ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੁੜੀਆਂ ਚੁੱਪ ਹੋ ਗਈਆਂ। ਉਹ ਬੈਠਕ ਵਿੱਚ ਗਿਆ ਤੇ ਬਿਜਲੀ ਦਾ ਪੱਖਾ ਛੱਡ ਕੇ ਪਲੰਘ 'ਤੇ ਲੇਟ ਗਿਆ।
ਸਤੀਸ਼ ਬਾਹਰੋਂ ਆਇਆ।
‘ਬਰਫ਼ ਵੀ ਲੈ ਆਉਂਦਾ।' ਕਰਮ ਚੰਦ ਨੇ ਕਿਹਾ।
'ਹੁਣੇ ਬਰਫ਼ ਕੀ ਕਰਨੀ ਐ, ਪਾਪਾ? ਸ਼ਕੰਜਵੀ ਤਾਂ ਪਿਛਲੇ ਪਹਿਰ ਪੀਨੇ ਓ
ਤੁਸੀਂ। ਉਦੋਂ ਲੈ ਆਊਂਗਾ।'
'ਉਏ ਨਹੀਂ। ਅੱਜ ਤਾਂ ਹੁਣੇ ਚਾਹੀਦੀ ਐ ਬਰਫ਼। ਆਉਣੈ ਕਿਸ ਨੇ।'
‘ਤਾਂ ਜਦੋਂ ਕਹੋਗੇ, ਲੈ ਆਊਂਗਾ। ਚਰੰਜੀ ਦੀ ਦੁਕਾਨ 'ਤੇ ਆਈ ਪਈ ਐ।"
‘ਚੰਗਾ!’ ਕਹਿ ਕੇ ਕਰਮ ਚੰਦ ਨੇ ਪਲੰਘ ’ਤੇ ਪਾਸਾ ਲਿਆ ਤੇ ਕੰਧ ਵੱਲ ਮੂੰਹ ਕਰਕੇ ਅੱਖਾਂ ਮੀਚ ਲਈਆਂ। ਅੱਜ ਦਸ ਵਜੇ ਉਹ ਦੇ ਦੋਸਤ ਅੰਮ੍ਰਿਤ ਕੁਮਾਰ ਨੇ ਦੋ ਬੰਦਿਆਂ ਨੂੰ ਨਾਲ ਲੈ ਕੇ ਆਉਣਾ ਸੀ। ਗੱਲ ਤਾਂ ਪਹਿਲਾਂ ਚੱਲ ਰਹੀ ਸੀ। ਬੰਦਿਆਂ ਨੇ ਉਹ ਨੂੰ ਤੇ ਉਹ ਦੇ ਘਰ ਬਾਹਰ ਨੂੰ ਦੇਖਣਾ ਸੀ, ਬੱਸ ਉਨ੍ਹਾਂ ਦੀ ਵਿਧਵਾ ਧੀ ਕੋਲ ਇੱਕ ਕੁੜੀ ਸੀ। ਕਰਮ ਚੰਦ ਕਲਰਕ ਸੀ। ਉਹ ਨੇ ਵਧੀਆ ਪੱਕਾ ਮਕਾਨ ਬਣਾਇਆ ਹੋਇਆ ਸੀ। ਉਹ ਦੀ ਉਮਰ ਚਾਲ੍ਹੀ ਸਾਲ ਸੀ। ਸਿਹਤ ਚੰਗੀ ਸੀ। ਪਰ ਉਹ ਪਿਛਲੇ ਛੇ ਮਹੀਨਿਆਂ ਤੋਂ ਉਦਾਸ ਰਹਿੰਦਾ ਸੀ। ਉਹ ਦੀ ਪਤਨੀ ਪਿੱਛੇ ਚਾਰ ਬੱਚੇ ਛੱਡ ਕੇ ਕਿਸੇ ਲਾਇਲਾਜ ਬਿਮਾਰੀ ਨਾਲ ਮਰ ਗਈ ਸੀ। ਉਹ ਦਾ ਸੰਸਾਰ ਉੱਜੜ ਗਿਆ। ਉਹ ਨੂੰ ਲਗਦਾ, ਦੁਨੀਆ ਵਿੱਚ ਉਹ ਦਾ ਕੋਈ ਨਹੀਂ ਰਹਿ ਗਿਆ। ਘਰ ਦੀਆਂ ਕੰਧਾਂ ਉਹ ਨੂੰ ਖਾਣ ਨੂੰ ਆਉਂਦੀਆਂ। ਰੋਟੀ ਟੁੱਕ ਤਾਂ ਪੱਕ ਜਾਂਦਾ ਸੀ, ਪਰ ਉਹ ਸੋਚਦਾ-ਕਿਸੇ ਦਿਨ ਕੁੜੀਆਂ ਤਾਂ ਵਿਆਹੀਆਂ ਜਾਣਗੀਆਂ। ਮੁੰਡੇ ਵਿਆਹ ਕਰਵਾ ਕੇ ਬਹੂਆਂ ਦੇ ਬਣ ਬੈਠਣਗੇ। ਉਹ ਦਾ ਸਹਾਰਾ ਕੌਣ ਰਹਿ ਜਾਵੇਗਾ? ਉਹ ਨੇ ਦੂਜਾ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਅਖ਼ਬਾਰਾਂ-ਰਸਾਲਿਆਂ ਵਿੱਚ ਸ਼ਾਦੀ ਦੇ ਇਸ਼ਤਿਹਾਰ ਛਪਵਾਏ ਸਨ। ਕਿਤੋਂ ਵੀ ਕੋਈ ਹੁੰਗਾਰਾ ਨਹੀਂ ਮਿਲਿਆ ਸੀ। ਉਹ ਦੇ ਰਿਸ਼ਤੇਦਾਰ ਵਾਹ ਤਾਹ ਲਾ ਰਹੇ ਸਨ। ਉਹ ਦੇ ਦੋਸਤ ਪੁੱਛ ਗਿੱਛ ਕਰ ਰਹੇ ਸਨ। ਪਰ ਅਜੇ ਤੱਕ ਕਿਧਰੇ ਕੁਝ ਵੀ ਨਹੀਂ ਹੋਇਆ ਸੀ ਤੇ ਅੱਜ ਉਹ ਦੇ ਦੋਸਤ ਅੰਮ੍ਰਿਤ ਕੁਮਾਰ ਨੇ ਦੋ ਬੰਦਿਆਂ ਨੂੰ ਨਾਲ ਲੈ ਕੇ ਆਉਣਾ ਸੀ।
ਅੱਠ ਵੱਜੇ ਤਾਂ ਸਾਰੇ ਟੱਬਰ ਨੇ ਦਹੀਂ ਨਾਲ ਪਰਾਠਿਆਂ ਦਾ ਨਾਸ਼ਤਾ ਕਰ ਲਿਆ। ਅੱਧਾ ਅੱਧਾ ਗਿਲਾਸ ਚਾਹ ਦਾ।
ਦਸ ਵੱਜੇ ਤਾਂ ਕਰਮ ਚੰਦ ਮਹਿਮਾਨਾਂ ਦੀ ਉਡੀਕ ਕਰਨ ਲੱਗਿਆ। ਕੁੜੀਆਂ ਦੁਪਹਿਰ ਦੀ ਰੋਟੀ ਦਾ ਆਹਰ ਕਰ ਰਹੀਆਂ ਸਨ। ਵੱਡਾ ਮੁੰਡਾ ਰੇਡੀਓ ਸੁਣ ਰਿਹਾ ਸੀ। ਛੋਟਾ ਬਾਹਰ ਹਾਣੀ ਮੁੰਡਿਆਂ ਨਾਲ ਖੇਡਣ ਲਈ ਦੌੜ ਗਿਆ ਸੀ।
ਬਾਰਾਂ ਵੱਜੇ ਤਾਂ ਕਰਮ ਚੰਦ ਨੂੰ ਬੇਸਬਰੀ ਹੋਣ ਲੱਗੀ। ਉਹ ਸੋਚਣ ਲੱਗਿਆ, ਤੁਰਦਿਆਂ ਕਰਦਿਆਂ ਨੂੰ ਦੇਰ ਲੱਗ ਗਈ ਹੋਵੇਗੀ। ਆਉਣਾ ਵੀ ਤਾਂ ਤੀਹ ਪੈਂਤੀ ਮੀਲ ਤੋਂ ਹੈ ਉੱਧਰੋਂ ਬੱਸਾਂ ਕਿਹੜਾ ਛੇਤੀ ਮਿਲ ਜਾਂਦੀਆ ਨੇ। ਇੱਕ ਬੱਸ ਲੰਘ ਜਾਵੇ ਤਾਂ ਅਗਲੀ ਅੱਧੇ ਪੌਣੇ ਘੰਟੇ ਬਾਅਦ ਚੱਲਦੀ ਹੈ। ਅੰਮ੍ਰਿਤ ਕੁਮਾਰ ਹੈ ਵੀ ਤਾਂ ਸੁਸਤ ਜਿਹਾ। ਚਾਹ ਦੀ ਪਿਆਲੀ ਦੇਖ ਕੇ ਬੈਠ ਜਾਂਦਾ ਤੇ ਜਾਂ ਸਿਗਰਟਾਂ ਹੀ ਫੂਕਦਾ ਰਹੇਗਾ।

ਕੀ ਪਤਾ ਸੀ?

55