ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਹੜੇ ਵਿਚੋਂ ਤੋਰ ਕੇ ਇੱਕ ਕਮਰੇ ਵਿੱਚ ਖੜ੍ਹਾ ਕਰ ਦਿੱਤਾ। ਉਹ ਸ਼ਾਇਦ ਸਮਝਦਾ ਸੀ ਕਿ ਸੱਜਣ ਸਿੰਘ ਦੇ ਮਿਲਣ ਵਾਲਾ ਮੈਂ ਕੋਈ ਖ਼ਾਸ ਬੰਦਾ ਸੀ। ਕੋਈ ਖ਼ਾਸ ਬੰਦਾ ਹੀ ਇਉਂ ਉਸ ਔਰਤ ਨਾਲ ਗੱਲਾਂ ਕਰ ਸਕਦਾ ਸੀ। ਕੋਈ ਖ਼ਾਸ ਬੰਦਾ ਹੀ ਉਸ ਨੂੰ ਇਉਂ ਘੁੱਟ ਘੁੱਟ ਪਿਆਰ ਦੇ ਸਕਦਾ ਸੀ। ਖ਼ਾਸ ਬੰਦਾ ਹੋਣ ਦਾ ਪਰ ਮੇਰੇ ਬਾਰੇ ਮੰਗੂ ਨੂੰ ਭੁਲੇਖਾ ਲੱਗ ਗਿਆ ਸੀ। ਉਸ ਔਰਤ ਦੀ ਐਨੀ ਖਿੱਚ ਤੇ ਖ਼ੁਸ਼ਕਥਨੀ ਤੇ ਮੈਨੂੰ ਸਗੋਂ ਹੈਰਾਨੀ ਹੋ ਰਹੀ ਸੀ। ਜ਼ਮੀਨ ’ਤੇ ਰੁੜ੍ਹਦਾ ਤੇ ਟੱਪਦਾ ਬੁੜ੍ਹਕਦਾ ਮੁੰਡਾ ਉਸ ਨੇ ਚੁੱਕ ਕੇ ਫੇਰ ਮੇਰੀ ਢਾਕ ਨਾਲ ਚੰਬੇੜ ਦਿੱਤਾ ਤੇ ਮੈਨੂੰ ਅੰਦਰ ਕਮਰੇ ਵਿੱਚ ਬੈਠ ਜਾਣ ਲਈ ਆਖਿਆ। ਮੈਥੋਂ ਹੁਣ ਉਹ ਦੀ ਜ਼ਿੱਦ ਮੋੜੀ ਨਾ ਗਈ। ਕਮਰੇ ਅੰਦਰ ਪਏ ਸੋਫ਼ੇ 'ਤੇ ਬੈਠ ਕੇ ਜਵਾਕ ਨੂੰ ਮੈਂ ਆਪਣੇ ਪੱਟਾਂ 'ਤੇ ਬਿਠਾ ਲਿਆ। ਮੈਂ ਉਸ ਨਾਲ ਲਾਡ ਕਰਨ ਲੱਗ ਪਿਆ। ਜਵਾਕ ਸੀ ਕਿ ਮੇਰੀ ਦਾੜ੍ਹੀ ਨੂੰ ਭੱਜ ਭੱਜ ਪੈਂਦਾ ਸੀ। ਉਸ ਦੀਆਂ ਸਿਓ ਗੱਲ੍ਹਾਂ ’ਤੇ ਪੋਲੇ ਪੋਲੇ ਦੋ ਥੱਪੜ ਮਾਰ ਕੇ ਮੈਂ ਉਸ ਨੂੰ ਭੁੰਜੇ ਰੁੜ੍ਹਨ ਛੱਡ ਦੇਣਾ ਹੀ ਠੀਕ ਸਮਝਿਆ। ਮੰਗੂ ਬਾਹਰ ਫਿਰਦਾ ਕਮਰੇ ਵਿੱਚ ਆਇਆ ਤੇ ਮੁੰਡੇ ਨੂੰ ਗੋਦੀ ਚੁੱਕ ਕੇ ਲੈ ਗਿਆ। ਮੈਂ ਇਕਾਂਤ ਦਾ ਮਿੱਠਾ ਅਹਿਸਾਸ ਸ਼ੁਰੂ ਕਰ ਲਿਆ।

ਕਮਰਾ ਪੂਰੀ ਤਰ੍ਹਾਂ ਸਜਿਆ ਹੋਇਆ ਸੀ, ਕੰਧਾਂ 'ਤੇ ਚਾਰੇ ਪਾਸੇ ਇੱਕੋ ਜਿਹੀ ਵਿੱਥ ਛੱਡ ਕੇ ਕਿੰਨੀਆਂ ਹੀ ਤਸਵੀਰਾਂ ਲੱਗੀਆਂ ਹੋਈਆਂ ਸਨ। ਮੈਂ ਨਿਗਾਂਹ ਜਮਾ ਕੇ ਦੇਖਿਆ, ਉਹ ਤਸਵੀਰਾਂ ਇੱਕੋਂ ਔਰਤ ਦੀਆਂ ਸਨ। ਵੱਖ-ਵੱਖ ਪੋਜ਼ ਦੀਆਂ। ਸੋਫ਼ੇ ਤੋਂ ਉੱਠ ਕੇ ਜ਼ਰਾ ਨੇੜੇ ਹੋ ਕੇ ਦੇਖਿਆ, ਸਾਰੇ ਫਰੇਮਾਂ ਵਿੱਚ ਹੀ ਇੱਕੋਂ ਔਰਤ ਦੀਆਂ ਤਸਵੀਰਾਂ ਸਨ। ਵੱਖ-ਵੱਖ ਪੋਜ਼ ਵਿੱਚ। ਫਿਰ ਫਿਰ ਕੇ ਮੈਂ ਗਹੁ ਨਾਲ ਤਸਵੀਰਾਂ ਨੂੰ ਦੇਖ ਰਿਹਾ ਸੀ ਕਿ ਉਹ ਔਰਤ ਟਰੇਅ ਵਿੱਚ ਚਾਹ ਦੀ ਕੇਤਲੀ ਧਰੀ ਅੰਦਰ ਆ ਵੜੀ। ਮੈਨੂੰ ਤਸਵੀਰਾਂ ਵੱਲ ਦੇਖਦੇ ਨੂੰ ਦੇਖ ਕੇ ਉਹ ਉਵੇਂ ਜਿਵੇਂ ਟਰੇਅ ਲਈ ਖੜ੍ਹੀ ਰਹੀ। ਮੈਨੂੰ ਇਉਂ ਤਸਵੀਰਾਂ ਦੇਖਦੇ ਨੂੰ ਦੇਖ ਕੇ ਸ਼ਾਇਦ ਉਸ ਨੂੰ ਕੋਈ ਤਸਕੀਨ ਮਿਲ ਰਹੀ ਸੀ।

"ਇਹ ਤਸਵੀਰਾਂ ਕੀਹਦੀਆਂ ਨੇ?" ਮੈਂ ਸੁੱਤੇ ਹੀ ਪ੍ਰਸ਼ਨ ਕਰ ਦਿੱਤਾ।

"ਇਹ ਤਸਵੀਰਾਂ ਤੁਸੀਂ ਸਿਆਣੀਆਂ ਨੀ, ਹੋਰ ਕੀਹਦੀਆਂ ਨੇ?' ਉਸ ਦਾ ਭਾਵ ਸੀ ਕਿ ਉਹ ਤਸਵੀਰਾਂ ਉਸੇ ਦੀਆਂ ਸਨ ਤੇ ਹੋਰ ਕਿਸਦੀਆਂ ਸਨ। ਮੈਂ ਹੈਰਾਨ, 'ਇਹ ਤੀਵੀਂ ਤਾਂ ਹੁਣ ਸਧਾਰਨ ਜਨਾਨੀ ਲੱਗਦੀ ਐਂ, ਪਰ-

‘ਨੰਗੇ ਪੱਟ ਤੇ ਨੰਗੇ ਡੌਲਿਆਂ ਵਾਲੀ ਇਹ ਤਸਵੀਰ ਇਹ ਦੀ ਕਿਵੇਂ ਹੋਈਂ?'

'ਆਹ ਤਸਵੀਰ-ਹੱਥ ਵਿੱਚ ਬੈਡਮਿੰਟਨ ਦਾ ਬੱਲਾ।'

'ਆਹ ਤਸਵੀਰ-ਸਾਈਕਲ ਦੀ ਢੋਅ ਲਾ ਕੇ ਖੜੀ ਇੱਕ ਨਿਊ ਫ਼ੈਸ਼ਨ ਕੁੜੀ।'

'ਆਹ ਤਸਵੀਰ-ਸਵਿਮਿੰਗ ਅੰਗੀ ਕੱਛਾ।'

‘ਤੇ ਆਹ ਤਸਵੀਰ-ਭੰਗੜਾ ਡਰੈੱਸ।'

ਮੈਂ ਹੈਰਾਨੀ ਨੂੰ ਬੁੱਲ੍ਹਾਂ ਵਿੱਚ ਘੁੱਟ ਕੇ ਸੋਫ਼ੇ 'ਤੇ ਬਹਿ, ਕਾਹਨੂੰ ਡਿੱਗ ਹੀ ਪਿਆ। ਚਾਹ ਮੈਂ ਪੀਤੀ, ਉਹ ਨੇ ਵੀ ਪੀਤੀ।

ਉਸ ਘਰ ਵਿੱਚ ਮੈਂ ਬਿਲਕੁੱਲ ਇੱਕ ਓਪਰਾ ਬੰਦਾ ਸਾਂ। ਬਿਲਕੁੱਲ ਓਪਰਾ। ਸੱਜਣ ਸਿੰਘ ਠੇਕੇਦਾਰ ਦੀ ਰਾਹ ਜਾਂਦੀ ਜਾਣ ਪਛਾਣ ਤੋਂ ਬਿਨ੍ਹਾਂ ਮੇਰਾ ਓਸ ਘਰ ਵਿੱਚ ਕੀ

36

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ