ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਜ਼ਦੀਕ ਆਉਣ ਦੀ ਕੋਸ਼ਿਸ਼ ਕਰੇ ਤਾਂ ਪਾਣੀ ਦੀ ਬੁਛਾੜ ਕਰਕੇ ਉਨ੍ਹਾਂ ਬੰਦਿਆਂ ਨੂੰ ਵਾਪਸ ਜਾਣ ਲਈ ਮਜ਼ਬੂਰ ਕੀਤਾ ਜਾ ਸਕੇ।”

ਕੈਪਟਨ ਨੇ ਤਸੱਲੀ ਪ੍ਰਗਟ ਕੀਤੀ ਤੇ ਕਿਹਾ, “ਗੁੱਡ-ਗੁੱਡ।”

ਚੀਫ-ਇੰਜਨੀਅਰ ਮਦਰਾਸ ਦਾ ਰਹਿਣ ਵਾਲਾ ਇੰਡੀਅਨ ਸੀ। ਕੱਦ ਦਾ ਮਧਰਾ ਪਰ ਦਿਮਾਗ ਕੰਪਿਊਟਰ ਵਰਗਾ। ਉਸਨੇ ਆਪਣੀ ਗੱਲ ਕਰਦਿਆਂ ਕਿਹਾ, “ਅਗਰ ਜਹਾਜ਼ ਨੂੰ ਐਮਰਜੈਂਸੀ ਫੁੱਲ-ਸਪੀਡ ਭੱਜਣਾ ਪਵੇ ਜਾਂ ਬਚਾਅ ਲਈ ਖੱਬੇ-ਸੱਜੇ ਘੁੰਮਦਿਆਂ ਵਲ-ਖਾਂਦਾ ਰੂਟ ਅਪਣਾ ਨਿਕਲਣਾ ਪਵੇ, ਹਰ ਸਥਿਤੀ ਲਈ ਇੰਜਣ-ਰੂਮ ਨੇ ਪੂਰੀ ਤਿਆਰੀ ਕਰ ਲਈ ਹੈ। ਇੰਜਣ ਸਮੇਤ ਸਾਰੇ ਜਨਰੇਸ਼ਨ-ਪਲਾਂਟ, ਬੁਆਲਰ, ਫਾਇਰ-ਪੰਪ ਆਦਿ ਸਾਰੀ ਰਾਤ ਫੁੱਲ ਕਪੈਸਟੀ ’ਤੇ ਚੱਲਦੇ ਰਹਿਣਗੇ।”

ਕੈਪਟਨ ਨੇ ਤਸੱਲੀ ਨਾਲ ਉਸ ਵੱਲ ਦੇਖਦੇ ਸਿਰ ਹਿਲਾਇਆ ਤੇ ਕਿਹਾ, “ਗੱਡ ਚੀਫ਼।”

ਸੈਕਿੰਡ-ਅਫ਼ਸਰ ਸ੍ਰੀਲੰਕਾ ਦਾ ਸੀ ਤੇ ਸਰੀਰ ਦਾ ਪਤਲੂ ਜਿਹਾ। ਉਹ ਡੈਕ-ਡਿਊਟੀ ਦੇ ਨਾਲ-ਨਾਲ ਮੈਡੀਕਲ-ਅਫ਼ਸਰ ਦੀ ਭੂਮਿਕਾ ਵੀ ਨਿਭਾਅ ਰਿਹਾ ਸੀ। ਪੂਰਾ ਫੁਰਤੀਲਾ ਤੇ ਕੰਮ ’ਚ ਹੁਸ਼ਿਆਰ ਉਹ ਦੱਸਣ ਲੱਗਾ, “ਸਰ, ਕਿਸੇ ਵੀ ਜ਼ਖ਼ਮੀ ਨੂੰ ਸਾਂਭਣ ਲਈ ਦੋ ਬੈਂਡ, ਫਸਟ-ਏਡ ਦਾ ਕਿਟ ਅਤੇ ਹੋਰ ਲੋੜੀਂਦੀ ਦਵਾਈ ਵਗੈਰਾ ਦਾ ਪ੍ਰਬੰਧ ਮੁਕੰਮਲ ਹੈ।”

ਹੋਰ ਸਭਨਾਂ ਨੇ ਵੀ ਆਪੋ-ਆਪਣੀ ਤਿਆਰੀ ਬਾਰੇ ਕੈਪਟਨ ਨੂੰ ਦੱਸਿਆ। ਫੈਸਲਾ ਹੋਇਆ ਕਿ ਸਾਰੀ ਰਾਤ ਹਰੇਕ ਵਾਟਰ-ਗੰਨ ਦੇ ਪਿੱਛੇ ਦੋ-ਦੋ ਬੰਦੇ ਡਿਊਟੀ ਦੇਣਗੇ। ਕੈਪਟਨ, ਡਿਊਟੀ-ਅਫ਼ਸਰ, ਰੇਡੀਓ-ਅਫ਼ਸਰ, ਸਾਰੀ ਰਾਤ ਬਰਿੱਜ਼ ’ਚ ਹਾਜ਼ਰ ਰਹਿਣਗੇ। ਹਮਲੇ ਦੀ ਸੂਰਤ ਵਿੱਚ ਏਹੋ ਕੋਸ਼ਿਸ਼ ਕਰਨੀ ਹੈ ਕਿ ਡਾਕੂ ਜਹਾਜ਼ ਅੰਦਰ ਦਾਖ਼ਲ ਨਾ ਹੋਣ। ਅਗਰ ਕੋਈ ਵੀ ਡਾਕੂ ਜਹਾਜ਼ ਵਿੱਚ ਆ ਗਿਆ, ਉਹ ਕੁੱਝ ਵੀ ਨੁਕਸਾਨ ਕਰ ਸਕਦਾ ਹੈ ਪਰ ਆਪਾਂ ਉਹਦਾ ਕੁੱਝ ਨਹੀਂ ਵਿਗਾੜ ਸਕਦੇ। ਅੰਤਰ-ਰਾਸ਼ਟਰੀ ਕਾਨੂੰਨ ਤੇ ਮਨੁੱਖੀ ਅਧਿਕਾਰਾਂ ਤਹਿਤ ਜਹਾਜ਼ ’ਚ ਦਾਖ਼ਲ ਹੋ ਚੁੱਕੇ ਬੰਦੇ ਨੂੰ, ਹਰ ਸਹੂਲਤ ਦੇਣੀ ਆਪਣੀ ਮਜ਼ਬੂਰੀ ਹੈ ਤੇ ਡਾਕੂ ਇਹ ਜਾਣਦੇ ਹਨ। ਮੀਟਿੰਗ ਤੋਂ ਬਾਅਦ ਸਭ ਨੇ ਆਪਣੀ-ਆਪਣੀ ਡਿਊਟੀ ਸੰਭਾਲ ਲਈ।

ਬੰਦਰਗਾਹ ’ਚ ਬੈਠੇ ਡਾਕੂਆਂ ਦੇ ਕੈਂਪ ਵਿੱਚ ਖ਼ਬਰ ਪਹੁੰਚ ਚੁੱਕੀ ਸੀ ਕਿ ਇੱਕ ਜਹਾਜ਼ ਉਨ੍ਹਾਂ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਵਿੱਚ ਦਾਖ਼ਲ ਹੋ ਰਿਹਾ ਹੈ। ਡਾਕੂ ਕੈਂਪ ਵਿੱਚ ਹਲਚਲ ਹੋਈ ਤੇ ਖ਼ੁਸ਼ੀ ਵੀ, ਇੱਕ ਹੋਰ ਸ਼ਿਕਾਰ ਜਾਲ ਵਿੱਚ ਫਸਣ ਵਾਲਾ ਸੀ।

ਸੈਮੁਅਲ ਆਪਣੇ ਸਾਥੀਆਂ ਸਮੇਤ ਇੱਕ ਕਲੱਬ ਵਿੱਚ ਬੈਠਾ ਰੰਗ-

27/ਰੇਤ ਦੇ ਘਰ