ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਣਾਉਂਦੀ ਤੇ ਤੋੜ ਦਿੰਦੀ। ਜਿਵੇਂ ਉਸਦੀ ਤਸੱਲੀ ਨਾ ਹੋ ਰਹੀ ਹੋਵੇ। ਉਸਨੇ ਅਜੇ ਤੱਕ ਵੀ ਕੋਈ ਧਿਆਨ ਨਾ ਦਿੱਤਾ। ਰੇਤ ਦਾ ਇੱਕ ਹੋਰ ਘਰ ਬਣਾਇਆ। ਮੈਂ ਵੇਖ ਰਿਹਾ ਸੀ ਕਿ ਉਹ ਫਿਰ ਉਸਨੂੰ ਤੋੜਨ ਲੱਗੀ।

ਪਿੱਛੇ ਖੜ੍ਹੇ-ਖੜ੍ਹੇ ਮੈਨੂੰ ਪਤਾ ਨੀ ਕੀ ਹੋਇਆ, ਅਚਾਨਕ ਉੱਚੀ ਆਵਾਜ਼ ’ਚ ਕਹਿ ਹੋ ਗਿਆ, “ਪਲੀਜ਼ ਡੌਂਟ ਬਰੇਕ ਇਟ।”

ਉਹ ਇਕਦਮ ਹੈਰਾਨ ਹੋ ਕੇ ਖੜ੍ਹੀ ਹੋ ਗਈ। ਪਿੱਛੇ ਮੁੜ ਕੇ ਗੁੱਸੇ ਭਰੀਆਂ ਨਜ਼ਰਾਂ ਨਾਲ ਮੈਨੂੰ ਵੇਖਿਆ। ਪੰਜ ਫੁੱਟ ਤੋਂ ਉੱਪਰ ਕੱਦ ਦੀ ਗੋਰੀ ਸੁਨੱਖੀ ਕੁੜੀ, ਇਕਦਮ ਮੇਰੇ ਸਾਹਮਣੇ ਖੜ੍ਹੀ ਸੀ। ਘੂਰ-ਘੂਰ ਮੈਨੂੰ ਵੇਖ ਰਹੀ ਸੀ। ਮੈਂ ਪੂਰਾ ਡਰ ਗਿਆ। ‘ਸੋਚਿਆ ਪੈ ਗਿਆ ਪੰਗਾ। ਹੁਣ ਪੁਲਿਸ ਆਏਗੀ।’ ਪ੍ਰੇਸ਼ਾਨ ਖੜ੍ਹਾ ਚੁੱਪ-ਚਾਪ ਰੇਤ ਦੇ ਉਸ ਘਰ ਵੱਲ ਵੇਖਣ ਲੱਗਾ।

“ਹੂਅ ਆਰ ਯੂ?” ਉਹ ਅਚਾਨਕ ਕੜ੍ਹਕੀ।

ਸੁਣ ਕੇ ਇੱਕ ਵਾਰ ਤਾਂ ਸੁੰਨ ਜਿਹਾ ਹੋ ਗਿਆ। ਸਭ ਕੁੱਝ ਗੜਬੜਾਉਂਦਾ ਨਜ਼ਰ ਆਇਆ ਪਰ ਅੱਗੇ ਕੀ ਹੋਇਆ, ਉਹ ਮੈਥੋਂ ਲਿਖ ਨਹੀਂ ਹੋ ਰਿਹਾ।

ਕਈ ਸਾਲ ਤੱਕ ਮੈਂ ਉਸ ਦੇ ਬਣਾਏ ਉਸ ਰੇਤ ਦੇ ਘਰ ਨੂੰ ਪੱਕਾ ਬਣਾਉਣ ਦੇ ਸੁਪਨੇ ਲੈਂਦਾ ਰਿਹਾ। ਆਪਣੇ ਟੁੱਟੇ ਘਰ ਨੂੰ ਮੁੜ ਵਸਾਉਣ ਦੇ ਸੁਪਨੇ ਲੈਂਦਾ ਰਿਹਾ। ਖ਼ਿਆਲਾਂ 'ਚ ਹੀ ਉਸ ਨੂੰ ਨਾਲ ਲੈ, ਆਕਾਸ਼ ’ਚ ਉਡਾਰੀਆਂ ਲਾਉਂਦਾ ਰਿਹਾ। ਕਿੰਨੇ ਸਾਲਾਂ ਤੋਂ ਇਹੀ ਤਾਂ ਕਰ ਰਿਹਾ ਸੀ, ਇੰਤਜ਼ਾਰ ....ਇੰਤਜ਼ਾਰ....ਤੇ ਸਿਰਫ਼ ਇੰਤਜ਼ਾਰ।

ਉਸ ਇੰਤਜ਼ਾਰ ਦਾ ਅੰਤਲਾ ਸੀਨ ਐਸਾ ਭਿਆਨਕ ਹੋਵੇਗਾ, ਇਹ ਤਾਂ ਕਦੇ ਸੋਚਿਆ ਹੀ ਨਹੀਂ। ਹੁਣ ਤਾਂ ਆਹ ਉਸਦੀ ਇੱਕ ਚਿੱਠੀ ਹੈ। ਪਹਿਲੀ ਤੇ ਆਖ਼ਰੀ। ਮੈਂ ਕੀ ਦੱਸਾਂ....ਇਸੇ ਨੂੰ ਚੰਗੀ ਤਰ੍ਹਾਂ ਪੜ੍ਹ ਲਵੋ। ਤੁਹਾਨੂੰ ਸਭ ਕੁੱਝ ਹੀ ਪਤਾ ਲੱਗ ਜਾਏਗਾ।

-0-

ਪਿਆਰੇ ਰਵੀ....ਜ਼ਿੰਦਗੀ ਮੇਰੇ ਲਈ ਇੱਕ ਬੋਝ ਬਣ ਗਈ ਸੀ। ਮਨ ਦੇ ਸਾਰੇ ਚਾਅ ਤੇ ਖ਼ੁਸ਼ੀਆਂ ਮਰ ਚੁੱਕੀਆਂ ਸਨ। ਜਿਉਣ ਦਾ ਕੋਈ ਮਕਸਦ ਨਹੀਂ ਸੀ ਮਿਲ ਰਿਹਾ। ਕੁੱਝ ਵੀ ਚੰਗਾ ਨਹੀਂ ਸੀ ਲੱਗ ਰਿਹਾ। ਇੱਕ ਜਿੰਦਾ ਲਾਸ਼ ਬਣ ਕੇ ਘੁੰਮਦੀ ਫਿਰਦੀ ਸੀ। ਅਚਾਨਕ ਬੜੀਆਂ ਅਜੀਬ ਪ੍ਰਸਥਿਤੀਆਂ ’ਚ ਇੱਕ ਟਾਪੂ ਤੇ ਮੈਨੂੰ ਤੂੰ ਮਿਲਿਆ। ਤੇਰੇ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ’ਚ ਜਬਰਦਸਤ ਮੋੜ ਆਇਆ। ਸਭ ਕੁੱਝ ਹੀ ਬਦਲ ਗਿਆ। ਮੈਂ ਵੀ ਹੈਰਾਨ ਤੇ ਮਾਂ-ਬਾਪ ਵੀ ਹੈਰਾਨ।

ਪਿਛਾਂਹ ਵੱਲ ਨਜ਼ਰ ਮਾਰਦੀ ਹਾਂ। ਉਹ ਹਰਿਆ-ਭਰਿਆ ਟਾਪੂ ਨਜ਼ਰ ਪੈਂਦਾ, ਜਿੱਥੇ ਆਪਾਂ ਪਹਿਲੀ ਵਾਰ ਮਿਲੇ। ਦੂਰ ਇੱਕ ਪਾਸੇ ਬੈਠੀ ਮੈਂ ਠੰਢੀ ਤੇ

108/ਰੇਤ ਦੇ ਘਰ