ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਸਤੀਸ਼, ਰੇਡੀਓ ਬੰਦ ਕਰ ਓਏ। ਕਿੱਥੇ ਟਰੈਂ ਟਰੈਂ ਲਾਈ ਐ ਸਾਰੇ ਦਿਨ ਦੀ। ਉਹ ਨੇ ਗੁੱਸੇ ਵਿੱਚ ਆਖਿਆ। ਅੱਜ ਉਹ ਨੂੰ ਬਿਜਲੀ ’ਤੇ ਵੀ ਗੁੱਸਾ ਆ ਰਿਹਾ ਸੀ। ਪੱਖਾ ਪੰਦਰਾਂ ਵੀਹ ਮਿੰਟ ਚੱਲਦਾ ਸੀ ਤੇ ਅੱਧਾ ਘੰਟਾ ਬੰਦ ਰਹਿੰਦਾ ਸੀ। ਮੇਜ਼ 'ਤੇ ਚਾਰ ਨਿੰਬੂ ਉਵੇਂ ਦੇ ਉਵੇਂ ਪਏ ਸਨ। ਉਹ ਦਾ ਜੀਅ ਕੀਤਾ ਉਹ ਚਾਰੇ ਨਿੰਬੂ ਨਚੋੜ ਕੇ ਪੀ ਜਾਵੇ। ਪਾਣੀ ਤੇ ਖੰਡ ਨਾ ਪਾਵੇ। ਨਿੰਬੂ ਦੇ ਰਸ ਵਿੱਚ ਕੇਵਲ ਕਾਲੀ ਮਿਰਚ ਵਾਲਾ ਲੂਣ ਹੀ ਪਾਵੇ। ਪਾਣੀ ਤੇ ਖੰਡ ਅਜਿਹਾ ਕਰ ਨਾ ਸਕਿਆ। ਅੰਮ੍ਰਿਤ ਕੁਮਾਰ ਦੀ ਉਹ ਨੂੰ ਅਜੇ ਵੀ ਉਡੀਕ ਸੀ।

ਤਿੰਨ ਸਾਢੇ ਤਿੰਨ ਵਜੇ ਅੰਮ੍ਰਿਤ ਕੁਮਾਰ ਆ ਗਿਆ। ਉਹ ਇਕੱਲਾ ਸੀ। ਉਹ ਦੇ ਨਾਲ ਹੋਰ ਕੋਈ ਨਾ ਆਇਆ। ਉਹ ਦੇਖ ਕੇ ਨਿਰਾਸ਼ ਹੋ ਗਿਆ। ਉਹ ਨੇ ਪੁੱਛਿਆ-‘ਕੱਲਾ ਈ ਆਇਐਂ?

'ਹਾਂ।'

'ਉਹ ਨ੍ਹੀਂ ਆਏ?'

'ਉਹ ਤਾਂ ਆਏ ਨ੍ਹੀਂ।'

‘ਕਿਉਂ?'

'ਉਹ ... ਗੱਲ ਇਹ ਹੋਈ..'

ਅੰਮ੍ਰਿਤ ਕੁਮਾਰ ਦੱਸਦਾ ਦੱਸਦਾ ਰੁਕ ਗਿਆ। ਕਰਮ ਚੰਦ ਦਾ ਚਿਹਰਾ ਲਟਕ ਗਿਆ। ਪਰ ਉਹ ਦੀਆਂ ਅੱਖਾਂ ਮਘ ਰਹੀਆਂ ਸਨ। ਉਹ ਚਾਹੁੰਦਾ ਸੀ ਕਿ ਅੰਮ੍ਰਿਤ ਕੁਮਾਰ ਛੇਤੀ ਕੁਝ ਦੱਸੇ।

ਅੰਮ੍ਰਿਤ ਕੁਮਾਰ ਨੇ ਕੁਝ ਦੱਸਣ ਤੋਂ ਪਹਿਲਾਂ ਪਾਣੀ ਮੰਗਿਆ। ਕਰਮ ਚੰਦ ਆਪ ਪਲੰਘ ਤੋਂ ਉੱਠਿਆ ਤੇ ਘੜੇ ਵਿਚੋਂ ਫੋਕੇ ਪਾਣੀ ਦਾ ਗਲਾਸ ਭਰ ਕੇ ਉਹ ਨੂੰ ਲਿਆ ਫੜਾਇਆ। ਸ਼ਕੰਜਵੀ ਬਣਾਉਣੀ ਤਾਂ ਉਹ ਦੇ ਚਿੱਤ ਚੇਤੇ ਵੀ ਨਹੀਂ ਸੀ। ਪਾਣੀ ਪੀ ਕੇ ਅੰਮ੍ਰਿਤ ਕੁਮਾਰ ਬੈਠਕ ਵਿੱਚ ਏਧਰ ਓਧਰ ਝਾਕਿਆ। ਬੈਠਕ ਵਿੱਚ ਕੋਈ ਜਵਾਕ ਨਹੀਂ ਸੀ। ਦੋਵੇਂ ਕੁੜੀਆਂ ਦੂਜੇ ਕਮਰੇ ਵਿੱਚ ਸੁੱਤੀਆਂ ਪਈਆਂ ਸਨ। ਦੋਵੇਂ ਮੁੰਡੇ ਸਕੂਲ ਵੱਲੋਂ ਰਿਆਇਤੀ ਟਿਕਟ 'ਤੇ ਦਿਖਾਈ ਜਾ ਰਹੀ ਫ਼ਿਲਮ ਦੇਖਣ ਗਏ ਹੋਏ ਸਨ।

‘ਗੱਲ ਤਾਂ, ਯਾਰ ਸਾਰੀ ਬਣੀ ਪਈ ਸੀ, ਪਰ ਉਹ ਦੀ ਮਾਂ ਅੜ ਬੈਠੀ।'

‘ਕੀ ਅੜ ਬੈਠੀ?'

'ਅਖੇ, ਚਾਰ ਜਵਾਕ ਨੇ। ਇੱਕ ਦੋ ਹੁੰਦੇ, ਫਿਰ ਤਾਂ ਕੋਈ ਡਰ ਨ੍ਹੀਂ ਸੀ। ਚਾਰ ਜਵਾਕਾਂ ਦੇ ਬਾਪ....।'

ਅਗਾਂਹ ਜਿਵੇਂ ਕਰਮ ਚੰਦ ਨੇ ਕੰਨ ਬੋਲੇ ਹੋ ਗਏ ਹੋਣ।

ਉਹ ਕਾਫ਼ੀ ਦੇਰ ਚੁੱਪ ਬੈਠੇ ਰਹੇ। ਵੱਡੀ ਕੁੜੀ ਉੱਠੀ। ਨਮਸਤੇ ਕਹਿ ਕੇ ਚਾਹ ਬਣਾਉਣ ਲੱਗੀ।

ਅੰਮ੍ਰਿਤ ਕੁਮਾਰ ਆਖ਼ਰੀ ਬੱਸ ਚਲਿਆ ਗਿਆ। ਕਰਮ ਚੰਦ ਨੇ ਉਹ ਨੂੰ ਰਾਤ ਰਹਿਣ ਲਈ ਨਹੀਂ ਆਖਿਆ ਸੀ।♦

ਕੀ ਪਤਾ ਸੀ?

57