ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਰਸੋਈਆਂ ਰੋਟੀ ਬਣਾ ਰਿਹਾ ਸੀ।

ਇੱਕ ਹੋਰ ਨੌਕਰ ਮੈਂਹ ਦੀ ਧਾਰ ਕੱਢ ਰਿਹਾ ਸੀ।

ਇੱਕ ਖ਼ੂਬਸੂਰਤ ਔਰਤ ਇੱਕ ਖ਼ੂਬਸੂਰਤ ਜੁਆਕ ਨੂੰ ਚੁਟਕੀਆਂ ਵਜਾ ਖਿਡਾ ਰਹੀ ਸੀ, ਚੁਟਕੀਆਂ ਵਜਾ ਵਜਾ ਹਸਾ ਰਹੀ ਸੀ। ਸੱਜਣ ਸਿੰਘ ਬਾਰੇ ਜਦ ਮੈਂ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ-"ਉਹ ਤਾਂ ਘਰ ਨਹੀਂ ਹਨ ਜੀ।"

ਸਲੀਵਲੈੱਸ ਕਮੀਜ਼ ਤੇ ਤੰਗ ਮੂਹਰੀ ਦੀ ਸਲਵਾਰ। ਰੰਗ ਗੋਰਾ, ਪਰ ਕੁਝ ਬੱਗਾ ਬੱਗਾ ਜਿਹਾ, ਅੱਖਾਂ ਵਿੱਚ ਗੂੜ੍ਹਾ ਕੱਜਲ। ਕੰਨਾਂ ਵਿੱਚ ਵੱਡੀਆਂ ਵੱਡੀਆਂ ਗੋਲ ਗੋਲ ਬਾਲੀਆਂ। ਖੱਬੀ ਬਾਂਹ ਵਿੱਚ ਸੋਨੇ ਦੀਆਂ ਦੋ ਚੂੜੀਆਂ। ਕੱਦ ਲੰਮਾ ਤੇ ਸਰੀਰ ਗੱਦਰ। ਉਮਰ, ਤੇਈ ਚੌਂਵੀ ਦੇ ਨੇੜੇ ਤੇੜੇ।

ਪਹਿਲਾਂ ਤਾਂ ਮੈਂ ਸਮਝਿਆ ਕਿ ਉਹ ਸੱਜਣ ਸਿੰਘ ਦੀ ਲੜਕੀ ਹੋਵੇਗੀ ਜਾਂ ਸ਼ਾਇਦ ਛੋਟੀ ਭੈਣ, ਪਰ ਉਹ ਦੇ ਨਾਲ ਇੱਕ ਦੋ ਹੋਰ ਗੱਲਾਂ ਕਰਨ ਨਾਲ ਮੈਨੂੰ ਅਹਿਸਾਸ ਜਿਹਾ ਹੋਇਆ ਕਿ ਉਹ ਦੀ ਤੀਵੀਂ ਵੀ ਇਹ ਹੋ ਸਕਦੀ ਐ। ਪਰ ਮੈਂ ਇਹ ਵੀ ਸੋਚਿਆ ਕਿ ਜਦ ਉਹ ਸਾਡੇ ਪਿੰਡ ਕੋਲ ਦੀ ਲੰਘਦੀ ਸੜਕ ਦਾ ਪੁਲ ਬਣਵਾਉਂਦਾ ਹੁੰਦਾ ਸੀ, ਓਦੋਂ ਤਾਂ ਉਹ ਦੱਸਦਾ ਹੁੰਦਾ ਸੀ ਕਿ ਉਹ ਦੇ ਚਾਰ ਮੁੰਡੇ ਕੁੜੀਆਂ ਹਨ ਤੇ ਉਹ ਦੀ ਘਰ ਵਾਲੀ ਦਿਨਾਂ ਵਿੱਚ ਹੀ ਢਿਲਕ ਗਈ ਹੈ। ਮੇਰੇ ਦਿਮਾਗ਼ ਵਿੱਚ ਬਹੁਤੀ ਸਮਝ ਉਤਰੀ ਨਾ ਤੇ ਮੈਂ, ਮੁੱਕਦੀ ਗੱਲ, ਉਸ ਔਰਤ ਨੂੰ ਕਿਹਾ-"ਚੰਗਾ ਜੀ, ਠੇਕੇਦਾਰ ਸਾਹਿਬ ਨੂੰ ਇਉਂ ਕਹਿ ਦਿਓ, ਬਈ, ਥੋਨੂੰ ਕੋਈ ਬੰਦਾ ਮਿਲਣ ਆਇਆ ਸੀ ਤੇ ਉਹ ਕੱਲ੍ਹ ਨੂੰ ਫੇਰ ਆਊਗਾ।"

"ਉੱਤੋਂ ਕੱਕਰ ਵਰਗੀ ਠਾਰੀ ਪੈਂਦੀ ਐ, ਭਰਾ ਜੀ। ਜੇ ਤੁਸੀਂ ਕੱਲ੍ਹ ਨੂੰ ਫੇਰ ਮੁੜਕੇ ਔਣੇ ਤਾਂ ਹੁਣ ਐਥੇ ਈ ਰਹੋ। ਸਵੇਰੇ ਹੀ ਜਾਂ ਕੱਲ੍ਹ ਦੁਪਹਿਰ ਨੂੰ ਸਰਦਾਰ ਜੀ ਆ ਈ ਜਾਣਗੇ।" ਉਸ ਨੇ ਪੂਰੀ ਤਸੱਲੀ ਦਿੱਤੀ।

ਮੈਂ ਸੋਚਿਆ ਕਿ ਨੌਕਰਾਂ ਤੋਂ ਬਿਨਾਂ ਤਾਂ ਬੰਦਾ ਹੋਰ ਕੋਈ ਘਰ ਵਿੱਚ ਦਿੱਸਦਾ ਨਹੀਂ, ਰਹੀਏ ਕੀਹਦੇ ਕੋਲ? ਪੁਰੇ ਦਾ ਠੱਕਾ ਵਗਦਾ ਦੇਖ ਕੇ ਤੇ ਪਿੰਡ ਦੁਰ ਹੋਣ ਕਰਕੇ ਜੀਅ ਤਾਂ ਮੇਰਾ ਵੀ ਕਰਦਾ ਸੀ ਕਿ ਅੱਜ ਦੀ ਰਾਤ ਐਥੇ ਈ ਰਹਿ ਪਵਾਂ। ਪਰ ਮੈਂ ਉਸ ਨੂੰ ਕਹਿ ਦਿੱਤਾ-"ਨਹੀਂ ਬੀਬੀ ਜੀ, ਆਹ ਖੜੈ ਪਿੰਡ ਤੜਕੇ ਨੂੰ ਫੇਰ ਆ ਜੂੰਗਾ।" ਸਾਲ ਕੁ ਭਰ ਦਾ ਗੋਡਣੀਏਂ ਰੁੜ੍ਹਦਾ ਉਹ ਦਾ ਮੁੰਡਾ ਮੇਰੇ ਪੈਰਾਂ ਨੂੰ ਆ ਚਿੰਬੜਿਆ। ਕੱਛਾਂ ਵਿੱਚ ਪਾ ਕੇ ਮੈਂ ਉਸ ਨੂੰ ਚੁੱਕ ਲਿਆ ਤੇ ਉਹ ਦੀ ਸਿਓ ਵਰਗੀ ਗੱਲ੍ਹ ਆਪਣੇ ਮੂੰਹ ਨਾਲ ਘੁੱਟ ਲਈ। ਮੁੰਡੇ ਨੇ ਆਪਣੀਆਂ ਉਂਗਲਾਂ ਮੇਰੀ ਦਾੜ੍ਹੀ ਵਿੱਚ ਅੜਾ ਦਿੱਤੀਆਂ। ਮੈਂ ਉਸ ਦਾ ਹੱਥ ਫੜਿਆ ਤੇ ਉਸ ਦੀਆਂ ਖ਼ਰੀਆਂ ਹੀ ਛੋਟੀਆਂ ਛੋਟੀਆਂ ਉਂਗਲੀਆਂ ਨੂੰ ਆਪਣੀ ਦਾੜ੍ਹੀ ਦੀ ਗੁੱਟੀ ਵਿਚੋਂ ਕੱਢਿਆ। ਇਸ ਤਰ੍ਹਾਂ ਮੇਰਾ ਦਾੜ੍ਹੀ ਦੇ ਦੋ ਤਿੰਨ ਵਾਲ ਪੁੱਟੇ ਗਏ। ਮੇਰੀ ਮੂੰਹ ਦੀ ਕਸੀਸ ਜਿਹੀ ਵੱਟੀ ਦੇਖ ਕੇ ਉਸ ਔਰਤ ਦੇ ਚਿਹਰੇ 'ਤੇ ਇੱਕ ਸ਼ਰਾਰਤ ਭਰੀ ਹਾਸੀ ਨੱਚ ਉੱਠੀ। ਬੱਚੇ ਨੂੰ ਇੱਕ ਵਾਰੀ ਹੋਰ ਘੁੱਟ ਕੇ ਉਸ ਨੂੰ ਖਿੜ ਖਿੜ ਹੱਸਦੇ ਨੂੰ ਮੈਂ ਜ਼ਮੀਨ ’ਤੇ ਹੀ ਰੁੜ੍ਹਨਾ ਛੱਡ ਦਿੱਤਾ। ਔਰਤ ਨੇ ਆਪਣਾ ਸਾਰਾ ਸਰੀਰ ਇਕੱਠਾ ਜਿਹਾ ਕਰਕੇ ਮੈਨੂੰ ਆਖਿਆ-'ਤੁਸੀਂ, ਭਰਾ ਜੀ, ਐਵੇਂ ਸੰਗੋਂ ਨਾ।" ਤੇ ਨਾਲ ਦੀ ਨਾਲ ਆਵਾਜ਼ ਮਾਰੀ, "ਓ ਮੰਗੂ.....।" ਮਹਿੰ ਦੀ ਧਾਰ ਕੱਢ ਕੇ ਹਟੇ ਮੰਗੂ ਨੇ ਮੇਰਾ ਸਾਈਕਲ

ਇੱਕ ਔਰਤ

35