ਪੰਨਾ:ਰਾਵੀ - ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਰ ਗਿਆ ਬੰਦਾ ਗੁਆਚੀ ਸਾਖ ਹੈ ਕਿਰਦਾਰ ਦੀ।
ਸੋਘਿਆਂ ਦੀ ਹੋੜ੍ਹ ਉੱਤੇ, ਟੇਕ ਹੈ ਸਰਕਾਰ ਦੀ।

ਇਹ ਨਹੀਂ ਕੋਲੋਂ ਬਣਾਈ, ਖ਼ਬਰ ਨਾ ਹੀ ਵਾਰਤਾ,
ਮੈਂ ਤਾਂ ਸੁਰਖ਼ੀ ਪੜ੍ਹ ਰਿਹਾ ਸਾਂ, ਅੱਜ ਦੇ ਅਖ਼ਬਾਰ ਦੀ।

ਰਾਜ ਪਥ ਦੇ ਕਾਫ਼ਲੇ ਵਿੱਚ ਪੂਛਲਾਂ ਮੈਂ ਵੇਖੀਆਂ,
ਇੱਕ ਟੁਕੜੀ ਤੁਰ ਰਹੀ ਸੀ, ਸੁੰਘਦੀ ਫੁੰਕਾਰਦੀ।

ਤੋਪ ਗੜ੍ਹ ਕੀ ਧਰਤ ਕੰਬੀ, ਹੋ ਗਿਆ ਲਾਗੂ ਵਿਧਾਨ,
ਲੀਕ ਅੰਬਰ ਪਾਰ ਕਰ ਗਈ, ਸੁਪਨਿਆਂ ਦੀ ਡਾਰ ਦੀ।

ਅਮਨ ਦੀ ਘੁੱਗੀ ਵਿਚਾਰੀ, ਤੋਪ ਅੰਦਰ ਆਲ੍ਹਣਾ,
ਹੋਰ ਨਾ ਹੁਣ ਲੋੜ ਰਹਿ ਗਈ, ਅਮਨ ਦੇ ਉਪਕਾਰ ਦੀ।

ਹੇ ਮਲਾਹੋ! ਇਹ ਤਾਂ ਦੱਸੋ, ਪਾਰ ਹੈ ਕਦ ਪਹੁੰਚਣਾ,
ਇਹ ਤਾਂ ਕਿਸ਼ਤੀ ਡੋਲਦੀ ਹੈ, ਲੱਗਦਾ ਨਹੀਂ ਤਾਰਦੀ।

ਪੰਜ ਸਾਲਾਂ ਬਾਅਦ ਹਾਕਮ, ਆਉਣਗੇ ਫਿਰ ਗਾਉਣਗੇ,
ਤਰਜ਼ ਬਦਲਣਗੇ ਗਵੱਈਏ, ਫਿਰ ਨਵੇਂ ਇਕਰਾਰ ਹੈ।

93