ਰੇਸ਼ਮ ਦੀਆਂ ਗੰਢਾਂ
ਬਲਵੰਤ ਰੰਗ ਦਾ ਕਾਲਾ ਸੀ। ਬੱਸ ਇਹੀ ਉਸ ਨੂੰ ਝੋਰਾ ਸੀ। ਸਾਰੀ ਜ਼ਿੰਦਗੀ ਦਾ ਝੋਰਾ। ਨਹੀਂ ਤਾਂ ਕੱਦ ਉਸ ਦਾ ਪੂਰਾ ਸੀ। ਨੈਣ ਨਕਸ਼ ਦਿਲ ਖਿੱਚਵੇਂ ਸਨ। ਹੱਡਾਂ ਪੈਰਾਂ ਦਾ ਖੁੱਲ੍ਹਾ ਸੀ। ਪੱਟ ਤੇ ਉਸ ਦੇ ਡੌਲੇ-ਹੱਥਾਂ ਨਾਲ ਟੋਹ ਟੋਹ ਦੇਖਣ ਨੂੰ ਜੀਅ ਕਰਦਾ ਸੀ। ਮੋਟੀਆਂ-ਮੋਟੀਆਂ ਅੱਖਾਂ, ਲਾਲ ਡੋਰਿਆਂ ਵਾਲੀਆਂ-ਪੂਰੀਆਂ ਦਲੇਰ ਅੱਖਾਂ। ਦੰਦਾਂ ਦੀ ਬੀੜ ਜਿਵੇਂ ਕਿਸੇ ਸੁਨਿਆਰੇ ਨੇ ਚਿਣ ਚਿਣ ਕੇ ਦੰਦ ਜੜੇ ਹੋਣ। ਚਿੱਟੇ ਦੰਦ ਅਨਾਰ ਵਿੱਚ ਜਿਵੇਂ ਚਿੱਟੇ ਚਿੱਟੇ ਦਾਣੇ।
ਬਲਵੰਤ ਪੀ.ਟੀ.ਆਈ. ਦਾ ਕੋਰਸ ਕਰਕੇ ਲਹਿਰੇਗਾਗੇ ਸਕੂਲ ਵਿੱਚ ਲੱਗ ਪਿਆ ਸੀ। ਲਹਿਰੇਗਾਗੇ ਦਾ ਇਲਾਕਾ ਉਦੋਂ ਦੇਸੀ ਸ਼ਰਾਬ ਕੱਢਣ ਵਿੱਚ ਬੜਾ ਉੱਘਾ ਸੀ। ਸਕੂਲਾਂ ਦੇ ਮੁੰਡੇ ਵੀ ਤੌੜੇ ਪਾ ਪਾ ਰੱਖਦੇ। ਲਿਹਲ ਖੁਰਦ ਦੇ ਮੁੰਡੇ ਤਾਂ ਬਹੁਤੇ ਹੀ ਏਸ ਕੰਮ ਵਿੱਚ ਮਾਹਰ ਸਨ। ਇਲਾਕੇ ਵਿੱਚ ਲਹਿਰਾਗਾਗਾ ਇੱਕੋ ਹਾਈ ਸਕੂਲ ਸੀ। ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੇ ਮੁੰਡੇ ਉੱਥੇ ਪੜ੍ਹਦੇ ਸਨ। ਬਲਵੰਤ ਓਥੇ ਜਾਣ ਸਾਰ ਸ਼ਰਾਬ ਦਾ ਆਦੀ ਹੋ ਗਿਆ। ਕੋਈ ਨਾ ਕੋਈ ਮੁੰਡਾ ਮੱਕੀ ਦਾ ਗੁੱਲ ਲਾ ਕੇ ਘਸਮੈਲੀ ਬੋਤਲ ਦੇ ਜਾਇਆ ਕਰਦਾ ਤੇ ਬਲਵੰਡ ਦੀਆਂ ਨਿੱਤ ਤੀਆਂ ਬਣੀਆਂ ਰਹਿੰਦੀਆਂ। ਬਖ਼ਸ਼ੀ ਵਾਲੇ ਸਰਦਾਰਾਂ ਦਾ ਦਸਵੀਂ ਵਿੱਚ ਪੜ੍ਹਦਾ ਮੁੰਡਾ ਤਾਂ ਜਿਵੇਂ ਉਸ ਦਾ ਯਾਰ ਹੀ ਬਣ ਗਿਆ ਸੀ। ਉਹ ਦੋਵੇਂ ਆਥਣ ਵੇਲੇ ਰੂੜੀ ਮਾਰਕਾ ਪੀਂਦੇ ਤੇ ਲਹਿਰੇਗਾਗੇ ਦੇ ਬਜ਼ਾਰ ਵਿੱਚ, ਸਟੇਸ਼ਨ 'ਤੇ ਅਤੇ ਪਿੰਡ ਦੀਆਂ ਗਲੀਆਂ ਵਿੱਚ ਕੁੱਤਿਆਂ ਵਾਂਗ ਜਭਕਦੇ ਫਿਰਦੇ। ਕਦੇ ਕਦੇ ਬਜ਼ਾਰ ਵਿੱਚ ਖੜ੍ਹ ਕੇ ਉਸ ਮੁੰਡੇ ਦੀ ਬਾਰਾਂ ਬੋਰ ਬੰਦੂਕ ਨਾਲ ਫਾਇਰ ਵੀ ਕਰ ਦਿੰਦੇ ਤਾਂ ਵੀ ਉਨ੍ਹਾਂ ਨੂੰ ਕੋਈ ਨਾ ਬੋਲਦਾ। ਕੋਈ ਨਾ ਟੋਕਦਾ।‘ਮਾਸਟਰ ਦੇ ਵੀ ਇਹ ਕੰਮ ਹੁੰਦੇ ਨੇ?’ ਬਲਵੰਤ ਐਵੇਂ ਐਵੇਂ ਵਿੱਚ ਹੀ ਬਦਨਾਮ ਹੋ ਗਿਆ ਸੀ ਤੇ ਉਸ ਨੇ ਦੋ ਸਾਲ ਉੱਥੇ ਕੱਟ ਕੇ ਫੇਰ ਭਦੌੜ ਦੀ ਬਦਲੀ ਕਰਵਾ ਲਈ।
ਭਦੌੜ ਆ ਕੇ ਉਹ ਡਰ ਡਰ ਕੇ ਰਹਿੰਦਾ। ਸ਼ਰਾਬ ਪੀਣੀ ਬਿਲਕੁੱਲ ਛੱਡ ਦਿੱਤੀ। ਬੋਲਦਾ ਉਹ ਬਹੁਤ ਸੀ। ਸਾਫ਼ੀਆਂ ਬੜੀਆਂ ਮਾਰਦਾ। ਲਹਿਰੇਗਾਗਾ ਦੀਆਂ ਠੁੱਕਾਂ ਬੰਨ੍ਹਦਾ। ਬਹੁਤ ਗੱਲਾਂ ਕਰਦਾ। ਲੜੀ ਟੁੱਟਣ ਹੀ ਨਾ ਦਿੰਦਾ। ਜਿੱਥੇ ਉਹ ਗੱਲ ਕਰਦਾ ਹੁੰਦਾ, ਹੋਰ ਕੋਈ ਨਹੀਂ ਸੀ ਬੋਲ ਸਕਦਾ। ਸਾਰੇ ਮਾਸਟਰ ਉਹ ਦੀਆਂ ਗੱਲਾਂ ਸੁਣ ਕੇ ਖ਼ੁਸ਼ ਰਹਿੰਦੇ। ਹਰ ਵੇਲੇ ਬੋਲੀ ਜਾਂਦਾ, ਬੋਲੀ ਜਾਂਦਾ ਤੇ ਮਾਸਟਰਾਂ ਨੇ ਉਹ ਦਾ ਨਾਉਂ ਵਿਵਿਧ ਭਾਰਤੀ ਰੱਖ ਲਿਆ ਸੀ। ਉਹ ਗੱਲਾਂ ਹੀ ਇਕੱਲੀਆਂ ਅਜੀਬ ਕਿਸਮ ਦੀਆਂ ਨਹੀਂ ਸੀ
ਰੇਸ਼ਮ ਦੀਆਂ ਗੰਢਾਂ
73