ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/47

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਥਾਲੀ ਲਿਆ ਰੱਖੀ ਹੈ। ਉਹ ਰੋਟੀ ਖਾਣ ਲੱਗ ਪਿਆ ਹੈ। ਸੋਚ ਰਿਹਾ ਹੈ ਕਿ ਉਸ ਦੀ ਪਤਨੀ ਨੇ ਸਲਵਾਰ ਦਾ ਕੱਪੜਾ ਅਜੇ ਤੀਕ ਕਿਉਂ ਨਹੀਂ ਪੁੱਛਿਆ? ਪੁੱਛੇਗੀ ਤਾਂ ਸਹੀ। ਪਰ ਜਦ ਪੁੱਛੇਗੀ ਤਾਂ ਤੁਫ਼ਾਨ ਖੜ੍ਹਾ ਹੋ ਜਾਵੇਗਾ। ਚਲੋ, ਜੇ ਨਾ ਹੀ ਪੁੱਛੇ ਤਾਂ ਠੀਕ ਹੈ।
ਉਹ ਰੋਟੀ ਖਾ ਰਿਹਾ ਹੈ। ਤਿੰਨੇ ਬੱਚੇ ਚੁੱਲ੍ਹੇ ਮੂਹਰੇ ਜਾ ਬੈਠੇ ਹਨ। ਪਤਨੀ ਦੂਜੇ ਮੰਜੇ ਦੀ ਬਾਹੀ 'ਤੇ ਇੱਕ ਪੈਰ ਧਰ ਕੇ ਇੱਕ ਟੰਗ ਦੇ ਭਾਰ ਖੜ੍ਹੀ ਹੈ। ਗੋਡੇ ਤੇ ਕੂਹਣੀ ਧਰ ਕੇ ਹਥੇਲੀ ਵਿੱਚ ਠੋਡੀ ਨੂੰ ਘੁੱਟ ਰਹੀ ਹੈ। ਗੱਲ ਛੇੜਦੀ ਹੈ-"ਤਨਖ਼ਾਹ ਮਿਲ 'ਗੀ?"
ਬਲਵੰਤ ਦੇ ਮੂੰਹ ਵਿੱਚ ਬੁਰਕੀ ਫੁੱਲ ਜਾਂਦੀ ਹੈ ਪਾਣੀ ਦੀ ਘੁੱਟ ਭਰ ਕੇ ਉਹ ਜਵਾਬ ਦਿੰਦਾ ਹੈ-"ਤਨਖ਼ਾਹ ਤੋਂ ਬਿਨਾਂ ਸੌਦਾ ਹੋਰ ਕਾਹਦਾ ਆ ਗਿਆ?" ਪਤਨੀ ਦੇ ਮੱਥੇ ਤੇ ਤਿਉੜੀਆਂ ਉੱਭਰ ਆਉਂਦੀਆਂ ਹਨ। ਬਲਵੰਤ ਹੋਰ ਉਦਾਸ ਹੋ ਜਾਂਦਾ ਹੈ।
ਮਹੀਨੇ ਦੀ ਇੱਕ ਤਰੀਕ, ਜਿਸ ਦਿਨ ਆਉਂਦੀ ਹੈ ਤੇ ਤਨਖ਼ਾਹ ਮਿਲਦੀ ਹੈ ਤੇ ਸਾਰੇ ਮੁਲਾਜ਼ਮ ਖ਼ੁਸ਼ ਹੁੰਦੇ ਹਨ, ਪਰ ਬਲਵੰਤ ਉਦਾਸ ਹੋ ਜਾਂਦਾ ਹੈ। ਕਦੇ ਕਦੇ ਤਾਂ ਇਹ ਉਦਾਸੀ ਤਨਖ਼ਾਹ ਮਿਲਣ ਤੋਂ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।
"ਰੁਪਈਏ ਸਿਰਫ਼ ਚਾਲੀ ਨੇ ਮੇਰੀ ਜੇਬ `ਚ।" ਪਤਨੀ ਦੇ ਕੁਝ ਪੁੱਛਣ ਤੋਂ ਪਹਿਲਾਂ ਬਲਵੰਤ ਆਪਣੇ ਮਨ ਵਿੱਚ ਸਾਰਾ ਹੌਸਲਾ ਜਾਂ ਸਾਰੀ ਬੇਸ਼ਰਮੀ ਇਕੱਠੀ ਕਰਕੇ ਕਹਿੰਦਾ ਹੈ।
"ਥੋਡੇ ਕੋਲ ਸਾਰੀ ਉਮਰ 'ਚ ਦਸ ਪੈਸੇ ਵੀ ਜੇ ਕਦੇ ਜੁੜ 'ਗੇ ਤਾਂ ਮੂੰਹ 'ਤੇ ਥੁੱਕ ਦਿਓ। ਹਰ ਮਹੀਨੇ ਸਾਰੀ ਤਨਖ਼ਾਹ ਪਤਾ ਨੀ ਕਿੱਥੇ ਫੂਕ ਔਨੇ ਓਂ? ਜਵਾਕਾਂ ਦੇ ਗਲ ਗੂਠਾ ਕਿਉਂ ਨੀ ਦੇ ਦਿੰਦੇ?" ਕੁੜੀ ਸਬਾਤ ਵਿੱਚ ਆਉਂਦੀ ਹੈ। ਉਸ ਦਾ ਮੋਢਾ ਫੜ ਕੇ ਉਹ ਕਹਿੰਦੀ ਹੈ-"ਛੋਕਰੀ ਨੂੰ ਨਿੱਤ ਗਿੱਠ ਵਾਰ ਔਂਦੈ! ਏਹ ਦੇ ਕੰਨੀ ਵੀ ਕਦੇ ਦੇਖਿਐ? ਚਾਰ ਲੀਰਾਂ ਜੁੜਨ ਗੀਆਂ ਵਿਚਾਰੀ ਨੂੰ ਪਤਾ ਨੀ, ਨਹੀਂ। ਏਹ ਦਾ ਡੋਲਾ ਜਿੱਦਣ ਤੁਰਿਆ, ਦਾੜ੍ਹੀ ਮੁੁਨਾ ਦਿਓ।"
ਉਹ ਉਸ ਵੱਲ ਚੁੱਪ ਕੀਤਾ ਝਾਕਦਾ ਰਹਿੰਦਾ ਹੈ। ਬੋਲਦਾ ਕੁਝ ਨਹੀਂ। ਬੋਲੇ ਵੀ ਕੀ? ਬੋਲਣ ਜੋਗਾ ਹੈ ਹੀ ਨਹੀਂ। ਇੱਕ ਗੱਲੋਂ ਉਸ ਨੂੰ ਗੁੱਸਾ ਆਉਂਦਾ ਹੈ। ਉਸ ਦੀ ਪਤਨੀ ਸਭ ਕੁਝ ਜਾਣਦੀ ਹੋਈ ਵੀ ਸਾਰਾ ਦੋਸ਼ ਉਸ 'ਤੇ ਹੀ ਕਿਉਂ ਥੱਪ ਦਿੰਦੀ ਹੈ? ਪਰ ਉਹ ਸਾਰੇ ਗੁੱਸੇ ਵਿਚੇ ਵਿੱਚ ਪੀ ਜਾਂਦਾ ਹੈ। ਉਸ ਨੂੰ ਚੁੱਪ ਤੇ ਨਿਰੱਤਰ ਦੇਖ ਕੇ ਉਸ ਦੀ ਪਤਨੀ ਨੂੰ ਸ਼ਾਇਦ ਫਿਰ ਤਰਸ ਆ ਜਾਂਦਾ ਹੈ। ਠੰਡੀ ਹੋ ਕੇ ਉਹ ਕਹਿੰਦੀ ਹੈ-"ਸਾਰੀ ਤਨਖ਼ਾਹ 'ਕੇਰਾਂ ਲਿਆ ਕੇ ਮੈਨੂੰ ਫੜਾ ਦਿਆ ਕਰੋ। ਮੈਂ ਆਪੇ "ਸਮੱਸਿਆ" ਨਾਲ ਸਭ ਦਾ ਨਬੇੜੂੰ।"
"ਤੇ ਜੀਹਦਾ ਮੈਂ ਨਬੇੜਨੈਂ, ਉਹ ਕੌਣ ਦਿਉ?" ਉਹ ਤਿੜਕਦਾ ਹੈ।
"ਥੋਡੇ ਖੂਹ ਖਾਤੇ ਦਾ ਮੈਨੂੰ ਪਤਾ ਵੀ ਲੱਗੇ? ਖ਼ਬਰੇ ਕੀਹਦਾ ਕੀ ਨਬੇੜਨਾ ਹੁੰਦੈ ਤੁਸੀਂ?" ਉਸ ਨੂੰ ਗੁੱਸੇ ਦਾ ਤਾਪ ਫਿਰ ਚੜ੍ਹ ਜਾਂਦਾ ਹੈ।
"ਅਜੇ ਪਤਾ ਈ ਨਹੀਂ? ਮੀਤੋ (ਭਾਣਜੀ) ਦੇ ਵਿਆਹ ਵੇਲੇ ਦੋ ਸੌ ਦਾ ਕੱਪੜਾ ਜਿਹੜਾ ਲਿਆਂਦਾ ਸੀ, ‘ਭਾਰਤ ਕਲਾਥ ਹਾਊਸ’ ਵਾਲਿਆਂ ਦਿਓਂ। ਸੱਤ ਮਹੀਨੇ ਹੋ 'ਗੇ, ਮੋੜਿਐ ਉਹ ਦੇ ’ਚੋਂ ਕੋਈ ਪੈਸਾ? ਚਰਨਜੀਤ ਓਵਰਸੀਅਰ ਤੋਂ ਫੜਿਆ ਸੀ,

ਤੰਗ ਮੂਹਰੀ ਦੀ ਸਲਵਾਰ
47