ਸੁੱਕ ਮਾਂਜ ਕੀਤਾ ਗਿਲਾਸ ਬੱਗੂ ਨੇ ਪਰ੍ਹਾਂ ਰੱਖਿਆ ਤੇ ਨਰੈਣੇ ਤੋਂ ਤੱਤੇ ਪਾਣੀ ਦੀ ਚੂਲੀ ਲੈ ਕੇ ਸੁਆਹ ਨਾਲ ਲਿੱਬੜੇ ਹੱਥ ਧੋ ਲਏ।‘ਹਰੇ ਰਾਮ-ਹਰੇ ਰਾਮ’ ਕਰਦਾ ਹੱਥ ਸੇਕਣ ਲੱਗਿਆ। ਨਰੈਣੇ ਨੇ ਗੁੱਲਾਂ ਦਾ ਰੁੱਗ ਹੋਰ ਸੁੱਟ ਦਿੱਤਾ। ਫੇਰ ਬੱਗੂ ਨੇ ਪੈਰ ਸੇਕੇ। ਫੇਰ ਅੱਗ ਦੀ ਲਾਟ ’ਤੇ ਹੱਥ ਸੇਕ ਉਹ ਆਪਣੇ ਚਿਹਰੇ 'ਤੇ ਫੇਰਨ ਲੱਗਿਆ ਤੇ ਫੇਰ ਨਰੈਣੇ ਵੱਲ ਗੁੱਝੀਆਂ ਅੱਖਾਂ ਨਾਲ ਝਾਕਿਆ। ਪੁੱਛਿਆ-"ਫੇਰ ਦੇਵਤਿਆ?"
"ਫਰਮਾਅ" ਨਰੈਣਾ ਜਿਵੇਂ ਪਹਿਲਾਂ ਹੀ ਜਾਣਦਾ ਹੋਵੇ।
"ਐਤਕੀਂ ਫੇਰ।"
"ਬੱਗਾ ਸਿਆਂ, ਸਾਰੇ ਤਾਂ ਮੈਂ ਦੇ ਨ੍ਹੀਂ ਸਕਦਾ। ਨਰੈਣੇ ਨੇ ਕੋਰਾ ਜਵਾਬ ਦਿੱਤਾ।
"ਤਿੰਨ ਸਾਲ ਤੋਂ ਉੱਨੇ ਤਾਂ ਕਾਨੂੰਨ ਵੀ ਨ੍ਹੀਂ ਕਹਿੰਦਾ। ਫੇਰ ਸੌ ਉਲਝਾਅ ਪੈਂਦੇ। ਸਾਰਾ ਮੋੜ।" ਬੱਗੂ ਵੀ ਕਿੱਲ ਵਾਂਗ ਠੁਕ ਗਿਆ।
"ਸਾਰਿਆਂ ਦੀ ਤਾਂ ਬੇਵਾਹ ਐ।"
"ਫੇਰ ਹੋਰ ਕਰ।"
"ਹੋਰ ਕਿੱਕੂੰ?" ਨਰੈਣੇ ਦੀਆਂ ਅੱਖਾਂ ਵਿੱਚ ਅਣਮੱਚੇ ਗੁੱਲਾਂ ਦਾ ਧੂੰਆਂ ਪੈਣ ਲੱਗਿਆ। ਉਹ ਫੂਕਣੀ ਚੁੱਕ ਕੇ ਫੂਕਾਂ ਮਾਰਨ ਲੱਗਿਆ। ਅੱਗ ਮੂੰਹ ਤਾਂ ਖੋਲ੍ਹਦੀ, ਪਰ ਲਾਟ ਨਾ ਨਿਕਲਦੀ।
"ਦੋ ਕਿੱਲੇ ਗਹਿਣੇ ਕਰਦੇ ਫੇਰ।" ਬੱਗੂ ਬਹੁਤ ਅਧੀਨ ਜਿਹਾ ਬਣ ਕੇ ਆਖ ਗਿਆ।
ਨਰੈਣੇ ਹੱਥੋਂ ਫੂਕਣੀ ਭੁੰਜੇ ਡਿੱਗ ਪਈ। ਬੋਲਿਆ ਨਹੀਂ ਗਿਆ।
ਬੱਗੂ ਹੀ ਫੇਰ ਬੋਲਿਆ- "ਹੋਰ ਫੇਰ, ਦੂਜਾ ਅਲਾਜ ਤਾਂ ਇਹੀ ਐ।"
ਹੁਣ ਨਰੈਣਾ ਨਾ ਤਾਂ ਚੁੱਲ੍ਹੇ ਵਿੱਚ ਗੁੱਲ ਸੁੱਟ ਰਿਹਾ ਸੀ ਤੇ ਨਾ ਹੀ ਸ਼ਾਇਦ ਉਨ੍ਹਾਂ ਦੋਵਾਂ ਨੂੰ ਠੰਡ ਲੱਗਦੀ ਸੀ। ਨਰੈਣੇ ਦੇ ਤਾਂ ਅੰਦਰੋਂ ਹੀ ਜਿਵੇਂ ਕੋਈ ਸੇਕ ਉੱਠ ਖੜੋਤਾ ਹੋਵੇ। ਉਹ ਦੇ ਮੱਥੇ 'ਤੇ ਸਿੱਲ੍ਹ ਆ ਗਈ।
"ਵਿਚਾਰ ਕਰ ਲੀਂ। ਚੌਥੇ ਪੰਜਵੇਂ ਮੈਂ ਫੇਰ ਆਉਂ।" ਉੱਠਣ ਲੱਗਿਆ ਬੱਗੂ ਬੋਲਿਆ।
ਨਰੈਣਾ ਭੁੱਬਲ ’ਤੇ ਡੱਕੇ ਨਾਲ ਲਕੀਰਾਂ ਕੱਢ ਰਿਹਾ ਸੀ। ਲਕੀਰਾਂ ਦੇ ਚਾਰਖ਼ਾਨੇ ਬਣਾਉਂਦਾ, ਫੇਰ ਢਾਹ ਦਿੰਦਾ। ਸੁਆਹ ਪੱਧਰ ਕਰ ਕੇ ਫੇਰ ਲਕੀਰਾਂ ਕੱਢਣ ਲੱਗਦਾ। ਚੁੱਲਾ ਠੰਡਾ ਹੋਇਆ ਪਿਆ ਸੀ।
ਨਰੈਣੇ ਦੀ ਘਰਵਾਲੀ ਦੁੱਧ ਰਿੜਕ ਕੇ ਝਲਾਨੀ ਵਿੱਚ ਆਈ ਤੇ ਉਹ ਨੂੰ ਇਉਂ ਬੈਠਾ ਦੇਖ ਕੇ ਫਿਕਰ ਕਰਨ ਲੱਗੀ। ਪੁੱਛਿਆ-"ਕੀ ਬੋਲਦਾ ਸੀ ਬੱਗੂ?" "ਕੜੱਕੀ" ਉਹ ਨੇ ਇੱਕੋ ਸ਼ਬਦ ਵਿੱਚ ਸਾਰੀ ਗੱਲ ਮੁਕਾਉਣੀ ਚਾਹੀ।
"ਫੇਰ ਵੀ?" ਔਰਤ ਨੇ ਖੋਲ੍ਹ ਕੇ ਦੱਸਣ ਲਈ ਕਿਹਾ।
"ਜਾਂ ਤਾਂ, ਕਹਿੰਦਾ, ਸਾਰਾ ਮੋੜ ਐਤਕੀਂ ਹਾੜ੍ਹੀ ਨੂੰ ਜਾਂ ਫੇਰ ਦੋ ਕਿੱਲੇ ਜ਼ਮੀਨ ਦੇਹ। ਪੈਸਿਆਂ ਦਾ ਅੱਧ ਪਚੱਧ ਜਮ੍ਹਾਂ ਈ ਨੀ ਲੈਣਾ।"
"ਹਾਏ ਵੇ, ਤੇਰਾ ਤੁਖ਼ਮ ਨਾ ਰਹੇ।" ਔਰਤ ਨੇ ਪੱਟਾਂ 'ਤੇ ਹੱਥ ਮਾਰਿਆ।
"ਦੋ ਕਿੱਲੇ ਦੇ ਕੇ ਫੇਰ ਆਪਾਂ ਕਿੱਥੋਂ ਖਾਵਾਂਗੇ? ਪੈਸਾ ਮੋੜਿਆ ਤਾਂ ਐਨਾ ਸਾਰੀ ਕਣਕ ਦਾ ਵੱਟਿਆ ਨ੍ਹੀਂ ਜਾਣਾ। ਏਸੇ ਨੂੰ ਤਾਂ ਕਹਿੰਦੇ ਨੇ ਕੜੱਕੀ ’ਚ ਜਾਨ।" ਨਰੈਣਾ