ਪਤਨੀ ਦੀਆਂ ਅੱਖਾਂ ਵਿਚਲੀ ਨਿਰਾਸ਼ਾ ਦੁਰ ਹੋਣ ਲੱਗਦੀ ਹੈ, 'ਚੰਗਾ, ਚੌਦਾਂ ਇਹ ਦੇ ਵਿਚੋਂ ਅੱਡ ਰੱਖ ਲਓ ਤੁਸੀਂ। ਬਾਕੀ ਦੇ ਪੈਸੇ ਮੈਂ ਪਾਉਣੀ ਆਂ। ਉੱਠੋ, ਤਿਆਰ ਹੋ ਜਾਓ। ਢਾਈ, ਹੋਣ ਵਾਲੇ ਨੇ।'
'ਤੇਰੇ ਕੋਲ ਕਿੱਥੋਂ ਆ ਗਏ ਪੈਸੇ?'
'ਲਓ ਜੀ, ਮੈਂ ਕੋਈ ਨੰਗ ਆਂ ਤੁਹਾਡੇ ਵਰਗੀ? ਮੇਰੇ ਕੋਲ ਹੈਗੇ ਪੈਸੇ।'
'ਕਿੱਥੋਂ ਲਏ ਨੇ?'
'ਕਿਤੋਂ ਵੀ ਲਏ ਹੋਣ।'
'ਨਾ ਦੱਸ ਵੀ, ਕਿੰਨੇ ਨੇ ਤੇਰੇ ਕੋਲ?'
'ਕਿੰਨੇ ਵੀ ਹੋਣ, ਬਾਕੀ ਦੇ ਮੈਂ ਪਾ ਦਿਊਂਗੀ।'
'ਅਖ਼ਬਾਰਾਂ-ਰਸਾਲਿਆਂ ਦੀ ਰੱਦੀ ਵੇਚੀ, ਬੂਰਾ-ਸੂੜ੍ਹਾ ਤੇ ਰੋਟੀਆਂ।'
'ਰੋਟੀਆਂ?'
'ਹਾਂ, ਜਿਹੜੀਆਂ ਰੋਟੀਆਂ ਬਚ ਰਹਿੰਦੀਆਂ ਨੇ, ਉਹ ਮੈਂ ਸੁਕਾ ਲੈਨੀ ਆਂ ਤੇ ਫੇਰ ਮਹੀਨੇ ਪਿੱਛੋਂ ਵੇਚ ਦਿੰਨੀ ਆਂ।'
'ਵੱਧ ਰੋਟੀਆਂ ਨਾ ਪਕਾਇਆ ਕਰ।'
'ਕਿਉਂ, ਸਰਦਾ ਵੀ ਐ। ਵੱਧ ਨਾ ਪਕਾਵਾਂ ਤਾਂ ਬਾਕੀ ਇੱਕ ਵੀ ਨ੍ਹੀਂ ਬਚਦੀ ਤੇ ਫੇਰ ਜਵਾਕ ਪਿੱਟਣਾ ਪਾ ਕੇ ਬਹਿ ਜਾਂਦੇ ਨੇ। ਕੀ ਦੇਵਾਂ ਉਨ੍ਹਾਂ ਨੂੰ ਖਾਣ ਨੂੰ?'
'ਪਿਕਚਰ ਰਹਿਣ ਦੇ।'
'ਕਿਉਂ?'
'ਤੇਰੇ ਕੋਲ ਜਿਹੜੇ ਪੈਸੇ ਨੇ ਉਹ ਤੂੰ ਸੰਭਾਲ ਕੇ ਰੱਖ। ਸਬਜ਼ੀ ਦੇ ਕੰਮ ਆਉਣਗੇ।'
'ਸਬਜ਼ੀ ਮੈਂ ਕਿਉਂ ਲਿਆਵਾਂ, ਤੁਸੀਂ ਲਿਆ ਕੇ ਦਿਓ। ਇਨ੍ਹਾਂ ਵਿਚੋਂ ਤਾਂ ਮੈਂ ਇੱਕ ਦਸੀ ਵੀ ਨੀਂ ਖ਼ਰਚ ਕਰਨੀ ਘਰ 'ਚ।
'ਘਰ ਕੀਹਦਾ ਐ?'
'ਹੋਊਗਾ ਤੁਹਾਡਾ। ਮੈਂ ਕੀ ਘਰ ਦੇ ਵਿੱਚ ਮੱਚਣੈ। ਉਹ ਅੱਖਾਂ ਭਰ ਲੈਂਦੀ ਹੈ ਤੇ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਜਾਂਦੀ ਹੈ।
ਪਤੀ ਦਾ ਚੈਨ ਉਖੜ ਗਿਆ ਹੈ। ਉਹ ਉੱਚੀ-ਉੱਚੀ ਹਾਕਾਂ ਮਾਰ ਕੇ ਪਤਨੀ ਨੂੰ ਬੁਲਾ ਰਿਹਾ ਹੈ। ਉਹ ਨਹੀਂ ਬੋਲ ਰਹੀ। ਇੱਕ ਚੀਖ਼ ਵਰਗੀ ਕੁਰੱਖ਼ਤ ਅਵਾਜ਼ ਵਿੱਚ ਉਹ ਪਤਨੀ ਦਾ ਨਾਉਂ ਲੈਂਦਾ ਹੈ।
'ਓਏ ਕੀਹ ਐ। ਨਹੀਂ ਬੋਲਦੀ ਮੈਂ। ਸੌਂ ਜਾਓ ਬੱਸ।' ਉਹ ਕੜਕੀ ਹੈ।
ਪਤੀ ਸ਼ਾਂਤ ਹੋ ਗਿਆ ਹੈ ਤੇ ਫੇਰ ਸੌਣ ਦੀ ਕੋਸ਼ਿਸ਼ ਕਰਨ ਲੱਗਿਆ ਹੈ।
ਐਤਵਾਰ ਹੈ। ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਹੈ। ਤੇ ਇੱਕ ਮਹਿਮਾਨ ਆ ਗਿਆ ਹੈ। ਪਤਨੀ ਚਾਹ ਬਣਾਉਣ ਲੱਗਦੀ ਹੈ।
ਪਤੀ ਉੱਠ ਕੇ ਬੈਠ ਗਿਆ ਹੈ ਤੇ ਮਹਿਮਾਨ ਨਾਲ ਗੱਲਾਂ ਕਰਨ ਲੱਗਦਾ ਹੈ।
ਚਾਹ ਪੀ ਕੇ ਮਹਿਮਾਨ ਚਲਿਆ ਜਾਂਦਾ ਹੈ।
ਪਤਨੀ ਦਾ ਚਿਹਰਾ ਹੁਣ ਨਾਰਮਲ ਹੈ। ਪਤੀ ਪੁੱਛਦਾ ਹੈ, 'ਤੂੰ ਗੁੱਸੇ ਕਿਉਂ ਹੋ ਗਈ ਸੀ?