ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭ ਬੜੀ ਉਤਸੁਕਤਾ ਨਾਲ ਉਸ ਵੱਲ ਵੇਖ ਰਹੇ ਸਨ। ਥੋੜ੍ਹਾ ਰੁਕ ਕੇ ਉਸ ਫਿਰ ਬੋਲਣਾ ਸ਼ੁਰੂ ਕੀਤਾ, “ਬਜ਼ੁਰਗਾਂ ਕੋਲੋਂ ਸੁਣੀਆਂ ਸੰਨ ਸੰਤਾਲੀ ਦੀਆਂ ਕਹਾਣੀਆਂ ਹੂ-ਬ-ਹੂ ਅੱਖਾਂ ਸਾਹਮਣੇ ਵਾਪਰਨ ਲੱਗੀਆਂ। ਲੱਗਦਾ ਸੀ ਉੱਨੀ ਸੌ ਚੁਰਾਸੀ ਵਾਲੀ ਸੂਈ, ਅੱਗੇ ਜਾਣ ਦੀ ਥਾਂ, ਪਿੱਛੇ ਘੁੰਮ ਕੇ ਉੱਨੀ ਸੌ ਸੰਤਾਲੀ ’ਤੇ ਜਾ ਅਟਕੀ। ਸ਼ਾਂਤ ਹੋਏ ਪਾਣੀਆਂ ’ਚ ਫਿਰ ਚੱਕਰਵਰਤੀ ਤੂਫ਼ਾਨ ਆ ਗਿਆ। ਮਾਰ-ਧਾੜ, ਲੁੱਟ-ਖੋਹ, ਅੱਗਾਂ ਤੇ ਸਾੜ-ਫੂਕ। ਹਰ ਕੋਈ ਡਰਿਆ ਹੋਇਆ ਸੀ। ਮੈਂ ਵੀ ਡਰਿਆ ਹੋਇਆ ਸੀ। ਸਰਬੀ ਵੀ ਡਰੀ ਹੋਈ ਸੀ। ਜੇ ਕੋਈ ਨਹੀਂ ਡਰਿਆ ਹੋਇਆ ਸੀ ਤਾਂ ਉਹ ਸੀ ਹੁੱਲ੍ਹੜਬਾਜ਼, ਉਹ ਸੀ ਲੁਟੇਰੇ, ਉਹ ਸੀ ਮਾਰ-ਧਾੜ ਕਰਦਾ ਹਜ਼ੂਮ, ਉਹ ਸੀ ਜਨੂੰਨੀ ਲੋਕ। ਸਾਰਾ ਕੁੱਝ ਸੁਣ ਕੇ ਤੇ ਵੇਖ ਕੇ ਸਰਬੀ ਦਾ ਮਨ ਐਨਾ ਡੋਲ ਗਿਆ ਕਿ ਉਹ ਜਲਦੀ ਤੋਂ ਜਲਦੀ ਕਿਵੇਂ ਵੀ ਆਪਣੇ ਘਰ ਲੁਧਿਆਣੇ ਪਹੁੰਚਣਾ ਚਾਹੁੰਦੀ ਸੀ। ਮੈਂ ਰੋਕਿਆ, ਸਰਬੀ ਮਾਹੌਲ ਖ਼ਰਾਬ ਹੈ, ਬਹੁਤ ਖ਼ਰਾਬ। ਤੂੰ ਬਾਹਰ ਕਿਤੇ ਨੀ ਜਾਣਾ। ਜੇ ਜਾਣਾ ਹੀ ਹੈ ਤਾਂ ਚੱਲ ਮੇਰੇ ਘਰ ਚੱਲ। ਮੇਰੇ ਮੰਮੀ-ਡੈਡੀ ਕੋਲ ਚੱਲ, ਉਥੇ ਤੇਰਾ ਦਿਲ ਵੀ ਲੱਗ ਜਾਵੇਗਾ। ਮੈਨੂੰ ਤਸੱਲੀ ਹੋਵੇਗੀ ਤੇ ਮੰਮੀ-ਡੈਡੀ ਨੂੰ ਵੀ ਖ਼ੁਸ਼ੀ ਹੋਵੇਗੀ। ਤੈਨੂੰ ਕਿਸੇ ਕਿਸਮ ਦਾ ਡਰ ਜਾਂ ਫ਼ਿਕਰ ਕਰਨ ਦੀ ਲੋੜ ਨੀ।”

ਕਹਿਣ ਲੱਗੀ, “ਦੀਪਕ, ਕੀ ਪਤੈ ਇਹ ਅੱਗ ਕਦੋਂ ਬੁਝਣੀ ਹੈ। ਕਿੱਥੇ-ਕਿੱਥੇ ਤੱਕ ਇਸਦਾ ਕਿੰਨਾ-ਕਿੰਨਾ ਸੇਕ ਜਾਣਾ ਹੈ, ਕੌਣ ਜਾਣਦੈ। ਸ਼ਾਦੀ ਤੋਂ ਬਿਨਾਂ ਤੇਰੇ ਘਰ, ਤੇਰੇ ਮੰਮੀ-ਡੈਡੀ ਕੋਲ, ਕਿਸ ਤਰ੍ਹਾਂ ਜਾ ਸਕਦੀ ਹਾਂ। ਇਸ ਮਾਹੌਲ ਵਿੱਚ ਤਾਂ ਇਹ ਹੋਰ ਵੀ ਔਖਾ ਹੈ। ਸਾਡੇ ਇਸ ਕਦਮ ਨੂੰ ਜਨੂੰਨੀ ਲੋਕ ਪਤਾ ਨੀ ਕੀ ਰੰਗਤ ਦੇ ਦੇਣ।”

“ਬਿਨਾਂ ਦੱਸੇ ਅਚਾਨਕ ਉਹ ਯੁਨਵਿਰਸਿਟੀ ’ਚੋਂ ਗਾਇਬ ਹੋ ਗਈ। ਕਿੱਥੇ, ਕੋਈ ਪਤਾ ਨੀ। ਸ਼ਾਇਦ ਸੋਚਿਆ ਹੋਵੇ ਕਿ ਦੱਸਣ ’ਤੇ ਦੀਪਕ ਨੇ ਜਾਣ ਨਹੀਂ ਦੇਣਾ, ਰੋਕੇਗਾ। ਇਸ ਲਈ ਚੁੱਪਚਾਪ ਹੀ ਨਿਕਲ ਜਾਵਾਂ। ਬੱਸ ਉਹ ਦਿਨ ਤੇ ਆਹ ਦਿਨ। ਬੜਾ ਰੋਇਆ, ਬੜਾ ਤੜਫਿਆ, ਬੜਾ ਪਛਤਾਇਆ, ਕਿਤੇ ਚੈਨ ਨਾ ਆਵੇ। ਗੁੱਸਾ ਆਇਆ ਕਰੇ ਕਿ ਸਭ ਨੂੰ ਗੋਲੀ ਮਾਰ ਦਿਆਂ। ਸਭ ਕੁੱਝ ਫੂਕ ਦੇਵਾਂ। ਕਦੇ ਆਪਣੇ ਆਪ ’ਤੇ ਗੁੱਸਾ ਆਵੇ, ‘ਉਸਨੂੰ ਜਬਰੀ ਘਰ ਕਿਉਂ ਨਾ ਲੈ ਕੇ ਆਇਆ।’ ਉਹ ਕਿੱਧਰ ਚਲੀ ਗਈ। ਫਿਰ ਸੋਚਦਾ ਹਾਂ, ‘ਕੀ ਉਸਨੂੰ ਜਬਰੀ ਘਰ ਲੈ ਆਉਣਾ ਠੀਕ ਹੁੰਦਾ।’ ਐਸੇ ਮਾਹੌਲ ਵਿੱਚ ਉਸਦੇ ਮਨ ’ਤੇ ਕੀ ਬੀਤਦੀ। ਸਾਡਾ ਪਿਆਰ ਤਾਂ ਪਾਕ ਤੇ ਪਵਿੱਤਰ ਸੀ। ਲੋਕਾਂ ਨੇ ਇਸ ਰਿਸ਼ਤੇ ਉੱਪਰ ਤਰ੍ਹਾਂ-ਤਰ੍ਹਾਂ ਦਾ ਚਿੱਕੜ ਮਲ ਦੇਣਾ ਸੀ। ਸਰਬੀ ਦਾ ਮਨ ਹੋਰ ਦੁਖੀ ਹੋਣਾ ਸੀ। ਬੱਸ ਅੰਦਰ ਹੀ ਅੰਦਰ ਕੋਈ ਅੱਗ ਧੁਖੀ ਜਾ ਰਹੀ ਹੈ ਤੇ ਕੁੱਝ ਵੀ ਸਮਝ ਨਹੀਂ ਆ ਰਿਹਾ। ਝੱਖੜ ਆਇਆ ਤੇ ਲੰਘ ਗਿਆ ਪਰ ਉਸਦੇ ਝੰਬੇ

122/ਰੇਤ ਦੇ ਘਰ