ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਧਸਦੀ-ਧਸਦੀ, ਹੋਰ ਧਸਦੀ ਹੀ ਗਈ ਤੇ ਹੁਣ ਸਾਹ ਵੀ ਬੰਦ ਹੋਣ ਲੱਗਾ ਹੈ।

ਰਵੀ, ਮੈਂ ਤੇਰੇ ਲਈ ਕੁੱਝ ਨਹੀਂ ਕਰ ਸਕੀ। ਇਸ ਗੱਲ ਦਾ ਅਫ਼ਸੋਸ ਹੈ ਤੇ ਦੁੱਖ ਵੀ। ਹੁਣ ਆਪਾਂ ਕਦੇ ਵੀ ਮਿਲ ਨਹੀਂ ਸਕਣਾ। ਮੌਤ ਦਰਵਾਜ਼ੇ ਤੱਕ ਪਹੁੰਚ ਚੁੱਕੀ ਹੈ। ਤੇਰੇ ਮਿਲਣ ਤੋਂ ਬਾਅਦ ਮੇਰਾ ਮਨ ਹੋਰ ਪਾਸਿਆਂ ਤੋਂ ਤਾਂ ਸ਼ਾਂਤ ਹੋ ਗਿਆ ਸੀ ਪਰ ਤੈਨੂੰ ਮਿਲਣ ਦੀ ਤਾਂਘ ਇਸ ਮਨ ਦੀ ਨਵੀਂ ਭਟਕਣ ਬਣ ਗਈ। ਉਹ ਅੱਜ ਵੀ ਹੈ ਤੇ ਸ਼ਾਇਦ ਮੇਰੀ ਮੌਤ ਤੋਂ ਬਾਅਦ ਇਹ ਮਨ ਦੀ ਭਟਕਣ, ਮੇਰੀ ਰੂਹ ਦੀ ਭਟਕਣ ਬਣ ਜਾਵੇ। ਮੇਰੀ ਇਸ ਰੂਹ ਦੀ ਸ਼ਾਂਤੀ ਲਈ, ਤੂੰ ਮੇਰੇ ਲਈ ਇੱਕ ਕੰਮ ਕਰੀਂ। ਤੂੰ ਇਸ ਅਭਾਗੀ ਰਜਨੀ ਦੀ ਕਹਾਣੀ ਲਿਖੀਂ। ਤੂੰ ਲਿਖ ਸਕਦਾ ਹੈਂ। ਇਸੇ ਲਈ ਤੈਨੂੰ ਚਿੱਠੀ ਲਿਖ ਰਹੀ ਹਾਂ। ਸ਼ਾਇਦ ਇਸ ਕਹਾਣੀ ਨੂੰ ਪੜ੍ਹ ਕੇ, ਕੋਈ ਹੋਰ ਜਿੰਦ ਮੌਤ ਦੇ ਮੂੰਹ ਪੈਣ ਤੋਂ ਬਚ ਸਕੇ। ਕੋਈ ਹੋਰ ਅਣਭੋਲ ਲੜਕੀ ਰੇਤ ਦੇ ਘਰਾਂ ਨਾਲ ਨਾ ਖੇਡੇ। ਆਪਣੇ ਮਾਂ-ਬਾਪ ਨੂੰ ਅਜਿਹਾ ਕੋਈ ਦੁੱਖ ਨਾ ਦੇਵੇ, ਜੋ ਮੈਂ ਦੇ ਕੇ ਜਾ ਰਹੀ ਹਾਂ। ਤੇਰੀ ਉਸ ਕਹਾਣੀ ਨਾਲ ਮੇਰੀ ਰੂਹ ਨੂੰ ਸ਼ਾਂਤੀ ਮਿਲੇਗੀ... ਅਲਵਿਦਾ।”

116/ਰੇਤ ਦੇ ਘਰ