ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੰਗ ਮੂਹਰੀ ਦੀ ਸਲਵਾਰ

ਬਲਵੰਤ ਦਾ ਸਾਈਕਲ ਖਤਾਨਾਂ ਵਿੱਚ ਲਹਿ ਗਿਆ ਹੈ। ਤੇ ਡਿੱਗ ਪਿਆ ਹੈ। ਖਤਾਨਾਂ ਵੱਲ ਜੇ ਉਹ ਹੈਂਡਲ ਨਾ ਮੋੜਦਾ ਤਾਂ ਟਰੱਕ ਦੇ ਵਿੱਚ ਜ਼ਰੂਰ ਵੱਜਣਾ ਸੀ ਤੇ ਉਸ ਦਾ ‘ਧੰਦਾ' ਹੋ ਜਾਣਾ ਸੀ। ਟਰੱਕਾਂ-ਬੱਸਾਂ ਵਾਲੇ ਵੀ ਭੋਰਾ ਨਹੀਂ ਸੋਚਦੇ। ਜ਼ਰਾ ਵੀ ਸਟੇਅਰਿੰਗ ਨਹੀਂ ਵੱਟਦੇ। ਰਤਾ ਵੀ ਜਾਨ ਦੀ ਪਰਵਾਹ ਨਹੀਂ ਇਨ੍ਹਾਂ ਨੂੰ।

ਖਤਾਨ ਵਿੱਚ ਪਿਆ ਸਾਈਕਲ ਬਲਵੰਤ ਨੂੰ ਇਉਂ ਲੱਗਦਾ ਹੈ, ਜਿਵੇਂ ਕੋਈ ਗਧਾ ਭਰੀ ਹੋਈ ਗੂਣ ਸਣੇ ਡਿੱਗ ਪਿਆ ਹੋਵੇ ਤੇ ਬੇਹੋਸ਼ ਹੋ ਕੇ ਲਿਟ ਗਿਆ ਹੋਵੇ। ਗਧੇ ਦੇ ਲੱਦ ਨਾਲੋਂ ਸਾਈਕਲ ਅੱਜ ਘੱਟ ਵੀ ਨਹੀਂ। ਤਣੀਆਂ ਵਾਲਾ ਦੋ ਫੁੱਟ ਲੰਬਾ ਝੋਲਾ, ਮੂੰਹ ਤੀਕ ਭਰਿਆ ਹੋਇਆ, ਹੈਂਡਲ ਦੇ ਖੱਬੇ ਪਾਸੇ ਲਟਕ ਰਿਹਾ ਹੈ। ਲਟਕ ਕਾਹਨੂੰ, ਹੁਣ ਤਾਂ ਇਹ ਵੀ ਸਾਈਕਲ ਵਾਂਗ ਹੀ ਧਰਤੀ 'ਤੇ ਡਿੱਗਿਆ ਪਿਆ ਹੈ। ਬਲਵੰਤ ਫ਼ਿਕਰ ਕਰਦਾ ਹੈ, ਕਿਤੇ ਲਿਫ਼ਾਫ਼ੇ ਪਾਟ ਨਾ ਗਏ ਹੋਣ? ਲਿਫ਼ਾਫ਼ੇ ਫਟ ਗਏ ਤਾਂ ਵਸਾਰ, ਗਰਮ ਮਸਾਲਾ, ਖੰਡ, ਮੂੰਗੀ, ਕਾਬਲੀ ਛੋਲੇ ਤੇ ਪੀਸੀਆਂ ਹੋਈਆ ਮਿਰਚਾਂ ਸਭ ਦਾ ਇੱਕੋ ਰੂਪ ਬਣ ਜਾਵੇਗਾ।

ਟੱਲੀ ਵਾਲੇ ਪਾਸੇ ਜੋ ਝੋਲਾ ਹੈ, ਉਸ ਵਿੱਚ ਕੱਪੜੇ ਧੋਣ ਵਾਲੀ ਸਾਬਣ, ਲਾਈਫ਼ਬੁਆਏ ਦੀਆਂ ਦੋ ਟਿੱਕੀਆਂ, ਚਾਹ ਦਾ ਪੁੜਾ, ਦੀਆ ਸਲਾਈ ਡੱਬੀਆਂ ਦੀ ਅੱਧੀ ਦਰਜਨ ਤੇ ਮਾਵਾ ਦਿੱਤੀ ਪੱਗ ਥੁੰਨ ਕੇ ਪਾਈ ਹੋਈ ਹੈ। ਕੈਰੀਅਰ ਵਿੱਚ ਡਾਲਡੇ ਦਾ ਦੋ ਕਿੱਲੋ ਵਾਲਾ ਡੱਬਾ, ਜੋ ਅੜੁੰਗਿਆ ਹੋਇਆ ਸੀ, ਸਾਈਕਲ ਡਿੱਗਣ ਸਾਰ, ਮਤੀਰੇ ਵਾਂਗ ਰੁੜ੍ਹ ਕੇ ਇੱਕ ਝਾੜੀ ਨਾਲ ਜਾ ਅਟਕਿਆ ਹੈ।

ਕਾਠੀ ਤੇ ਹੈਂਡਲ ਨੂੰ ਹੱਥ ਪਾ ਕੇ ਉਹ ਸਾਈਕਲ ਨੂੰ ਖੜ੍ਹਾ ਕਰਦਾ ਹੈ। ਉਸ ਦੀ ਨਿਗਾਹ ਆਪਣੇ ਪਜਾਮੇ ਦੇ ਖੱਬੇ ਪਾਂਚੇ ’ਤੇ ਪੈਂਦੀ ਹੈ। ਪੈਡਲ ਵਿੱਚ ਫਸ ਕੇ ਪਾਂਚਾ ਪਤਾ ਨਹੀਂ ਕਦੋਂ ਪਾਟ ਗਿਆ ਹੈ? ਖੁੱਚ ਤੀਕ ਲੰਗਾਰ ਹੋ ਗਿਆ ਹੈ। ਐਨੀ ਖੁੱਲ੍ਹੀ ਮੂਹਰੀ ਅੱਜ ਕੱਲ੍ਹ ਕੌਣ ਕਰਵਾਉਂਦਾ ਹੈ? ਉਹ ਸੋਚਦਾ ਹੈ ਕਿ ਪਜਾਮਾ ਤੰਗ ਮੂਹਰੀ ਦਾ ਹੁੰਦਾ ਤਾਂ ਕਾਹਨੂੰ ਫਸਣਾ ਸੀ, ਪੈਡਲ ਵਿੱਚ

ਤੰਗ ਮੂਹਰੀ ਦੇ ਖ਼ਿਆਲ ਨਾਲ ਇਕਦਮ ਉਸ ਨੂੰ ਯਾਦ ਆਉਂਦਾ ਹੈ ਕਿ ਉਸ ਦੀ ਪਤਨੀ ਕਿੰਨੇ ਚਿਰ ਤੋਂ ਕਹਿ ਰਹੀ ਹੈ-ਤੰਗ ਮੂਹਰੀ ਦੀ ਸਲਵਾਰ। ਇਸ ਵਾਰ ਤਾਂ ਬਹੁਤ ਹੀ ਆਖਿਆ ਸੀ। ਸ਼ਹਿਰੋਂ ਲਿਆਉਣ ਵਾਲੀਆਂ ਚੀਜ਼ਾਂ ਦੀ ਲਿਸਟ ਵਿੱਚ ਪਹਿਲੇ ਨੰਬਰ 'ਤੇ ਹੀ ਉਸ ਨੇ ਲਿਖਵਾਇਆ ਸੀ-ਚਿੱਟੀ ਪਾਪਲਿਨ ਦੋ ਮੀਟਰ। ਐਤਕੀਂ ਵੀ ਉਹ ਭੁੱਲ ਗਿਆ ਹੈ। ਭੁੱਲ

44

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ