ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਰੋਹਤਕ ਨੂੰ ਜਾਣ ਲਈ ਰੇਸ਼ਮਾ ਜਦੋਂ ਸਟੇਸ਼ਨ ਤੇ ਆਈ ਤਾ ਬਲਵੰਤ ਤੇ ਇੰਦਰਜੀਤ ਆਪ ਓਸ ਨੂੰ ਗੱਡੀ ਚੜ੍ਹਾ ਕੇ ਗਏ। ਬਲਵੰਤ ਭਦੌੜ ਆ ਕੇ ਸਕੂਲ ਵਿੱਚ ਹਾਜ਼ਰ ਹੋ ਗਿਆ।

ਇੱਕ ਮਹੀਨੇ ਬਾਅਦ ਰੋਹਤਕ ਤੋਂ ਰੇਸ਼ਮਾ ਦੀ ਚਿੱਠੀ ਆਈ ਕਿ ਉਹ ਦਿੱਲੀ ਜਾ ਰਹੀ ਹੈ। ਓਥੇ ਉਹ ਦੀ ਮਾਸੀ ਦੀ ਕੁੜੀ ਵਿਆਹੀ ਹੋਈ ਹੈ। ਅਗਲਾ ਸਾਰਾ ਹਫ਼ਤਾ ਉਹ ਸ਼ਾਮ ਨੂੰ ਪੰਜ ਵਜੇ ਤੋਂ ਸੱਤ ਵਜੇ ਤੱਕ ਚਾਂਦਨੀ ਚੌਕ ਵਿੱਚ ਸ਼ੀਸ਼ਗੰਜ ਗੁਰਦੁਆਰੇ ਸਾਹਮਣੇ ਨਿੱਤ ਉਡੀਕ ਰਹੀ ਹੋਇਆ ਕਰੇਗੀ ਤੇ ਬਲਵੰਤ ਕਿਸੇ ਦਿਨ ਵੀ ਆ ਕੇ ਉਹ ਨੂੰ ਮਿਲੇ। ਬਲਵੰਤ ਨੇ ਚੜ੍ਹੇ ਚਾਹ ਨਾਲ ਚਿੱਠੀ ਪੜ੍ਹੀ ਤੇ ਉਹ ਦੇ ਅੰਦਰ ਖੋਹ ਦੀ ਅੱਗ ਭੜਕ ਉੱਠੀ ਉਸ ਨੇ ਦੋ ਸੌ ਰੁਪਿਆ ਭਦੌੜ ਆਪਣੇ ਯਾਰਾਂ ਤੋਂ ਇਕੱਠਾ ਕੀਤਾ, ਸੌ ਰੁਪਿਆ ਉਹ ਫ਼ਰੀਦਕੋਟ ਇੰਦਰਜੀਤ ਕੋਲ ਲੇਲ੍ਹੜਿਆ ਕੱਢ ਕੇ ਲੈ ਆਇਆ। ਚਾਰ ਸੌ ਲੈ ਕੇ ਦਿੱਲੀ ਚਲਿਆ ਗਿਆ ਤੇ ਇੱਕ ਹਫ਼ਤਾ ਉੱਥੇ ਲਾ ਕੇ ਉਹ ਦਿੱਲੀ ਨੂੰ ਦੱਸ ਆਇਆ ਕਿ ‘ਤੇਰੀ ਬੁੱਕਲ ਵਿੱਚ ਇੱਕ ਜੋੜਾ ਮਨ ਦੀ ਸ਼ਾਤੀ ਹੰਢਾ ਗਿਆ ਹੈ।

ਅਗਸਤ-ਸਤੰਬਰ ਵਿੱਚ ਰੇਸ਼ਮਾ ਦੀ ਛੋਟੀ ਭੈਣ ਨੇ ਦਸਵੀਂ ਦਾ ਇਮਤਿਹਾਨ ਦੇਣਾ ਸੀ। ਰੇਸ਼ਮਾ ਨੇ ਮਥ ਮਥਾ ਕੇ ਉਹ ਦਾ ਸੈਂਟਰ ਰੋਹਤਕ ਦੀ ਥਾਂ ਫ਼ਰੀਦਕੋਟ ਭਰਵਾ ਦਿੱਤਾ। ਜਦ ਉਹ ਫ਼ਰੀਦਕੋਟ ਇਮਤਿਹਾਨ ਦੇਣ ਆਈ ਤਾਂ ਨਾਲ ਉਹ ਦੇ ਰੇਸ਼ਮਾ ਵੀ ਆ ਗਈ। ਦੋਵੇਂ ਭੈਣਾਂ ਉਹ ਬਲਵੰਤ ਦੇ ਵੱਡੇ ਭਰਾ ਦੇ ਘਰ ਆ ਕੇ ਠਹਿਰ ਗਈਆਂ। ਬਲਵੰਤ ਇੱਕ ਮਹੀਨੇ ਦੀ ਛੁੱਟੀ ਲੈ ਕੇ ਭਦੌੜ ਤੋਂ ਫ਼ਰੀਦਕੋਟ ਆ ਵੜਿਆ। ਉਸ ਦਾ ਵੱਡਾ ਭਰਾ ਤੇ ਭਰਜਾਈ ਭਾਵੇਂ ਅੰਦਰੋ ਅੰਦਰੀ ਕੁਝ ਵੀ ਮਹਿਸੂਸ ਕਰਦੇ ਹੋਣ, ਪਰ ਉਨ੍ਹਾਂ ਨੇ ਰੇਸ਼ਮਾ ਦਾ ਘਰੇ ਬਲਵੰਤ ਕੋਲ ਖੁੱਲ੍ਹਮ ਖੁੱਲ੍ਹਾ ਆਉਣਾ ਕਦੇ ਵੀ ਨਹੀਂ ਸੀ ਵਰਜਿਆ।

ਇੰਦਰਜੀਤ ਨੇ ਉਸ ਨੂੰ ਮੱਤ ਦਿੱਤੀ-ਬਲਵੰਤ, ਐਵੇਂ ਭਕਾਈਂ ’ਚ ਕੋਈ ਫੈਦਾ ਨੀਂ। ਸਾਰੀ ਕਹਾਣੀ ਹੋ ਚੁੱਕੀ ਐ। ਲੋਕਾਂ ਨੂੰ ਸਭ ਪਤੈ। ਸਾਰੇ ਮਿੱਤਰ ਬੋਲੀ ਤੇਰੀ ਮਦਦ ਤੇ ਨੇ। ਤੂੰ ਹੁਣ ਰੇਸ਼ਮਾਂ ਨੂੰ ਸੁੱਕੀ ਨਾ ਜਾਣ ਦੇਹ। ਹੋਰ ਕੋਈ ਗੱਲ ਨੀਂ ਬਣਦੀ ਤਾਂ ਕੋਰਟ ਮੈਰਿਜ ਕਰਵਾ ਲੈ। ਬਲਵੰਤ ਕਹਿੰਦਾ-ਵਿਆਹ ਦੀ ਵੀ ਯਾਰ ਕੋਈ ਗੱਲ ਐ ਜਦੋਂ ਮਰਜ਼ੀ ਕਰਵਾ ਲੈ। ਆਪਾਂ ਤੋਂ ਹੁਣ ਇਹ ਨੇ ਭੱਜ ਥੋੜ੍ਹਾ ਜਾਣੈ।"

ਉਨ੍ਹਾਂ ਦਿਨਾਂ ਵਿੱਚ ਹੀ ਭਰਜਾਈ ਦੀ ਮਾਸੀ ਨੇ ਕੁੜੀ ਦਾ ਵਿਆਹ ਕਢਵਾ ਕੇ ਕੋਟਕਪੂਰੇ ਭੇਜ ਦਿੱਤਾ। ਵਿਆਹ ਵਿੱਚ ਦੋ ਮਹੀਨੇ ਰਹਿੰਦੇ ਸਨ। ਸਾਰੀ ਗੱਲ ਦਾ ਬਲਵੰਤ ਨੂੰ ਪਤਾ ਸੀ। ਅੰਦਰੋਂ ਅੰਦਰੀ ਉਹ ਰਿਝ ਰਿਹਾ ਸੀ ਕਿ ਕਿਵੇਂ ਰੇਸ਼ਮਾ ਨਾਲ ਉਸ ਦਾ ਵਿਆਹ ਹੋ ਜਾਵੇ। ਰੇਸ਼ਮਾ ਵਿਆਹ ਲਈ ਤਿਆਰ ਸੀ, ਪਰ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਬਲਵੰਤ ਪਹਿਲਾਂ ਹੀ ਮੰਗਿਆ ਹੋਇਆ ਹੈ ਤੇ ਹੁਣ ਉਸ ਦਾ ਵਿਆਹ ਵੀ ਧਰਿਆ ਹੋਇਆ ਹੈ। ਆਖ਼ਰ ਘਰ ਦੀ ਘੁਸਰ ਮੁਸਰ ਵਿਚੋਂ ਉਸ ਨੂੰ ਪਤਾ ਲੱਗ ਹੀ ਗਿਆ।ਉਹ ਬਲਵੰਤ ਨੂੰ ਕਹਿੰਦੀ-ਅਜੇ ਵੀ ਕੀ ਵਿਗੜਿਆ ਹੈ। ਤੁਸੀਂ ਹਿੱਕ ਠੋਕ ਕੇ ਆਖੋ ਤੇ ਬਲਵੰਤ ਜੀ, ਮੈਨੂੰ ਜਿੱਥੇ ਮਰਜ਼ੀ ਲੈ ਚੱਲੇ।’ ਰੇਸ਼ਮਾ ਨੇ ਰੋਹਤਕ ਤੋਂ ਆਪਣੀ ਮਾਂ ਨੂੰ ਬੁਲਾ ਲਿਆ। ਮਾਂ ਜਦੋਂ ਆਈ ਤੇ ਉਸ ਨੂੰ ਸਾਰੇ ਝਗੜੇ ਦਾ ਪਤਾ ਲੱਗਿਆ ਤਾਂ ਉਹ

ਰੇਸ਼ਮ ਦੀਆਂ ਗੰਢਾਂ

79