ਪੰਨਾ:ਰਾਵੀ - ਗੁਰਭਜਨ ਗਿੱਲ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਾਰਮਿਕ ਮੁੱਦਿਆਂ ਨੂੰ ਵੀ ਆਪਣੀ ਗ਼ਜ਼ਲ ਵਿਚ ਥਾਂ ਦੇ ਕੇ, ਉਸ ਦੀ ਸ਼ਾਇਰੀ ਦੇਸ਼ ਦੀ ਸੱਤਾ 'ਤੇ ਕਾਬਜ਼ ਫ਼ਾਸੀਵਾਦੀ, ਅੰਧ ਰਾਸ਼ਟਰਵਾਦੀ ਅਤੇ ਫ਼ਿਰਕਾਪ੍ਰਸਤ ਤਾਕਤਾਂ ਦੇ ਵਿਰੁੱਧ ਸਾਰੀਆਂ ਪ੍ਰਗਤੀਸ਼ੀਲ ਧਿਰਾਂ, ਵਿਚਾਰਧਾਰਾਵਾਂ, ਸੰਗਠਨਾਂ ਅਤੇ ਤਾਕਤਾਂ ਦੇਸ਼ ਨੂੰ ਇੱਕ ਹੋਰ ਵੰਡ ਵੱਲ ਧੱਕਣ ਵਾਲੀਆਂ ਇਨ੍ਹਾਂ ਭਰਾ-ਪਾੜ ਅਤੇ ਭਰਾ-ਮਾਰੂ ਤਾਕਤਾਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੰਦਿਆਂ, ਘੱਟ ਗਿਣਤੀਆਂ ਦੀ ਆਪਣੀ ਹੋਂਦ, ਹੋਣੀ, ਭਾਸ਼ਾ, ਸਭਿਆਚਾਰ ਅਤੇ ਵਿਰਾਸਤ ਦੀ ਵਿਲੱਖਣਤਾ ਦਾ ਪੂਰਨ ਸਤਿਕਾਰ ਕੀਤੇ ਜਾਣ ਅਤੇ ਇਨ੍ਹਾਂ ਦੀ ਵਿਲੱਖਣ ਹਸਤੀ ਨੂੰ ਪਛਾਣਨ ਅਤੇ ਬਣਾਈ ਰੱਖਣ ਦਾ ਸੰਦੇਸ਼ ਦਿੰਦੀਆਂ ਹਨ। ਅੰਧ ਰਾਸ਼ਟਰਵਾਦ ਦੇ ਨਾਂ 'ਤੇ ਦੇਸ਼ ਦੀਆਂ ਘੱਟ ਗਿਣਤੀਆਂ ਦੀ ਵਿਲੱਖਣ ਪਛਾਣ ਉੱਪਰ ਕਿਸੇ ਵੀ ਪ੍ਰਕਾਰ ਦੇ ਹਕੂਮਤੀ ਬੁਲਡੋਜ਼ਰ ਜਿਸ ਨੂੰ ਗੁਰਭਜਨ ਗਿੱਲ ਨੇ 'ਸੁਹਾਗਾ' ਕਿਹਾ ਹੈ, ਫੇਰੇ ਜਾਣ ਦਾ ਡਟ ਕੇ ਵਿਰੋਧ ਕੀਤਾ ਜਾਣਾ ਅਤੇ ਘੱਟ ਗਿਣਤੀਆਂ ਦੇ ਹੱਕ ਵਿਚ ਡਟ ਕੇ ਖਲੋ ਜਾਣਾ ਅਤੇ ਘੱਟ ਗਿਣਤੀਆਂ ਵਿਚ ਇਸ ਫ਼ਾਸੀਵਾਦੀ ਰੁਝਾਨ ਦੇ ਵਿਰੁੱਧ ਏਕਤਾ ਕਰਕੇ ਸੰਘਰਸ਼ਸ਼ੀਲ ਹੋਣ ਦਾ ਸੰਦੇਸ਼ ਦੇਣਾ, ਇਸ ਸ਼ਾਇਰੀ ਦੀ ਇੱਕ ਹੋਰ ਸ਼ਲਾਘਾਯੋਗ ਪ੍ਰਾਪਤੀ ਹੈ। ਅੱਜ ਭਾਵੇਂ ਕਿਸੇ ਨੂੰ ਇਹ ਵਰਤਾਰਾ ਛੋਟੇ ਪੱਧਰ ਅਤੇ ਛੋਟੇ ਘੇਰੇ ਦਾ ਲੱਗੇ, ਪਰੰਤੂ ਗੁਰਭਜਨ ਦੀ ਸ਼ਾਇਰੀ ਇਸ ਰੁਝਾਨ ਦੇ ਦੇਸ਼ ਵਿਰੋਧੀ, ਮਾਨਵ-ਵਿਰੋਧੀ ਅਤੇ ਅਨੇਕਤਾ ਵਿਰੋਧੀ ਚਿਹਰੇ ਨੂੰ ਪਛਾੜਨ ਅਤੇ ਨੰਗਾ ਕਰਨ ਵਿਚ ਵਿਚਾਰਧਾਰਕ ਦ੍ਰਿਸ਼ਟੀ ਤੋਂ ਬਹੁਤ ਹੀ ਸਪਸ਼ਟ ਅਤੇ ਲੋਕ-ਪੱਖੀ ਪੈਂਤੜਾ ਲੈਣ ਕਾਰਨ ਵਧਾਈ ਦੀ ਹੱਕਦਾਰ ਹੈ। ਇਸ ਵਰਤਾਰੇ ਪ੍ਰਤੀ ਉਸ ਦੀ ਦ੍ਰਿਸ਼ਟੀਮੂਲਕ ਪਹੁੰਚ ਵੇਖੋ:

ਸਾਡੀ ਵੀ ਇਹ ਮਾਂ ਧਰਤੀ ਹੈ, ਤੈਥੋਂ ਡਰ ਕੇ ਜੈ ਕਿਉਂ ਕਹੀਏ?
ਚਾਰੇ ਚੱਕ ਜਾਗੀਰ ਅਸਾਡੀ, ਜਿੱਥੇ ਜਿੱਦਾਂ ਮਰਜ਼ੀ ਰਹੀਏ।

ਸਾਡੀ ਧਰਤੀ ਵੇਦ ਵਿਆਸੀ, ਵਾਲਮੀਕਿ ਨਾਨਕ ਦੀ ਵਾਸੀ,
ਸ਼ਬਦ ਗੁਰੂ ਨੇ ਸਾਵੇਂ ਰੱਖੇ ਇਸ ਜ਼ਿੰਦਗੀ ਦੇ ਚਾਰੇ ਪਹੀਏ।

ਤੇਰੀ ਲਿਖੀ ਇਬਾਰਤ ਅੰਦਰ, ਇੱਕੋ ਰੰਗ ਦੀ ਮੂਰਤ ਦਿਸਦੀ,
ਏਸੇ ਬੇਵਿਸ਼ਵਾਸੀ ਕਰਕੇ, ਇੱਕ ਦੂਜੇ ਦੀ ਨਜ਼ਰੋਂ ਲਹੀਏ।

ਵਤਨ ਮੇਰਾ ਫੁਲਕਾਰੀ ਵਰਗਾ, ਖੱਦਰ ਸ਼ਕਤੀ, ਰੇਸ਼ਮ ਡੋਰਾਂ,
ਸਭ ਰੰਗਾਂ ਦਾ ਮੇਲਾ ਧਰਤੀ, ਸਭ ਦੀ ਸੁਣੀਏ, ਸਭ ਨੂੰ ਕਹੀਏ।

ਰਾਜ ਭਾਗ ਤਾਂ ਆਉਣੇ ਜਾਣੇ, ਬੱਦਲਾਂ ਦੇ ਪਰਛਾਵੇਂ ਵਾਂਗੂੰ,
ਫੁੱਲਾਂ ਵਿਚ ਖੁਸ਼ਬੋਈ ਜੀਕੂੰ, ਰੰਗਾਂ ਅੰਦਰ ਵੱਸਦੇ ਰਹੀਏ। (ਪੰਨਾ: 110)

ਧਿਆਨ ਦਿਓ, ਦੇਸ਼ ਦੇ ਮੌਜੂਦਾ ਹਾਲਾਤ ਨੂੰ ਕਿੰਨੇ ਸੰਜਮ ਅਤੇ ਸੂਖ਼ਮਤਾ ਨਾਲ ਬਿਆਨ ਕੀਤਾ ਹੈ:

ਮਨ ਤੇ ਮਨ ਵਿਚਕਾਰ ਪਸਰਿਆ, ਸਹਿਮ ਜਿਹਾ ਤੇ ਚੁੱਪ ਦਾ ਪਹਿਰਾ
ਰੁੱਖ ਘਣਛਾਵੇਂ ਦੀ ਜੜ੍ਹ ਇੱਕੋ, ਟਾਹਣਾਂ ਵਾਂਗੂੰ ਕਾਹਨੂੰ ਖਹੀਏ। (ਪੰਨਾ: 110)

123