ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਚੋਰੀ ਤੋਂ ਦੂਜੇ ਜਾਂ ਸ਼ਾਇਦ ਤੀਜੇ ਦਿਨ ਹੀ ਉਸ ਨੇ ਆਪਣੀ ਘੋੜੀ ਫੱਤੂ ਘੁਮਿਆਰ ਨੂੰ ਨੱਬੇ ਰੁਪਿਆਂ ਦੀ ਵੇਚ ਦਿੱਤੀ। ਆਪ ਉਹ ਆਪਣੀ ਭਾਣਜੀ ਦੇ ਘਰ ਚਲਿਆ ਗਿਆ, ਉੱਥੇ ਹੀ ਰਹਿਣ ਲੱਗਿਆ। ਕੰਮ ਨਾ ਉਸ ਤੋਂ ਹੁਣ ਕੋਈ ਹੁੰਦਾ ਸੀ ਤੇ ਨਾ ਹੀ ਕਰਨਾ ਚਾਹੁੰਦਾ ਸੀ। ਭਾਣਜ-ਜਵਾਈ ਪਿੰਡ ਵਿੱਚ ਹੀ ਬਜਾਜੀ ਦੀ ਦੁਕਾਨ ਕਰਦਾ ਸੀ, ਬਿਰਜੂ ਦੁਕਾਨ 'ਤੇ ਹੀ ਸਾਰਾ ਦਿਨ ਬੈਠਾ ਰਹਿੰਦਾ। ਹੁੱਕਾ ਪੀਂਦਾ ਰਹਿੰਦਾ। ਸਾਲ ਕੁ ਭਰ ਕੱਟਿਆ ਤੇ ਫਿਰ ਉੱਥੇ ਹੀ ਮਰ ਗਿਆ। ਮੋਮੀ ਕਾਗਜ਼ ਵਿੱਚ ਵਲ੍ਹੇਟੇ ਹੋਏ ਨੱਥੇ ਰੁਪਏ ਉਸ ਦੇ ਕੁੜਤੇ ਦੀ ਅੰਦਰਲੀ ਜੇਬ ਵਿਚੋਂ ਨਿਕਲੇ। ਕੁੜਤਾ ਜਿਹੜਾ ਮੁੜਕੇ ਤੇ ਮੈਲ ਨਾਲ ਚੰਮ ਬਣ ਕੇ ਉਸ ਦੇ ਪਿੰਡੇ ਨਾਲ ਚਿਪਕਿਆ ਹੋਇਆ ਸੀ।

202

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ