ਪੰਨਾ:ਰਾਵੀ - ਗੁਰਭਜਨ ਗਿੱਲ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਨੂੰ ਚੇਤਨ-ਵਰਗ ਨੂੰ ਸੱਤਾ ਦੇ ਚਿਹਰੇ ਪਿੱਛੇ ਬੈਠੇ ਔਰੰਗਜ਼ੇਬ ਨੂੰ ਪਛਾਣਨ ਅਤੇ ਪਛਾਣ ਕੇ ਲੋਕ-ਸ਼ਕਤੀ ਨਾਲ ਪਛਾੜਨ ਦੀ ਵੀ ਬਹੁਤ ਵੱਡੀ ਜ਼ਰੂਰਤ ਹੈ।

ਗੁਰਭਜਨ ਨੇ ਵੀ ਅੰਧ-ਰਾਸ਼ਟਰਵਾਦ ਅਤੇ ਦੇਸ਼ ਵਿਚ ਸੋਚੀ-ਸਮਝੀ ਸਾਜ਼ਿਸ਼ ਅਧੀਨ ਚਲਾਈ ਜਾ ਰਹੀ ਭਗਵਾਕਰਣ ਦੀ ਲਹਿਰ ਦਾ ਬਹੁਤ ਠੋਕਵੇਂ ਢੰਗ ਨਾਲ ਵਿਰੋਧ ਕੀਤਾ ਹੈ। ਗ਼ਜ਼ਲ ਬਹੁਤ ਹੀ ਸੂਖਮ ਅਤੇ ਧੁਨੀ ਰੂਪ ਵਿਚ ਗੱਲ ਕਹਿਣ ਵਾਲੀ ਸਿਨਫ਼ ਹੈ। ਗੁਰਭਜਨ ਦੀ ਸ਼ਾਇਰੀ ਰਾਜਨੀਤੀ ਦੇ ਟੇਢੇ, ਵੱਡੇ ਅਤੇ ਦੇਸ਼ ਦੇ ਭਖ਼ਦੇ ਮਸਲਿਆਂ ਵੱਲ ਇਸੇ ਸੂਖਮਤਾ ਨਾਲ ਸੰਕੇਤ ਕਰਦੀ ਹੈ:

ਧਰਮਾਂ ਦੀ ਮੰਡੀ ਵੀ ਨੀਲਾਮ ਘਰ ਹੋ ਗਿਆ,
ਵੇਚਦਾ ਬਾਜ਼ਾਰ ਹੁਣ ਗਧਿਆਂ ਨੂੰ ਪੀਰੀਆਂ।

ਜਿੱਥੇ ਕਿਤੇ ਬਾਗ਼ ਵਿਚ ਲਾਲ ਸੂਹੇ ਫੁੱਲ ਨੇ,
ਆ ਗਿਆ ਆਦੇਸ਼, ਬੀਜੋ ਕੇਸਰੀ ਪਨੀਰੀਆਂ।

ਸੱਤਾ ਤੋਂ ਕਿਸੇ ਪ੍ਰਕਾਰ ਦੀ ਉਮੀਦ ਨਾ ਰੱਖਣ ਦੀ ਤਾਕੀਦ ਕਰਦਿਆਂ ਸਰਕਾਰ ਪ੍ਰਤੀ ਨੀਤ ਅਤੇ ਨੀਤੀ ਦੋਹਾਂ ਨੂੰ 'ਟੀਰੀ' ਕਹਿਣ ਦਾ ਸੁਭਾਅ ਵੀ ਇਹ ਸ਼ਾਇਰੀ ਪ੍ਰਾਪਤ ਕਰਦੀ ਹੈ:

ਅੰਬਰਾਂ ਤੇ ਗੁੱਡੀਆਂ ਚੜ੍ਹਾਉਣ ਵਾਲੀ ਰੀਝ ਨੇ,
ਸੁਤੀ ਹੋਈ ਡੋਰ ਨਾਲ ਉਂਗਲਾਂ ਨੇ ਚੀਰੀਆਂ।

ਰੱਖ ਨਾ ਉਮੀਦ ਐਵੇਂ ਭੋਲੇ ਦਿਲਾ ਪਾਤਸ਼ਾਹ
ਨੀਤ ਬਦਕਾਰ ਤੇਰੀ, ਨੀਤੀਆਂ ਵੀ ਟੀਰੀਆਂ।

ਗੁਰਭਜਨ ਦੀ ਸ਼ਾਇਰੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਸ ਦਾ ਪੰਜਾਬੀ ਵਿਰਾਸਤ ਨਾਲ ਡੂੰਘੀ ਤਰ੍ਹਾਂ ਜੁੜੇ ਹੋਣਾ ਹੈ। ਇਸ ਵਿਰਾਸਤ ਵਿਚ ਪੰਜਾਬ ਦਾ ਇਤਿਹਾਸ, ਸਿੱਖ ਧਰਮ, ਸਿੱਖ-ਇਤਿਹਾਸ, ਗੁਰੂ ਗ੍ਰੰਥ ਸਾਹਿਬ ਦੀ ਸਾਂਝੀਵਾਲਤਾ, ਪੰਜਾਬੀ ਬੋਲੀ, ਪੰਜਾਬ ਦੀ ਲੋਕਧਾਰਾ, ਲੋਕ-ਮੁਹਾਵਰੇ, ਲੋਕ-ਰੀਤਾਂ, ਲੋਕ-ਧੰਦੇ, ਲੋਕ ਕਲਾਵਾਂ ਗੱਲ ਕੀ ਪੰਜਾਬੀ ਵਿਰਾਸਤ ਦਾ ਕਣ ਕਣ ਜੋੜ ਕੇ ਗੁਰਭਜਨ ਨੇ ਇਸ ਫੁਲਕਾਰੀ ਦਾ ਇੱਕ ਇੱਕ ਤੋਪਾ, ਇੱਕ ਰੰਗ ਜਿਸ ਮੁਹੱਬਤ, ਖ਼ਲੂਸ, ਸ਼ਰਧਾ, ਸਤਿਕਾਰ ਅਤੇ ਦਿਲ ਦੀ ਰੀਝ ਨਾਲ ਇਸ ਫੁਲਕਾਰੀ ਨੂੰ ਅੱਖਰਾਂ ਦਾ ਜਾਮਾ ਪੁਆਇਆ ਹੈ। ਇਹ ਪੰਜਾਬੀ ਸ਼ਾਇਰੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਪੰਜਾਬੀਅਤ ਦਾ ਇੰਨਾ ਗੂੜਾ ਰੰਗ ਸਾਨੂੰ ਦੋਹਾਂ ਪੰਜਾਬਾਂ ਦੇ ਗ਼ਜ਼ਲਗੋਆਂ ਵਿਚੋਂ ਸਭ ਤੋਂ ਵੱਧ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਪ੍ਰਾਪਤ ਹੁੰਦਾ ਹੈ। ਪੰਜਾਬੀਅਤ ਦੀ ਸਾਂਝ, ਦਾਨਾਪਣ, ਸੂਰਮਗਤੀ, ਸੰਘਰਸ਼, ਦਰਿਆਦਿਲੀ ਅਤੇ ਦੂਜਿਆਂ ਲਈ ਸਿਰ ਵਾਰਨ ਅਤੇ ਪਿਆਰ ਵਿਚ ਪ੍ਰੋ. ਪੂਰਨ ਸਿੰਘ ਦੇ ਕਹਿਣ ਵਾਂਗ 'ਗੁਲਾਮੀ ਕਰਨ' ਪਰ ਕਿਸੇ ਰਾਣੀ ਖਾਂ ਦੇ ਸਾਲੇ ਦੀ "ਟੈਂ" ਨਾ ਮੰਨਣ ਦੇ ਖੂਬਸੂਰਤ ਪਹਿਲੂਆਂ ਨੂੰ ਜਿਸ ਸੰਘਣੇਪਨ, ਸਮੁੱਚਤਾ ਅਤੇ ਸਹਿਜਤਾ ਵਿਚ ਗੁਰਭਜਨ ਦੀ ਗ਼ਜ਼ਲ ਇਸ ਪੰਜਾਬੀਅਤ ਨੂੰ ਪੇਸ਼ ਕਰਨ ਵਿਚ ਅਤੇ ਇਸ ਨੂੰ ਸਮਰਿੱਧ ਕਰਨ ਵਿਚ ਜੋ ਨਵੇਂ ਪਸਾਰ ਅਤੇ ਦਿਸਹੱਦੇ ਸਥਾਪਿਤ

124