ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੋਲਿਆ, “ਹੋਨਾ ਕਿਆ ਹੈ ਰੇ ਸਰਦਾਰ, ਸਾਮਾਨ ਕੋ ਹਾਥ ਨਹੀਂ ਲਗਾਨਾ।” ਉਸ ਦੀਆਂ ਅੱਖਾਂ ’ਚ ਲਾਲੀ ਤੇ ਚਿਹਰੇ ’ਤੇ ਕ੍ਰੋਧ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਸਨ।

ਮੈਂ ਹੈਰਾਨ! ਸਾਮਾਨ ਨੂੰ ਥੋੜ੍ਹਾ-ਬਹੁਤਾ ਸਰਕਾ ਕੇ ਸੈੱਟ ਕਰਨਾ, ਰੇਲ ਡੱਬੇ ’ਚ ਇੱਕ ਆਮ ਗੱਲ ਹੈ ਪਰ ਏਥੇ ਤਾਂ ‘ਆ ਬੈਲ ਮੁਝੇ ਮਾਰ’ ਦੀ ਕਹਾਵਤ ਮੁਤਾਬਿਕ ਇਹ ਬਿਨਾਂ ਵਜ੍ਹਾ ਲੜਾਈ ਦਾ ਰਾਹ ਪੱਧਰਾ ਕਰ ਰਿਹਾ। ਮੈਨੂੰ ਬੜਾ ਗੁੱਸਾ ਆਇਆ। ਗੁੱਸੇ ’ਚ ਭਰਿਆ ਮੈਂ ਕੁੱਝ ਬੋਲਣ ਹੀ ਲੱਗਾ ਸੀ, ਇੱਕ ਹੋਰ ਆਵਾਜ਼ ਮੇਰੇ ਕੰਨਾਂ ’ਚ ਪਈ। “ਓ ਵੀਰ ਜੀ ਕੀ ਹੋ ਗਿਆ, ਆ ਜੋ... ਅੱਗੇ ਆ ਜੋ....ਏਧਰ ਜਗ੍ਹਾ ਹੈਗੀ ਜੇ।”

ਇਹ ਇੱਕ ਪੰਜਾਬੀ ਮੁੰਡੇ ਦੀ ਆਵਾਜ਼ ਸੀ। ਥੋੜ੍ਹਾ ਅੱਗੇ ਖੜ੍ਹਾ ਉਹ ਮੇਰੇ ਵੱਲ ਹੀ ਦੇਖ ਰਿਹਾ ਸੀ ਪਰ ਮੇਰੇ ਅੰਦਰ ਤਾਂ ਕੁੱਝ ਉਬਲਣਾ ਸ਼ੁਰੂ ਹੋ ਚੁੱਕਾ ਸੀ। ਮੈਨੂੰ ਆਪਣੇ ਆਪ ’ਚੋਂ ਸੇਕ ਨਿਕਲਦਾ ਮਹਿਸੂਸ ਹੋਇਆ। ਮੈਂ ਕੁੱਝ ਬੋਲਣ ਹੀ ਵਾਲਾ ਸੀ ਕਿ ਠੀਕ ਉਸੇ ਟਾਈਮ, ਉਸ ਮੁੰਡੇ ਨੇ ਮੇਰੇ ਹੱਥਾਂ ’ਚੋਂ ਬੈਗ ਫੜ ਲਿਆ। ਫਿਰ ਮੇਰੀ ਬਾਂਹ ਫੜ ਕੇ ਬੋਲਿਆ, “ਆ ਜੋ ਵੀਰ ਜੀ, ਅੱਗੇ ਬੈਠਦੇ ਹਾਂ....ਛੱਡੋ ਗੁੱਸਾ-ਗ਼ਿਲਾ।”

ਪਤਾ ਨਹੀਂ ਕਿਵੇਂ ਤੇ ਕਿਉਂ, ਬਿਨਾਂ ਕੁੱਝ ਬੋਲੇ ਮੈਂ ਉਸਦੇ ਮਗਰ ਹੀ ਤੁਰ ਪਿਆ। ਤੁਰਨ ਤੋਂ ਪਹਿਲਾਂ ਮੈਂ ਉਸ ਮਾੜਚੂ ਵੱਲ ਘੂਰ ਕੇ ਵੇਖਿਆ। ਉਹ ਵੀ ਮੇਰੇ ਵੱਲ ਹੀ ਵੇਖ ਰਿਹਾ ਸੀ।

ਆਪਣੀ ਸੀਟ ਕੋਲ ਜਾ ਕੇ ਉਸ ਮੁੰਡੇ ਨੇ ਬੈਗ ਉੱਪਰ ਰੱਖ ਦਿੱਤਾ। ਕੋਲ ਬੈਠੀਆਂ ਹੋਰ ਸਵਾਰੀਆਂ ਨੇ ਥੋੜ੍ਹਾ-ਥੋੜ੍ਹਾ ਖਿਸਕ ਕੇ ਮੇਰੇ ਬੈਠਣ ਲਈ ਜਗ੍ਹਾ ਬਣਾ ਲਈ। ਬਿਨਾਂ ਕਿਸੇ ਵੱਲ ਵੇਖਿਆਂ ਮੈਂ ਚੁੱਪ-ਚਾਪ ਬੈਠ ਗਿਆ। ਮਨ ਅਸ਼ਾਂਤ ਸੀ। ਬਹੁਤੇ ਲੋਕ ਅਜੇ ਆਪੋ-ਆਪਣਾ ਸਾਮਾਨ ਸੈੱਟ ਕਰਨ ਵਿੱਚ ਲੱਗੇ ਹੋਏ ਸਨ। ਗੱਡੀ ਦੌੜੀ ਜਾ ਰਹੀ ਸੀ।

‘ਇਹ ਕੀ ਗੱਲ ਹੋਈ? ਬੈਗ ਨੂੰ ਹੱਥ ਲਾਉਣਾ ਹੀ ਜੁਰਮ ਹੋ ਗਿਆ? ਕੋਈ ਨਾਜ਼ੁਕ ਚੀਜ਼ ਸੀ ਤਾਂ ਕਹਿ ਦਿੰਦਾ ਕਿ ਸਰਦਾਰ ਜੀ ਥੋੜ੍ਹਾ ਸੰਭਾਲ ਕੇ ਖਿਸਕਾਨਾ। ਇਹ ਵੀ ਕਹਿ ਸਕਦੇ ਸੀ ਸਰਦਾਰ ਜੀ ਰੁਕੋ, ਮੈਂ ਸੈੱਟ ਕਰਦਾ ਹਾਂ। ਕਮਾਲ ਹੋ ਗਈ। ਇਹ ਕੋਈ ਤਰੀਕਾ ਹੈ। “ਰੇ ਸਰਦਾਰ”। ਉਹ ਵੀ ਗੁੱਸੇ ਭਰੇ ਅੰਦਾਜ਼ ’ਚ। ਉੱਪਰੋਂ ਬੀੜੀ ਦਾ ਧੂੰਆਂ ਉਛਾਲ ਰਿਹਾ ਸੀ। ਗਲਤੀ ਕੀਤੀ, ਜੜ ਦੇਣਾ ਸੀ ਇੱਕ ਥੱਪੜ ਸਾਲੇ ਭਈਏ ਦੇ। ਜੋ ਹੁੰਦਾ ਵੇਖੀ ਜਾਂਦੀ ਪਰ ਆਹ ਮੁੰਡਾ ਆ ਗਿਆ।’ ਮਨ ਅੰਦਰ ਖੌਰੂ ਜਿਹਾ ਪਿਆ ਹੋਇਆ ਸੀ।

ਮੈਨੂੰ ਚੁੱਪ ਦੇਖ ਉਹ ਮੁੰਡਾ ਮੇਰੇ ਮੋਢੇ ਤੇ ਹੱਥ ਰੱਖ ਪੁੱਛਣ ਲੱਗਾ, “ਵੀਰ ਕੀ ਸੋਚੀ ਜਾ ਰਿਹੈ, ਹਰੇਕ ਗੱਲ ਮਨ ’ਤੇ ਨਹੀਂ ਲਾਈਦੀ। ਤਰ੍ਹਾਂ-ਤਰ੍ਹਾਂ

118/ਰੇਤ ਦੇ ਘਰ