ਪੰਨਾ:ਰਾਵੀ - ਗੁਰਭਜਨ ਗਿੱਲ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰ ਸਮੁੰਦਰ ਪਾਰ ਸਮੁੰਦਰ, ਮਨ ਤੋਂ ਮਨ ਵਿਚਕਾਰ ਸਮੁੰਦਰ।
ਇਹ ਸ਼ਕਤੀ ਵੀ ਬਣ ਸਕਦਾ ਹੈ, ਜਿਹੜਾ ਮਨ ਤੇ ਭਾਰ ਸਮੁੰਦਰ।

ਤੇਰੇ ਮੇਰੇ ਇੱਕੋ ਦੁਸ਼ਮਣ, ਕਿਉਂ ਫਿਰ ਵੱਖ ਲੜਾਈ ਲੜੀਏ,
ਪਹਿਲਾਂ ਆ ਜਾ ਕੱਠੇ ਹੋਈਏ, ਰਲ ਕੇ ਕਰੀਏ ਪਾਰ ਸਮੁੰਦਰ।

ਵੇਖਣ ਵਾਲੀ ਅੱਖ ਸਲਾਮਤ, ਰੱਖਣੀ ਵੀ ਹੈ ਬਹੁਤ ਜ਼ਰੂਰੀ,
ਇੱਕ ਅੱਧ ਤੁਪਕਾ ਅੱਥਰੂ ਹੁੰਦਾ, ਏਸੇ ਦਾ ਵਿਸਥਾਰ ਸਮੁੰਦਰ।

ਲੋਕ ਹਮੇਸ਼ਾਂ ਅਗਨ ਲਗਨ ਦੀ, ਤੋਰ ਪਛਾਨਣ ਭਰਨ ਹੁੰਗਾਰੇ,
ਪਲੋ ਪਲੀ ਵਿੱਚ ਬਣ ਜਾਂਦੇ ਨੇ, ਕਰਦਾ ਮਾਰੋ ਮਾਰ ਸਮੁੰਦਰ।

ਜਣਹਾਰੀਆਂ ਮਾਵਾਂ ਭੈਣਾਂ, ਹਰ ਰਿਸ਼ਤੇ ਦੀ ਤਾਕਤ ਵੀਰੋ,
ਰਣਭੂਮੀ ਵਿੱਚ ਮਾਈਆਂ ਭਾਗੋ, ਦੁਰਗਾ ਚੰਡੀ ਨਾਰ ਸਮੁੰਦਰ।

ਕੰਡਿਆਂ ਕੋਲੋਂ ਬਚ ਕੇ ਤੁਰਦੈਂ, ਇਹ ਗੱਲ ਬੀਬਾ ਰੱਖੀਂ ਚੇਤੇ,
ਫੁੱਲ ਵੀ ਅਕਸਰ ਬਣ ਜਾਂਦੇ ਨੇ, ਵਿਸ਼ਗੰਦਲਾ ਸੰਸਾਰ ਸਮੁੰਦਰ।

ਧਰਤ ਪਰਾਈ ਹੋ ਜਾਂਦੀ ਹੈ, ਜੇ ਨਾ ਮਨ ਦਾ ਚੰਬਾ ਟਹਿਕੇ,
ਰੀਝਾਂ ਬਣ ਕੇ ਕੁੰਜਾਂ ਉੱਡਣ, ਬਣ ਜਾਵਣ ਫਿਰ ਡਾਰ ਸਮੁੰਦਰ।

77