਿੱਚ ਮੁਕੰਮਲ ਖ਼ਾਮੋਸ਼ੀ ਛਾ ਗਈ। ਉਹਨੇ ਚਾਦਰ ਦੀ ਝੋਲੀ ਵਿਚੋਂ ਅੱਗ ਵਾਂਗ ਦਗਦਾ ਕੰਠਾ ਕੱਢਿਆ ਤੇ ਪਿਆਰੂ ਦੇ ਗਲ ਵਿੱਚ ਪਾ ਦਿੱਤਾ। ਕਹਿੰਦੀ-ਲੈ ਪੁੱਤ ਵੇ, ਮੈਂ ਤੈਨੂੰ ਆਵਦੀ ਨ੍ਹਾਮੋ ਦਿੱਤੀ'

ਭਲੇ ਵੇਲਿਆਂ ਦੀ ਗੱਲ

191