ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝੱਟ ਕੇਨ ਖ਼ਤਮ ਕੀਤਾ ਤੇ ਉਹ ਹੋਟਲ ਲਈ ਵਾਪਸ ਮੁੜ ਪਿਆ। ਲਾਬੀ 'ਚ ਪਹੁੰਚਦੇ ਹੀ ਮੈਰੀ ਨੂੰ ਦੇਖ ਉਸਨੂੰ ਕੋਈ ਸਕੂਨ ਮਿਲਿਆ। ਕੁੱਝ ਚਿਰ ਬੜੀ ਹੀ ਰੀਝ ਭਰੀਆਂ ਨਿਗਾਹਾਂ ਨਾਲ ਮੈਰੀ ਨੂੰ ਦੇਖਦਾ ਰਿਹਾ। ਫਿਰ ਕਾਊਂਟਰ ਵੱਲ ਚੱਲ ਪਿਆ ਤੇ ਨਜ਼ਦੀਕ ਜਾ ਕੇ ਕਮਰੇ ਦੀ ਚਾਬੀ ਮੰਗੀ।

"ਕੀ ਸ਼ਾਪਿੰਗ ਕੀਤੀ ਮਿਸਟਰ ਵਿਜੈ।" ਡਰਾਇਰ ’ਚੋਂ ਚਾਬੀ ਕੱਢਦਿਆਂ ਮੈਰੀ ਨੇ ਪੁੱਛਿਆ।

"ਮੈਂ ਤਾਂ ਸਿਰਫ਼ ਘੁੰਮਣ ਲਈ ਹੀ ਗਿਆ ਸੀ।"

"ਓ, ਕਿੱਥੇ ਘੁੰਮ ਕੇ ਆਏ, ਏਥੇ ਘੁੰਮਣ ਲਈ ਬਹੁਤ ਸੁੰਦਰ ਥਾਵਾਂ ਹਨ।" ਮੈਰੀ ਨੇ ਫਿਰ ਸਵਾਲ ਕੀਤਾ।

"ਬੀਚ ਉੱਪਰ ਗਿਆ ਸੀ।" ਉਸ ਛੋਟਾ ਜਵਾਬ ਦਿੱਤਾ।

"ਵੋਹ, ਉੱਥੇ ਤਾਂ ਬਹੁਤ ਰੌਣਕ ਹੁੰਦੀ ਹੈ, ਫਿਰ ਤਾਂ ਖ਼ੂਬ ਮਜ਼ਾ ਕੀਤਾ ਹੋਵੇਗਾ।" ਮੈਰੀ ਨੇ ਚਹਿਕ ਕੇ ਪੁੱਛਿਆ।

"ਨਹੀਂ। ਮਨ ਨਹੀਂ ਲੱਗਾ, ਥੋੜ੍ਹਾ ਘੁੰਮ ਕੇ ਹੀ ਵਾਪਸ ਆ ਗਿਆ।

"ਹੈਂਅ! ਬੀਚ ਉੱਪਰ ਮਨ ਨਹੀਂ ਲੱਗਾ, ਇਹ ਕਿਵੇਂ ਹੋ ਸਕਦਾ ਹੈ?" ਮੈਰੀ ਹੈਰਾਨ ਹੋਈ।

"ਪਤਾ ਨਹੀਂ ਪਰ ਅੱਜ ਮੇਰੇ ਨਾਲ ਕੁੱਝ ਐਸਾ ਹੀ ਹੋਇਆ।"

"ਇਹ ਤਾਂ ਬੜੀ ਮਸ਼ਹੂਰ ਬੀਚ ਹੈ, ਦੂਰ-ਦੂਰ ਤੋਂ ਲੋਕ ਘੁੰਮਣ ਆਉਂਦੇ ਹਨ।" ਮੈਰੀ ਗੱਲਬਾਤ ਜਾਰੀ ਰੱਖਣਾ ਚਾਹੁੰਦੀ ਸੀ ਜਾਂ ਆਪਣੇ ਸ਼ਹਿਰ ਦੀ ਮਹੱਤਤਾ ਦਰਸਾਉਣਾ ਚਾਹੁੰਦੀ ਸੀ, ਇਹ ਸਪੱਸ਼ਟ ਨਹੀਂ ਪਰ ਉਹ ਸਵਾਲ 'ਤੇ ਸਵਾਲ ਕਰੀ ਜਾ ਰਹੀ ਸੀ।

"ਸ਼ਾਇਦ ਮੇਰਾ ਮਨ ਪਿੱਛੇ ਹੋਟਲ 'ਚ ਰਹਿ ਗਿਆ, ਇਸ ਲਈ ਜਲਦੀ ਵਾਪਸ ਆ ਗਿਆ।" ਵਿਜੈ ਨੇ ਜੁਆਬ ਦਿੱਤਾ।

"ਕੀ, ਕੋਈ ਖ਼ਾਸ ਚੀਜ਼ ਇੱਥੇ ਭੁੱਲ ਗਏ?" ਮੈਰੀ ਕੁੱਝ ਉਲਝੀ।

"ਨਹੀਂ, ਭੁੱਲਿਆ ਕੁੱਝ ਨਹੀਂ, ਬੱਸ ਕਿਸੇ ਨੇ ਮੇਰਾ ਮਨ ਕਾਬੂ ਕਰ ਲਿਆ ਤੇ ਆਪਣੇ ਕੋਲ ਰੱਖ ਲਿਆ।"

"ਬੜੇ ਦਿਲਚਸਪ ਆਦਮੀ ਹੋ। ਜਿਸ ਕੋਲ ਮਨ ਰਹਿ ਗਿਆ ਸੀ, ਉਸਨੂੰ ਨਾਲ ਹੀ ਲੈ ਜਾਂਦੇ।"

"ਜੇ ਮੈਂ ਤੁਹਾਨੂੰ ਨਾਲ ਚੱਲਣ ਲਈ ਕਹਿੰਦਾ, ਕੀ ਤੁਸੀਂ ਮੇਰੇ ਨਾਲ ਘੁੰਮਣ ਚੱਲ ਪੈਂਦੇ?"

"ਵੱਟ! ਆਰ ਯੂ ਕਰੇਜ਼ੀ ਮਿਸਟਰ ਵਿਜੈ।" ਮੈਰੀ ਇਕਦਮ ਚੌਂਕੀ। ਸੁਣ ਕੇ ਹੈਰਾਨ ਹੋ ਗਈ। ਉਸਦੇ ਚਿਹਰੇ 'ਤੇ ਪ੍ਰੇਸ਼ਾਨੀ ਸਾਫ਼ ਵੇਖੀ ਜਾ ਸਕਦੀ ਸੀ। ਵਿਜੈ ਅਚਾਨਕ ਇਸ ਤਰ੍ਹਾਂ ਦੀ ਗੱਲ ਕਰੇਗਾ, ਉਹ ਸੋਚ ਹੀ ਨਹੀਂ ਸੀ ਸਕਦੀ।

16/ਰੇਤ ਦੇ ਘਰ