ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/46

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਆਖ਼ਰੀ ਪੇੜਾ ਕਰਦੀ ਉਹ ਤਪੀ ਜਿਹੀ ਬੋਲਦੀ ਹੈ- "ਦੀਂਹਦਾ ਨੀ? ਤਵੇਂ 'ਤੇ ਰੋਟੀ ਐ। ਪੇਟੀ 'ਤੇ ਰੱਖ ਦਿਓ, ਜਿਹੜਾ ਕੁਸ ਹੈਗਾ। ਆਪੇ ਸਾਂਭਿਆ ਜਾਊ।" ਉਹ ਚੁੱਪ ਕੀਤਾ ਸਬ੍ਹਾਤ ਵਿੱਚ ਆ ਜਾਂਦਾ ਹੈ ਤੇ ਝੋਲੇ ਵਿਚੋਂ ਕੇਲਿਆਂ ਵਾਲਾ ਲਿਫ਼ਾਫ਼ਾ ਕੱਢ ਕੇ ਇੱਕ ਇੱਕ ਕੇਲਾ ਮੁੰਡੇ ਤੇ ਕੁੜੀ ਨੂੰ ਫੜਾ ਦਿੰਦਾ ਹੈ। ਗੋਗੀ ਰਿਹਾੜ ਕਰਦਾ ਹੈ-'ਮੈਂ ਤਾਂ ਦੋ ਲੈਣੇ ਨੇ।"

ਕੋਟ ਦੀ ਜੇਬ ਵਿਚੋਂ ਰੁਮਾਲ ਕੱਢ ਕੇ ਉਹ ਆਪਣੇ ਚਿਹਰੇ ਤੋਂ ਗਰਦ ਪੂੰਝਦਾ ਹੈ। ਅੱਖਾਂ ਦੇ ਕੋਇਆਂ ਨੂੰ ਸਾਫ਼ ਕਰਦਾ ਹੈ। ਚਾਲ੍ਹੀ ਦੇ ਬਲ੍ਹਬ ਦੀ ਮੱਧਮ ਰੋਸ਼ਨੀ ਵਿੱਚ ਸ਼ੀਸ਼ਾ ਦੇਖਦਾ ਹੈ। ਮਿੱਟੀ ਧੂੜਿਆ ਚਿਹਰਾ ਹੋਰ ਮੁਰਝਾ ਜਾਂਦਾ ਹੈ। ਪਰ ਸ਼ੀਸ਼ਾ ਉਸ ਨੂੰ ਦੰਦੀਆਂ ਚਿੜਾ ਦਿੰਦਾ ਹੈ। ਬਲ੍ਹਬ ਦੀ ਰੋਸ਼ਨੀ ਹੋਰ ਪੀਲੀ ਹੋ ਗਈ ਲੱਗਦੀ ਹੈ।

ਕੁੜੀ ਤੇ ਗੋਗੀ ਰੋਟੀ ਖਾ ਚੁੱਕੇ ਹਨ। ਵੱਡਾ ਮੁੰਡਾ ਰਸੋਈ ਵਿੱਚ ਆ ਗਿਆ ਤੇ ਰੋਟੀ ਖਾਣ ਲੱਗ ਪਿਆ ਹੈ। ਪਤਨੀ ਨੇ ਰੋਟੀ ਪਕਾਉਣ ਦਾ ਕੰਮ ਮੁਕਾ ਲਿਆ ਹੈ। ਤੱਤੇ ਪਾਣੀ ਦੀ ਛੋਟੀ ਬਾਲਟੀ ਭਰ ਕੇ ਉਸ ਨੇ ਗੁਸਲਖ਼ਾਨੇ ਵਿੱਚ ਰੱਖ ਦਿੱਤੀ ਹੈ। ਸਬ੍ਹਾਤ ਵਿੱਚ ਆ ਕੇ ਭਰੜਾਇਆ ਜਿਹਾ ਬੋਲ ਕੱਢਿਆ ਹੈ-"ਹੱਥ ਮੂੰਹ ਧੋ ਲੋ ਤੇ ਰੋਟੀ ਖਾਓ।" ਪਾਣੀ ਪਾ 'ਤਾ?" ਉਹ ਪੁੱਛਦਾ ਹੈ।

ਉਹ ਕੁਝ ਨਹੀਂ ਬੋਲਦੀ।

ਉਹ ਗੁਸਲਖ਼ਾਨੇ ਵਿੱਚ ਜਾਂਦਾ ਹੈ ਤੇ ਹੱਥ ਪੈਰ ਧੋਣ ਲੱਗ ਪੈਂਦਾ ਹੈ।

ਉਹ ਐਨੇ ਚਿਰ ਵਿੱਚ ਦੋਵੇਂ ਝੋਲਿਆਂ ਵਿਚੋਂ ਸਾਰੀਆਂ ਚੀਜ਼ਾਂ ਕੱਢ ਕੇ ਥਊਂ ਥਾਈਂ ਟਿਕਾਅ ਦਿੰਦੀ ਹੈ। ਸਲਵਾਰ ਦਾ ਕੱਪੜਾ ਉਸ ਨੂੰ ਕਿਤੇ ਨਹੀਂ ਦਿੱਸਦਾ। ਉਹ ਹਉਂਕਾ ਲੈਂਦੀ ਹੈ ਤੇ ਖੰਡ ਦਾ ਫੱਕਾ ਮਾਰ ਰਹੇ ਗੋਗੀ ਦੀ ਢੂਹੀ ’ਤੇ ਪੁੱਠੇ ਹੱਥ ਦਾ ਥੱਪੜ ਮਾਰਦੀ ਹੈ। ਕਹਿੰਦੀ ਹੈ-"ਦਾਣਾ ਦਾਣਾ ਕਰਕੇ ਰੱਖ ’ਤੀ ਸਾਰੀ ਖੰਡ, ਲਹਿ ਜਾਣਿਆ। ਕਦੇ ਟਿਕ ਵੀ ਜਾਇਆ ਕਰ।"

ਬਲਵੰਤ ਅੰਦਰ ਆਉਂਦਾ ਹੈ। ਖੱਦਰ ਦੇ ਸਮੋਸੇ ਨਾਲ ਮੂੰਹ ਰਗੜਦਾ ਹੈ। ਕੁੜੀ ਪੁੱਛਦੀ ਹੈ-"ਬਾਪੂ ਜੀ, ਮੇਰੀ ਪਸ਼ਮ?"

ਪਸ਼ਮ ਵੀ ਆ ਜੂ 'ਗੀ।" ਉਹ ਕੰਧ ਵੱਲ ਮੂੰਹ ਕਰਕੇ ਜਵਾਬ ਦਿੰਦਾ ਹੈ

"ਬਾਪੂ ਜੀ, ਮੇਰੇ ਕੋਟ ਦਾ ਕੱਪੜਾ?" ਵੱਡਾ ਪੁੱਛਦਾ ਹੈ।

"ਤੂੰ ਨਾਲ ਈਂ ਚੱਲੀ ਕਦੇ, ਫਿਰ ਲਵਾਂਗੇ ਤੇਰਾ ਕੋਟ। ਉੱਥੇ ਈ ਸਿਉਣਾ ਦੇ ਆਵਾਂਗੇ।" ਉਸ ਨੇ ਜਿਵੇਂ ਪੱਕੀ ਗੱਲ ਆਖੀ ਹੋਵੇ।

ਗੋਗੀ ਪੁੱਛਦਾ ਹੈ-"ਮੇਰੇ ਬੂਟ, ਬਾਪੂ ਜੀ?"

ਉਸ ਦੀ ਲਾਲ ਸੂਹੀ ਗੱਲ੍ਹ `ਤੇ ਉਹ ਇੱਕ ਪੋਲਾ ਜਿਹਾ ਹੱਥ ਮਾਰਦਾ ਹੈ ਤੇ ਕਹਿੰਦਾ ਹੈ-"ਜੰਮ ਤਾਂ ਲੈ, ਵੱਡਿਆ ਜ਼ੈਂਟਰ ਮੈਨਾ। ਬੂਟ ਕੀ ਕਰਨੇ ਨੇ ਤੈਂ? ਅਗਲੇ ਸਾਲ ਡੂਢਾ ਪੈਰ ਹੋ ਜਾਣੇ ਤੇਰਾ। ਅਗਲੇ ਸਾਲ ਈ ਲੈ ਦਿਆਂਗੇ ਬੂਟ। ਐਤਕੀਂ ਤਾਂ ਦੱਬੀ ਫਿਰ ਏਹੀ ਫਲੀਟ।"

"ਊਂ ਹੂੰ ਮੈਂ ਤਾਂ ਬੂਟ ਲਊਂਗਾ।" ਗੋਗੀ ਨੇ ਸੁੱਕਾ ਰੋਣ ਅਰੰਭ ਦਿੱਤਾ ਹੈ। ਬਲਵੰਤ ਨੇ ਉਸ ਵੱਲੋਂ ਧਿਆਨ ਹਟਾ ਲਿਆ ਹੈ ਛੋਟੇ ਮੇਜ਼ 'ਤੇ ਉਸ ਦੀ ਪਤਨੀ ਨੇ ਰੋਟੀ ਦੀ

46
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ