ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/198

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਨਾਲ ਵੱਢ ਕੇ ਉਨ੍ਹਾਂ ਦੇ ਦੋ-ਦੋ ਗਿੱਠ ਲੰਬੇ ਟੋਟੇ ਬਣਾਉਂਦਾ। ਕੁਹਾੜੀ ਦੇ ਪੀਨ ਦੀਆਂ ਸੱਟਾਂ ਮਾਰ-ਮਾਰ ਉਨਾਂ ਦੇ ਕੰਡਿਆਂ ਨੂੰ ਝਾੜ ਦਿੰਦਾ। ਨਿੱਕੀਆਂ-ਨਿੱਕੀਆਂ ਥੱਬੀਆਂ ਬਣਾ ਕੇ ਉਨ੍ਹਾਂ ਨੂੰ ਦੋ-ਦੋ ਥਾਵਾਂ ਤੋਂ ਸੀੜ ਦੀਆਂ ਰੱਸੀਆਂ ਨਾਲ ਬੰਨ੍ਹ ਲੈਂਦਾ। ਚੰਗੀ ਤਰ੍ਹਾਂ ਬੰਨ੍ਹਦਾ, ਜਿਵੇਂ ਖਿੱਦੋ ਮੜ੍ਹੀ ਹੋਵੇ। ਇਸ ਤਰ੍ਹਾਂ ਮੋੜੀਆਂ ਦੀਆਂ ਥੱਬੀਆਂ ਉਸ ਘੋੜੀ ਦੀ ਖੁਰਜੀ ਵਿੱਚ ਪਾਉਂਦਾ ਰਹਿੰਦਾ। ਪੰਜ ਕੁ ਥੱਬੀਆਂ ਉਸ ਪਾਸੇ, ਪੰਜ ਕੁ ਉਸ ਪਾਸੇ ਘੋੜੀ ਦਾ ਕੰਡਿਆਲ ਫੜ ਕੇ ਫਿਰ ਉਹ ਪਿੰਡ ਆ ਜਾਂਦਾ। ਜਾਂਦਾ ਹੋਇਆ ਘੋੜੀ ਦੇ ਉੱਤੇ ਬਹਿੰਦਾ, ਆਉਂਦਾ ਹੋਇਆ ਘੋੜੀ ਦੇ ਇੱਕ ਥੱਬੀ। ਫਿਰ ਥੋੜੀਆਂ ਜਿਹੀਆਂ ਕੀਮਤਾਂ ਚੜ੍ਹੀਆਂ ਸਨ ਤਾਂ ਉਸ ਨੇ ਪੰਦਰਾਂ ਪੈਸੇ ਥੱਬੀ ਕਰ ਦਿੱਤੀ ਸੀ ਤੇ ਫਿਰ ਵੀਹ ਪੈਸੇ। ਉਸ ਤੋਂ ਬਾਅਦ ਤੀਹ ਪੈਸੇ ਵੀ। ਹੁਣ ਤਾਂ ਉਹ ਪੰਜਾਹ ਪੈਸੇ ਵੀ ਥੱਬੀ ਵੇਚ ਕੇ ਆਉਂਦਾ ਸੀ। ਬਿਰਜੂ ਦੀਆਂ ਪੁਰਾਣੀ ਵਾੜ ਦੀਆਂ ਕੁੱਟੀਆਂ-ਝੰਬੀਆਂ ਮੋੜੀਆਂ ਲਟਲਟ ਬਲਦੀਆਂ ਸਨ। ਮਿੱਟੀ ਦਾ ਤੇਲ ਪਾਉਣ ਦੀ ਲੋੜ ਨਹੀਂ, ਸੀਖ਼ ਘਸਾ ਕੇ ਲਾਓ, ਫੱਟ ਲਾਟ ਨਿਕਲਦੀ ਸੀ।

ਸ਼ਹਿਰ ਉਸ ਦੇ ਪਿੰਡ ਤੋਂ ਦੋ-ਢਾਈ ਮੀਲ ਹੀ ਸੀ। ਇਹ ਕੰਮ ਉਹ ਪਿਛਲੇ ਚੌਂਦਾ ਪੰਦਰਾਂ ਸਾਲਾਂ ਤੋਂ ਕਰ ਰਿਹਾ ਸੀ। ਪਹਿਲੀ ਘੋੜੀ ਜਦ ਉਸ ਦੀ ਮਰ ਗਈ ਸੀ ਤਾਂ ਉਸ ਨੇ ਬਿਲਕੁੱਲ ਉਹੋ ਜਿਹੀ ਹੀ ਇੱਕ ਹੋਰ ਘੋੜੀ ਇੱਕ ਤੁਰਦੇ-ਫਿਰਦੇ ਮਿਰਾਸੀ ਤੋਂ ਡੇਢ ਸੌ ਰੁਪਏ ਦੀ ਖਰੀਦ ਲਈ ਸੀ।

ਇੱਕ-ਇੱਕ, ਦੋ-ਦੋ, ਪੰਜਾਂ-ਪੰਜਾਂ ਤੇ ਦਸਾਂ-ਸਾਂ ਦੇ ਨੋਟ ਉਹ ਇੱਕ ਲੱਕੜ ਦੀ ਸੰਦੂਕੜੀ ਵਿੱਚ ਸੁੱਟਦਾ ਰਹਿੰਦਾ। ਸੰਦੂਕੜੀ ਦੀ ਲੱਕੜ ਦੋ ਇੰਚ ਮੋਟੀ ਸੀ। ਕਿਤੇ ਵੀ ਉਸ ਦੇ ਕੋਈ ਮੋਰੀ ਜਾਂ ਤੇੜ ਨਹੀਂ ਸੀ। ਜਿਸ ਕਰਕੇ ਚੂਹੇ ਚਿੜੇ ਦਾ ਕੋਈ ਡਰ ਨਹੀਂ ਸੀ। ਸੰਦੂਕੜੀ ਨੂੰ ਉਹ ਵਧੀਆਂ ਜਿਹੀ ਜਿੰਦੀ ਲਾ ਕੇ ਰੱਖਦਾ। ਜਿਹੜੀ ਉਸੇ ਕੁੰਜੀ ਨਾਲ ਖੁੱਲ੍ਹਦੀ। ਕਿਸੇ ਤੋੜ ਸੂਏ ਨਾਲ ਨਹੀਂ ਸੀ ਖੁੱਲ੍ਹ ਸਕਦੀ। ਤੀਜੇ ਦਿਨ ਉਹ ਸ਼ਹਿਰ ਜਾਂਦਾ, ਤੀਜੇ ਦਿਨ ਉਹ ਸੰਦੂਕੜੀ ਨੂੰ ਖੋਲ੍ਹਦਾ। ਜਿੰਦਾ ਲਾ ਕੇ ਉਸ 'ਤੇ ਖੰਡ ਵਾਲੀ ਪੀਪੀ ਰੱਖ ਦਿੰਦਾ ਤੇ ਫਿਰ ਪੀਪੀ 'ਤੇ ਚਾਹ ਵਾਲਾ ਡੱਬਾ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਸੰਦੂਕੜੀ ਵਿੱਚ ਕੀ ਹੈ, ਕਿਸੇ ਨੂੰ ਕੀ ਪਤਾ ਹੁੰਦਾ? ਕੋਈ ਉਸ ਦੀ ਦੁਕਾਨ ਵਿੱਚ ਆਉਂਦਾ ਹੀ ਨਹੀਂ ਸੀ। ਕੀ ਲੈਣ ਆਉਣਾ ਸੀ ਕਿਸੇ ਨੇ? ਬਿਰਜੂ ਪਰ ਉਸ ਸੰਦੂਕੜੀ ਦਾ ਵਿਸਾਹ ਨਹੀਂ ਸੀ ਕਰਦਾ, ਹਮੇਸ਼ਾ ਹੀ ਉਸ ਦੇ ਕੋਲ ਰਹਿੰਦਾ। ਹਾੜਾਂ ਵਿੱਚ ਜਦ ਉਹ ਦੁਕਾਨ ਤੋਂ ਬਾਹਰ ਰਾਤ ਨੂੰ ਪੈਂਦਾ ਤਾਂ ਦੁਕਾਨ ਨੂੰ ਦੇਹਲੀ ਜਿੰਦਾ ਲਾ ਦਿੰਦਾ। ਦੇਹਲੀ ਜਿੰਦੇ ਦੀ ਕੁੰਜੀ ਧੋਤੀ ਦੇ ਲੜ ਬੰਨ੍ਹ ਕੇ ਡੱਬ ਵਿੱਚ ਦੇ ਲੈਂਦਾ। ਸ਼ਹਿਰ ਜਾਣ ਵੇਲੇ ਤੇ ਖੇਤਾਂ ਵਿੱਚ ਜਾਣ ਵੇਲੇ ਵੀ ਉਹ ਦੇਹਲੀ ਜਿੰਦਾ ਹੀ ਲਾਉਂਦਾ।

ਇੱਕ ਵੇਲੇ ਉਹ ਮੂੰਗੀ ਦੀ ਦਾਲ ਰਿੰਨ੍ਹਦਾ। ਦੂਜੇ ਵੇਲੇ ਓਸੇ ਨਾਲ ਰੋਟੀ ਖਾ ਲੈਂਦਾ। ਬੇਹੀ-ਤਬੇਹੀ ਚੀਜ਼ ਨੂੰ ਉਹ ਗੌਲਦਾ ਨਹੀਂ ਸੀ। ਦੇਸੀ ਘਿਓ ਕਦੇ ਸੁੰਘ ਕੇ ਵੀ ਨਹੀਂ ਸੀ ਦੇਖਿਆ। ਦਸੌਰੀ ਘਿਓ ਨਾਲ ਉਹ ਸਿਰਫ਼ ਰੋਟੀਆਂ ਚੋਪੜਦਾ। ਦਾਲ ਨੂੰ ਤੜਕਾ ਕਦੇ ਨਹੀਂ ਸੀ ਲਾਇਆ। ਨਾ ਗਠਾ, ਨਾ ਲਸਣ, ਮਿਰਚ, ਲੂਣ, ਵਸਾਰ ਤੇ ਧਣੀਆ, ਜ਼ੀਰਾ ਵਰਤ ਲੈਂਦਾ ਸੀ, ਪਰ ਨਾ ਮਾਤਰ ਹੀ।

198

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ