ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਆਦਰਸ਼ਵਾਦੀ


ਉਹ ਦਾ ਆਦਰਸ਼ ਸੀ ਕਿ ਜਿੰਨਾ ਚਿਰ ਪਿਤਾ ਦੀ ਬਿਮਾਰੀ ਦਾ ਇਲਾਜ ਚੱਲਦਾ ਹੈ, ਉਹ ਵਿਆਹ ਨਹੀਂ ਕਰਵਾਏਗਾ। ਪਿਤਾ ਤਪਦਿਕ ਦਾ ਮਰੀਜ਼ ਸੀ। ਸਾਰਾ ਪੈਸਾ ਉਹ ਦੀ ਬਿਮਾਰੀ 'ਤੇ ਰੂੜ੍ਹੀ ਜਾਦਾ। ਉਹ ਦੇ ਮੁੱਕਣ ਨਾਲ ਹੀ ਉਹ ਦਾ ਇਲਾਜ ਮੁੱਕਣਾ ਸੀ।

ਹਰੀਸ਼ ਸਤਾਈ-ਅਠਾਈ ਸਾਲ ਦਾ ਹੋ ਚੁੱਕਿਆ ਸੀ ਤੇ ਬੀ. ਏ. ਪਾਸ ਕੀਤੀ ਹੋਈ ਸੀ। ਨੌਕਰੀ ਕੋਈ ਮਿਲੀ ਨਾ ਤਾਂ ਉਹ ਘਰ ਦੀ ਦੁਕਾਨ 'ਤੇ ਹੀ ਬੈਠ ਗਿਆ। ਉਨ੍ਹਾਂ ਦੀ ਗੁੜ-ਚਾਹ ਦੀ ਦੁਕਾਨ ਸੀ। ਪਿੰਡਾਂ ਦੀ ਗਾਹਕੀ ਸੀ। ਨੇੜੇ ਤੇੜੇ ਦੇ ਦਸ ਪਿੰਡ ਉਨ੍ਹਾਂ ਦੀ ਦੁਕਾਨ 'ਤੇ ਆਉਂਦੇ। ਲਾਲਾ ਜੀ ਵੇਲੇ ਦੀ ਪੁਰਾਣੀ ਪੈਂਠ ਸੀ। ਭਾਵ ਇੱਕ ਤੇ ਚੀਜ਼ ਖ਼ਰੀ। ਪਰ ਜਦ ਤੋਂ ਲਾਲਾ ਜੀ ਮੰਜੇ ਤੇ ਪੈ ਗਏ, ਦੁਕਾਨ ਦਾ ਕੰਮ ਵੀ ਖੁਚਲ ਗਿਆ। ਕਾਰਨ ਵੱਡਾ ਭਾਈ ਸ਼ਰਾਬੀ ਸੀ ਤੇ ਦੁਕਾਨ 'ਤੇ ਟਿਕ ਕੇ ਨਹੀਂ ਬੈਠਦਾ ਸੀ। ਅਖ਼ੀਰ ਦੁਕਾਨ ਦਾ ਕੰਮ ਹਰੀਸ਼ ਨੂੰ ਸੰਭਾਲਣਾ ਪੈ ਗਿਆ, ਨਹੀਂ ਤਾਂ ਘਰ ਕਿਵੇਂ ਤੁਰਦਾ। ਪਿਤਾ ਦੀ ਬਿਮਾਰੀ ਅਲੱਗ ਤੇ ਵੱਡੇ ਭਾਈ ਦੀ ਕਬੀਲਦਾਰੀ ਅਲੱਗ।

ਵੱਡਾ ਭਾਈ ਬਾਲ ਬੱਚੇਦਾਰ ਸੀ। ਦੋ ਬੱਚੇ ਸਨ, ਇੱਕ ਮੁੰਡਾ ਤੇ ਇੱਕ ਕੁੜੀ। ਛੋਟੇ-ਛੋਟੇ ਬੱਚੇ ਹਨ। ਭਰਜਾਈ ਚੰਗੇ ਘਰ ਦੀ ਧੀ ਸੀ। ਪੁੱਜ ਕੇ ਨੇਕ ਤੇ ਸਾਊ। ਉਹ ਪਤੀ ਦੀ ਸ਼ਰਾਬ ਨੂੰ ਨਿੰਦਣ ਲੱਗਦੀ ਤਾਂ ਉਹ ਨੂੰ ਭੰਨ੍ਹ ਸੁੱਟਦਾ। ਮਾਂ ਦੀ ਕੌਣ ਸੁਣਦਾ ਸੀ। ਮਾਂ ਕਰਕੇ ਹੀ ਤਾਂ ਉਹ ਟਿਕੀ ਹੋਈ ਸੀ। ਮਾਂ ਜਿਵੇਂ ਉਹ ਦੀ ਸਕੀ ਮਾਂ ਹੋਵੇ। ਉਹ ਧੀਆਂ ਜਿਹਾ ਮੋਹ ਕਰਦੀ ਨੂੰਹ ਨੂੰ। ਮਾਂ ਨਾ ਹੁੰਦੀ ਤਾਂ ਉਹ ਕਦੋਂ ਦੀ ਸ਼ਰਾਬੀ ਬੰਦੇ ਨੂੰ ਛੱਡ ਕੇ ਤੁਰ ਗਈ ਹੁੰਦੀ। ਉਹ ਨੂੰ ਪੇਕਿਆਂ ਦੀ ਲਾਜ ਵੀ ਮਾਰਦੀ। ਸਹੁਰੇ ਦਾ ਨਾਉਂ ਬਦਨਾਮ ਹੋਣਾ ਸੀ। ਅਖੇ ਨੂੰਹ ਜੁਆਕ ਛੱਡ ਕੇ ਭੱਜ ਗਈ।

ਵੱਡਾ ਭਾਈ ਦੇਵ ਰਾਜ ਦੁਕਾਨ 'ਤੇ ਬਹਿੰਦਾ ਜ਼ਰੂਰ, ਪਰ ਅੱਖ ਬਚਾ ਕੇ ਗੱਲਾ ਸਾਫ਼ ਕਰ ਜਾਂਦਾ। ਉਦੋਂ ਹੀ ਪਤਾ ਲੱਗਦਾ, ਜਦੋਂ ਉਹ ਚੜ੍ਹੀਆਂ ਅੱਖਾਂ 'ਤੇ ਥਿੜਕਦੇ ਪੈਰਾਂ ਨਾਲ ਘਰ ਵੜਦਾ। ਰੋਟੀ ਖਾਣ ਲਈ ਸ਼ੋਰ ਮਚਾਉਂਦਾ। ਨੂੰਹ ਸੱਸ ਵਿਹੜੇ ਵਿੱਚ ਭੱਜੀਆਂ ਫਿਰਦੀਆਂ। ਪੁੱਤ ਕਾਹਦਾ ਸੀ-ਠਾਣੇਦਾਰ ਸੀ।

ਇੱਕ ਤਰ੍ਹਾਂ ਨਾਲ ਫੇਰ ਤਾਂ ਹਰੀਸ਼ ਹੀ ਘਰ ਦਾ ਥੰਮ ਸੀ। ਪਿਤਾ ਦੀ ਬਿਮਾਰੀ ਤੇ ਵੱਡੇ ਭਾਈ ਦੇ ਨਿੱਤ ਦੇ ਕੰਜਰਖ਼ਾਨੇ ਵਿੱਚ ਉਹ ਕਿਸੇ ਬਿਗਾਨੀ ਧੀ ਨੂੰ ਕਿਵੇਂ ਲਿਆ ਕੇ ਫਸਾ ਦਿੰਦਾ। ਉਹ ਨੇ ਕੰਵਾਰਾ ਰਹਿਣਾ ਹੀ ਠੀਕ ਸਮਝਿਆ।

ਆਦਰਸ਼ਵਾਦੀ

67