ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਜ਼ਿਆਦਾ ਆਜ਼ਾਦ ਹੋ, ਮੈਂ ਕੀ ਕਹਿ ਸਕਦਾ ਹਾਂ। ਹੁਣ ਤਾਂ ਏਹੋ ਕਹਿਣਾ ਹੈ ਡਾਰਲਿੰਗ ਤੂੰ ਬਹੁਤ ਪਿਆਰੀ ਲੱਗ ਰਹੀ ਹੈਂ ਤੇ ਤੈਥੋਂ ਦੂਰ ਹੋਣ ਨੂੰ ਜੀਅ ਨਹੀਂ ਕਰਦਾ।”

“ਸਵੇਰ ਦੇ ਇਕੱਠੇ ਘੁੰਮ ਰਹੇ ਹਾਂ, ਇਕੱਠੇ ਬੈਠੇ ਹਾਂ, ਜੀਅ ਨਹੀਂ ਭਰਿਆ?” ਮੈਰੀ ਕੁੱਝ ਸੁੰਗੜੀ ਤੇ ਵਿਜੈ ਦੀ ਗਰਦਨ ਨੂੰ ਚੁੰਮਿਆ।

“ਮੈਰੀ, ਇੱਕ ਗੱਲ ਹੋਰ ਕਹਾਂ, ਮਨ ਦੀ ਇੱਛਾ ਹੈ ਬੀਚ ਦੇ ਨਜ਼ਦੀਕ ਹੋਟਲ ਦਾ ਇੱਕ ਕਮਰਾ ਲਈਏ। ਉਸ ਕਮਰੇ ’ਚ ਆਪਾਂ ਦੋਵੇਂ ਹੋਈਏ ਤੇ ਰੱਜ-ਰੱਜ ਕੇ ਪਿਆਰ ਕਰੀਏ। ਤੇਰੇ ਸੰਗ ਉਨ੍ਹਾਂ ਪਲਾਂ ਦਾ ਵੱਖਰਾ ਆਨੰਦ ਮਾਣਨਾ ਚਾਹੁੰਦਾ ਹਾਂ।” ਮਨ ਅੰਦਰਲਾ ਸ਼ੈਤਾਨ ਬੇ-ਸਬਰਾ ਹੋ ਰਿਹਾ ਸੀ ਤੇ ਜਲਦੀ ਤੋਂ ਜਲਦੀ ਮੈਰੀ ਨੂੰ ਨੋਚਣਾ ਚਾਹੁੰਦਾ ਸੀ। ਸੋ ਉਸਨੇ ਨਵੀਂ ਚਾਲ ਚੱਲ ਦਿੱਤੀ ਸੀ।

ਮੈਰੀ ਨੇ ਵਿਜੈ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਦੇਖਿਆ, “ਵਿਜੈ, ਤੈਨੂੰ ਇੱਕ ਦੋਸਤ ਸਮਝਿਆ ਤੇ ਦੋਸਤ ਦੇ ਨਾਤੇ ਤੇਰੇ ਨਾਲ ਘੁੰਮਣ ਆਈ। ਆਪਾਂ ਖ਼ੂਬ ਘੁੰਮੇ ਤੇ ਆਨੰਦ ਲਿਆ। ਤੈਨੂੰ ਪਿਆਰਾ ਤੇ ਵਧੀਆ ਦੋਸਤ ਮੰਨ ਕੇ ਹੀ ਮੈਂ ਏਥੇ ਤੱਕ ਪਹੁੰਚੀ ਹਾਂ ਤੇ ਇਹ ਇੱਥੋਂ ਤੱਕ ਹੀ ਰਹਿਣਾ ਚਾਹੀਦਾ ਹੈ। ਕੋਈ ਹੋਰ ਹੁੰਦਾ, ਮੈਂ ਕਦੇ ਇੱਥੋਂ ਤੱਕ ਦੀ ਇਜਾਜ਼ਤ ਵੀ ਨਾ ਦੇਂਦੀ। ਇਸ ਤੋਂ ਅੱਗੇ ਜੋ ਤੂੰ ਕਹਿ ਕੇ ਸੋਚ ਰਿਹੈਂ, ਉਹ ਦੋਸਤੀ ਦੀ ਹੱਦ ਤੋਂ ਬਾਹਰ ਦੀ ਗੱਲ ਹੈ। ਮੈਂ ਉਹ ਪਿਆਰ, ਉਹ ਗੱਲ, ਆਪਣੇ ਲਵਰ ਤੇ ਹਸਬੈਂਡ ਨਾਲ ਹੀ ਕਰ ਸਕਦੀ ਹਾਂ।” ਬੜੀ ਸਪੱਸ਼ਟ ਹੋ ਕੇ ਮੈਰੀ ਬੋਲੀ।

ਇਹ ਸੁਣ ਵਿਜੈ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ। ਆਪਣੀ ਘਟੀਆ ਸੋਚ ’ਤੇ ਅਫ਼ਸੋਸ ਹੋਇਆ। ਘਸੀ-ਪਿਟੀ ਪੇਂਡੂ ਮਾਨਸਿਕਤਾ ਜਿੱਥੇ ਹਰ ਬੂਝੜ, ਗੋਰੀਆਂ ਬਾਰੇ ਤੇ ਸ਼ਹਿਰੀ ਕੁੜੀਆਂ ਬਾਰੇ, ਆਪਣੀ ਰੂੜੀ ਮਾਰਕਾ ਪੀ.ਐੱਚ.ਡੀ. ਦਾ ਖ਼ੂਬ ਚੌੜਾ ਹੋ-ਹੋ ਵਿਖਾਵਾ ਕਰਦਾ ਹੈ, ’ਤੇ ਨਿਰਾਸ਼ਾ ਹੋਈ। ਜ਼ਿੰਮੇਵਾਰੀ ਦਾ ਅਹਿਸਾਸ ਪਰਤਿਆ ਤੇ ਉਹ ਝੱਟ ਬੋਲਿਆ, “ਆਈ ਐਮ ਸੌਰੀ ਮੈਰੀ, ਸ਼ਾਇਦ ਮੈਂ ਬਹਿਕ ਗਿਆ ਸੀ। ਆਈ ਐਮ ਵੈਰੀ ਸੌਰੀ।”

‘ਸੌਰੀ’ ਸ਼ਬਦ ਸੁਣ ਕੇ ਮੈਰੀ ਖ਼ੁਸ਼ ਹੋਈ ਤੇ ਦੱਸਿਆ, “ਵਿਜੈ, ਮੈਂ ਸ਼ਾਦੀ-ਸ਼ੁਦਾ ਹਾਂ। ਡੇਵਿਡ ਮੇਰਾ ਪਤੀ ਹੈ। ਇਹ ਮੇਰੀ ਦੂਸਰੀ ਸ਼ਾਦੀ ਹੈ ਤੇ ਸਾਡੇ ਇੱਥੇ ਇਹ ਆਮ ਗੱਲ ਹੈ। ਪਹਿਲੀ ਸ਼ਾਦੀ ਸੈਮ ਨਾਲ ਹੋਈ ਸੀ। ਦਸ ਮਹੀਨੇ ਬਾਅਦ ਹੀ ਉਹ ਟੁੱਟ ਗਈ ਤੇ ਸਾਡਾ ਤਲਾਕ ਹੋ ਗਿਆ।” ਬਿਨਾਂ ਝਿਜਕ ਪੂਰੇ ਧੜੱਲੇ ਨਾਲ ਮੈਰੀ ਨੇ ਸਭ ਕੁੱਝ ਸੱਚੋ-ਸੱਚ ਦੱਸ ਦਿੱਤਾ।

‘ਸ਼ਾਦੀ, ਤਲਾਕ, ਦੂਸਰੀ ਸ਼ਾਦੀ, ਮਾਈ ਗਾਡ ਤੇ ਮੈਂ ?....ਮੈਂ ਤਾਂ ਕੁੱਝ ਹੋਰ ਹੀ ਗੱਲ ਸਮਝ ਰਿਹਾ ਸੀ।’ ਵਿਜੈ ਸੋਚੀਂ ਪੈ ਗਿਆ।

24/ਰੇਤ ਦੇ ਘਰ