ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਰਿਹਾ ਸੀ। ਉਨ੍ਹਾਂ ਨੇ ਆਪਣੀ-ਆਪਣੀ ਬੀਅਰ ਖ਼ਤਮ ਕਰ ਲਈ ਸੀ। ਮਨ ਅੰਦਰ ਤਰੰਗਾਂ ਉੱਠਣ ਲੱਗੀਆਂ ਸਨ। ਵਿਜੈ ਮੈਰੀ ਦੇ ਹੋਰ ਨਜ਼ਦੀਕ ਹੋ ਗਿਆ ਤੇ ਆਪਣੀ ਬਾਂਹ ਮੈਰੀ ਦੇ ਮੋਢਿਆਂ ’ਤੇ ਰੱਖ ਲਈ। ਮੈਰੀ ਨੇ ਕੋਈ ਉਜ਼ਰ ਨਾ ਕੀਤਾ, ਸਗੋਂ ਆਪਣਾ ਸਿਰ ਵਿਜੈ ਦੇ ਮੋਢੇ ’ਤੇ ਥੋੜ੍ਹਾ ਟੇਢਾ ਕਰ ਦਿੱਤਾ। ਦੋਵੇਂ ਕਾਫ਼ੀ ਦੇਰ ਚੁੱਪ-ਚਾਪ ਸ਼ਾਂਤ ਬੈਠੇ ਇਨ੍ਹਾਂ ਪਲਾਂ ਦਾ ਆਨੰਦ ਲੈਂਦੇ ਰਹੇ।

“ਵਿਜੈ, ਮੈਂ ਸੁਣਿਆ ਹੈ ਇੰਡੀਆ ਦੀਆਂ ਔਰਤਾਂ ਬੜੀ ਖ਼ੁਸ਼ੀ-ਖ਼ੁਸ਼ੀ, ਕਈ ਬੱਚੇ ਜੰਮ ਲੈਂਦੀਆਂ ਹਨ।” ਨਾਲ ਬੈਠੀ ਮੈਰੀ ਦੀ ਆਵਾਜ਼ ਜਿਵੇਂ ਕਿਸੇ ਖੂਹ ਵਿੱਚੋਂ ਆਈ। ‘ਮੈਰੀ ਮਨ ਹੀ ਮਨ ਸੋਚ ਚੁੱਕੀ ਸੀ, ਹੁਣ ਗੱਲ ਕਰ ਹੀ ਲੈਣੀ ਚਾਹੀਦੀ ਹੈ।’

“ਹਾਂ ਮੈਰੀ, ਇਹ ਸੱਚ ਹੈ ਪਰ ਅੱਜ-ਕੱਲ੍ਹ ਪੜ੍ਹੇ-ਲਿਖੇ ਲੋਕ ਜ਼ਿਆਦਾ ਬੱਚੇ ਪੈਦਾ ਨਹੀਂ ਕਰਦੇ ਪਰ ਹਰ ਭਾਰਤੀ ਔਰਤ ਦਾ ਇੱਕ ਸੁਪਨਾ ਹੈ ਤੇ ਉਹ ਮਾਂ ਜ਼ਰੂਰ ਬਣਨਾ ਚਾਹੁੰਦੀ ਹੈ।”

“ਮੈਨੂੰ ਤਾਂ ਬੱਚਾ ਜੰਮਣ ਤੋਂ ਬਹੁਤ ਡਰ ਲੱਗਦਾ ਹੈ ਵਿਜੈ।” ਉਹ ਇੱਕ ਮਾਸੂਮ ਲੜਕੀ ਦੀ ਤਰ੍ਹਾਂ ਬੋਲੀ।

ਵਿਜੈ ਮੰਤਰ-ਮੁਗਦ ਹੋਇਆ ਉਸਦੀਆਂ ਗੱਲਾਂ ਸੁਣ ਰਿਹਾ ਸੀ। ਉਸਦਾ ਹੱਥ ਕਦੀ ਵਾਲਾਂ ਵਿੱਚ ਘੁੰਮਣ ਲੱਗਦਾ, ਕਦੀ ਕੋਮਲ ਗੱਲ੍ਹਾਂ ਨੂੰ ਪਲੋਸਣ ਲੱਗਦਾ। ਕਦੀ ਗੋਲਾਈਆਂ ਨੂੰ ਮਾਪਣ ਲੱਗਦਾ ਤੇ ਕਦੀ ਪਤਲੀ ਜਿਹੀ ਨਾਜ਼ੁਕ ਕਮਰ ਨੂੰ ਸਹਿਲਾਉਣ ਲੱਗਦਾ। ਕਦੀ ਬਾਹਾਂ ਨੂੰ ਹੋਰ ਕਸ ਲੈਂਦਾ ਤੇ ਕਦੀ ਢਿੱਲੀਆਂ ਛੱਡ ਦਿੰਦਾ। ਵਿਜੈ ਹੁਣ ਪੂਰੀ ਤਰ੍ਹਾਂ ਨਾਲ ਮਨ ਅੰਦਰ ਜਾਗ ਚੁੱਕੇ ਸ਼ੈਤਾਨ ਦਾ ਮੋਹਰਾ ਬਣਦਾ ਜਾ ਰਿਹਾ ਸੀ। ਉਸਦੀ ਆਵਾਜ਼ ਭਾਰੀ-ਭਾਰੀ ਹੁੰਦੀ ਜਾ ਰਹੀ ਸੀ। ਬੱਚਾ ਤੇ ਮਾਂ ਵਾਲੀ ਗੱਲ ’ਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ। ਮੈਰੀ ਦੀ ਗੱਲ ਦਾ ਜਵਾਬ ਦੇ ਰਿਹਾ ਸੀ।

“ਮੈਰੀ, ਮਾਂ ਬਣਨਾ ਔਰਤ ਦੀ ਸਭ ਤੋਂ ਵੱਡੀ ਖੁਸ਼ੀ ਹੈ। ਕਿਸੇ ਵਜ਼ਾ ਕਰਕੇ ਕੋਈ ਭਾਰਤੀ ਔਰਤ ਮਾਂ ਨਹੀਂ ਬਣ ਪਾਉਂਦੀ ਤਾਂ ਉਹ ਲੱਖ ਦੌਲਤਾਂ ਪਾ ਕੇ ਵੀ ਖ਼ੁਸ਼ ਨਹੀਂ। ਉਹ ਸਾਰੀ ਉਮਰ ਬਾਂਝਪਣ ਦਾ ਭਾਰ ਢੋਂਦੀ ਹੈ। ਦੂਸਰੀ ਔਰਤ ਦੀ ਗੋਦ ਵਿੱਚ ਖੇਡ ਰਹੇ ਬੱਚੇ ਨੂੰ ਦੇਖ, ਮਨ ਹੀ ਮਨ ਖ਼ੁਦ ਮਾਂ ਨਾ ਬਣ ਸਕਣ ਦੀ ਪੀੜਾ ਭੋਗਦੀ ਹੈ। ਆਪਣੀ ਕੁੱਖ ਵਿੱਚੋਂ ਬੱਚੇ ਨੂੰ ਜਨਮ ਦੇਣਾ ਤਾਂ ਸ੍ਰਿਸ਼ਟੀ ਰਚਣਾ ਹੈ।”

“ਵਿਜੈ, ਮੈਂ ਤੇਰੀ ਗੱਲ ਨਾਲ ਸਹਿਮਤ ਹਾਂ। ਤੁਹਾਡੇ ਤੇ ਸਾਡੇ ਸਿਸਟਮ ’ਚ ਬਹੁਤ ਫ਼ਰਕ ਹੈ। ਤੁਹਾਡੇ ਪਾਸ ਪਰਿਵਾਰ ਹੈ, ਅਸੀਂ ਇਕੱਲੇ ਹਾਂ। ਤੁਹਾਡਾ ਪਰਿਵਾਰਕ ਸਿਸਟਮ ਬੜਾ ਮਜ਼ਬੂਤ ਹੈ। ਉੱਥੇ ਔਰਤ ਕੋਲ ਇੱਕ ਨਹੀਂ, ਦੋ-ਦੋ ਪਰਿਵਾਰ ਹਨ। ਬੱਚਾ ਪੈਦਾ ਹੋਣ ਦੀ ਸੂਰਤ ਵਿੱਚ ਦੋਵੇਂ ਪਰਿਵਾਰ ਔਰਤ

22/ਰੇਤ ਦੇ ਘਰ