ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਨ੍ਹਾਉਂਦਾ ਤਾਂ ਉਹ ਵਰ੍ਹੇ-ਛਮਾਹੀ ਸੀ। ਇਸ ਕਰਕੇ ਸਾਬਣ-ਤੇਲ ਦਾ ਸਵਾਲ ਹੀ ਨਹੀਂ ਸੀ। ਕੁੜਤਾ ਇੱਕ ਵਾਰੀ ਜੋ ਪਾ ਲੈਂਦਾ, ਜਿੰਨਾ ਚਿਰ ਉਹ ਪਾਟ ਜਾਂਦਾ, ਉਸ ਨੂੰ ਗਲੋਂ ਨਹੀਂ ਸੀ ਲਾਹੁੰਦਾ। ਇਹੀ ਹਾਲ ਧੋਤੀ ਸਾਫ਼ੇ ਦਾ ਸੀ। ਉਸ ਦੇ ਕੱਪੜਿਆਂ ਵਿਚੋਂ ਹਮੇਸ਼ਾਂ ਹੀ ਬੁੱਢੇ ਬੋਕ ਵਰਗਾ ਮੁਸ਼ਕ ਮਾਰਦਾ।

ਘਰ ਆ ਕੇ ਘੋੜੀ ਨੂੰ ਕੱਖ ਉਸ ਨੇ ਕਦੇ ਨਹੀਂ ਸੀ ਪਾਏ। ਮੋੜੀਆਂ ਲੈਣ ਖੇਤਾਂ ਵਿੱਚ ਜਾਂਦਾ ਤਾਂ ਘੋੜੀ ਨੂੰ ਓਥੋਂ ਹੀ ਖਾਲਾਂ 'ਤੇ ਜਾਂ ਵੱਢਾਂ ਵਿੱਚ ਚਾਰ ਲਿਆਉਂਦਾ। ਸ਼ਹਿਰ ਜਾਂਦਾ ਤਾਂ ਵੀ ਰਾਹ ਵਿੱਚ ਕਿਤੋਂ ਨਾ ਕਿਤੋਂ ਘੋੜੀ ਦਾ ਘਰ ਪੂਰਾ ਕਰ ਲੈਂਦਾ ਸੀ। ਪਾਣੀ ਵੀ ਉਹ ਤਾਂ ਉਸ ਨੂੰ ਡੇਰੇ ਵਾਲੀ ਹਲਟੀ ਦੇ ਖੇਲ ਤੋਂ ਪਿਆ ਲੈਂਦਾ ਸੀ।

ਨਾ ਉਸ ਨੂੰ ਖਾਣ-ਪੀਣ ਦਾ ਕੋਈ ਲਾਲਚ ਸੀ ਤੇ ਨਾ ਪਹਿਨਣ ਦਾ। ਘੋੜੀ ਦਾ ਵੀ ਕੋਈ ਤਰਸ ਨਹੀਂ ਸੀ। ਲੱਕੜ ਦੀ ਸੰਦੂਕੜੀ ਜਦ ਉਹ ਖੋਲ੍ਹਦਾ ਤੇ ਉਸ ਵਿਚਲੇ ਨੋਟਾਂ ਨੂੰ ਥੱਲੇ ਦੱਬਦਾ ਤੇ ਨੋਟ ਜਦ ਉਸ ਨੂੰ ਅੱਗੇ ਨਾਲੋਂ ਕੁਝ ਬਹੁਤੇ ਲੱਗਦੇ ਤਾਂ ਉਸ ਦਾ ਹੌਸਲਾ ਵਧ ਜਾਂਦਾ। ਇਸ ਹੌਸਲੇ ਸਹਾਰੇ ਹੀ ਉਹ ਜਿਉਂ ਰਿਹਾ ਸੀ। ਇਹ ਹੌਸਲਾ ਉਸ ਨੇ ਕਿਸ ਅਰਥ ਲਾਉਣਾ ਸੀ, ਇਹ ਓਹੀ ਜਾਣਦਾ ਸੀ।

ਗਰਮੀਆਂ ਦੇ ਦਿਨ ਸਨ।

ਅੱਜ ਉਹ ਸਦੇਹਾਂ ਨਹੀਂ ਸੀ ਉੱਠਿਆ। ਵਿਹੜੇ ਵਿੱਚ ਓਵੇਂ ਜਿਵੇਂ ਪਿਆ ਸੀ। ਢਿਲਕੀ ਜਿਹੀ ਮੰਜੀ ਵਿੱਚ ਮੈਲੀ ਮੈਲੀ ਦਰੀ 'ਤੇ ਮੈਲਾ-ਮੈਲਾ ਖੇਸ ਤਾਣੀ। ਖੇਸ ਤੇ ਦਰੀ 'ਤੇ ਮੱਖੀਆਂ ਭਿਣਕ ਰਹੀਆਂ ਸਨ। ਇਸ ਵੇਲੇ ਨੂੰ ਤਾਂ ਉਹ ਕਦੋਂ ਦਾ ਉੱਠ ਖੜ੍ਹਦਾ ਸੀ, ਸੂਰਜ ਨਿਕਲ ਆਇਆ ਸੀ। ਲੋਕ ਕਦੋਂ ਦੇ ਖੇਤਾਂ ਨੂੰ ਜਾ ਕੇ ਚੁੱਕੇ ਸਨ। ਤੀਵੀਆਂ ਉਸ ਦੇ ਬਾਰ ਮੂਹਰ ਦੀ ਲੰਘ ਰਹੀਆਂ ਸਨ। ਉਸ ਦੇ ਵਿਹੜੇ ਵੱਲ ਗੁਟਰ-ਗੁਟਰ ਝਾਕਦੀਆਂ। ਉਹ ਅਜੇ ਵੀ ਪਿਆ ਸੀ, ਲੰਮੀਆਂ ਤਾਣੀ। ਘੋੜੀਦੋ-ਤਿੰਨ ਵਾਰ ਹਿਣਕੀ। ਬਿਰਜੂ ਤਾਂ ਊਰਮ੍ਹਾ ਹੀ ਨਹੀਂ ਸੀ ਕਰ ਰਿਹਾ, ਉੱਠਣ ਦਾ। ਦੁਕਾਨ ਦਾ ਬਾਰ ਅੱਧ ਖੁੱਲ੍ਹਾ ਰਿਹਾ ਸੀ। ਜਿਵੇਂ ਉਂਝ ਹੀ ਭੇੜਿਆ ਹੋਇਆ ਹੋਵੇ।

ਕਦੇ-ਕਦੇ ਉਹਦੇ ਕੋਲ ਹਮੀਦੂ ਅਰਾਈਂ ਆਉਂਦਾ ਹੁੰਦਾ। ਹਮੀਦੂ ਉਸ ਦਾ ਬਚਪਨ ਦਾ ਸਾਥੀ ਸੀ। ਫ਼ਸਾਦਾਂ ਵੇਲੇ ਹਮੀਦੂ ਦਾ ਪੁੱਤ ਮਾਰ ਦਿੱਤਾ ਗਿਆ ਸੀ, ਉਸ ਦੀ ਨੂੰਹ ਨੂੰ ਲੈ ਗਏ ਸਨ। ਉਸ ਦੇ ਦੋ ਪੋਤੇ ਤੇ ਉਹ ਆਪ ਭੱਜ ਕੇ ਜਾਨ ਬਚਾ ਗਏ ਸਨ ਤੇ ਪਾਕਿਸਤਾਨ ਜਾ ਪਹੁੰਚੇ ਸਨ। ਉੱਥੇ ਉਨ੍ਹਾਂ ਦਾ ਦਿਲ ਨਹੀਂ ਸੀ ਲੱਗਿਆ। ਜਦੋਂ ਕੁਝ ਟਿਕ ਟਿਕਾਅ ਹੋਇਆ ਸੀ, ਉਹ ਪਾਕਿਸਤਾਨ 'ਚੋਂ ਆ ਗਏ ਸਨ। ਬਾਅਦ ਵਿੱਚ ਪੋਤੇ ਵਿਆਹੇ ਗਏ ਸਨ। ਹੁਣ ਉਹ ਜੱਟਾਂ ਦੇ ਸੀਰੀ ਰਲਦੇ ਸਨ। ਪੋਤਿਆਂ ਦੇ ਅਗਾਂਹ ਪੁੱਤ ਸਨ, ਧੀਆਂ ਸਨ। ਹਮੀਦੂ ਦੇ ਮਨ ਨੂੰ ਜਿਵੇਂ ਕੁਝ-ਕੁਝ ਅਰਾਮ ਹੋਵੇ। ਆਪਣੇ ਹਾਣੀ ਬੁੜ੍ਹਿਆਂ ਨਾਲ ਉਹ ਉਨ੍ਹਾਂ ਦੇ ਘਰੀਂ ਜਾ ਕੇ ਪੁਰਾਣੀਆਂ ਗੱਲਾਂ ਕਰਦਾ ਰਹਿੰਦਾ। ਇਸ ਤਰ੍ਹਾਂ ਨਾਲ ਹੀ ਉਸ ਦਾ ਦਿਨ ਲੰਘ ਜਾਂਦਾ। ਇਸ ਤਰ੍ਹਾਂ ਹੀ ਕਦੇ-ਕਦੇ ਉਹ ਬਿਰਜੂ ਕੋਲ ਆ ਜਾਂਦਾ।

ਬਿਰਜੂ ਦੀ ਮੰਜੀ ਕੋਲ ਖੜ੍ਹ ਕੇ ਹਮੀਦੂ ਨੇ ਖੰਘੂਰ ਮਾਰੀ। ਬਿਰਜੂ ਤਾਂ ਕੁਸ਼ਤਿਆਂ ਵੀ ਨਾ। ਖੇਸ ਦੀ ਕੰਨੀ ਖਿੱਚੀ। ਫੇਰ ਵੀ ਨਾ ਬੋਲਿਆ। ਮੋਢਾ ਝੰਜੋੜਿਆ। ਬਿਰਜੂ ਨੇ

ਸੰਦੂਕੜੀ

199