ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੱਸੀ

ਸਵੇਰ ਦਾ ਇਹ ਮੌਸਮ ਬੜਾ ਹੀ ਖ਼ੁਸ਼-ਗਵਾਰ ਸੀ। ਬਰਿੱਜ਼ ਦੇ ਬਾਹਰ ਖੜ੍ਹਾ ਮੈਂ ਦੂਰਬੀਨ ਨਾਲ ਬੰਦਰਗਾਹ ਦੇ ਆਲੇ-ਦੁਆਲੇ ਦਾ ਜਾਇਜ਼ਾ ਲੈ ਰਿਹਾ ਸੀ। ਸੂਰਜ ਅਜੇ ਚੜ੍ਹਿਆ ਨਹੀਂ ਸੀ ਪਰ ਐਨਾ ਕੁ ਚਾਨਣ ਹੋ ਚੁੱਕਾ ਸੀ ਕਿ ਅਰਬ ਦੀ ਇਹ ਬੰਦਰਗਾਹ ਸਾਹਮਣੇ ਦਿਖਾਈ ਦੇਣ ਲੱਗ ਪਈ ਸੀ। ਅੰਦਰ ਖੜ੍ਹੇ ਜਹਾਜ਼ ਕਰੇਨਾਂ ਵੀ ਦਿਖਾਈ ਦੇ ਰਹੀਆਂ ਸਨ।

ਮੈਂ ਦੂਰਬੀਨ ਅੱਖਾਂ ਤੋਂ ਹਟਾ ਥੋੜ੍ਹਾ ਖੱਬੇ ਨੂੰ ਹੋਣ ਲੱਗਾ। ਵੇਖਿਆ, ਜੱਸੀ ਮੇਰੇ ਨਾਲ ਖੜ੍ਹੀ ਸੀ। ਮੈਂ ਹੈਰਾਨ ਹੋਇਆ, ‘ਇਹ ਕਦ ਆ ਕੇ ਖੜ੍ਹੀ ਹੋ ਗਈ ਪਤਾ ਹੀ ਨੀ ਲੱਗਾ।’

“ਜੱਸੀ ਤੂੰ, ਸਵੇਰੇ-ਸਵੇਰੇ। ਕੀ ਗੱਲ ਨੀਂਦ ਜਲਦੀ ਖੁੱਲ੍ਹ ਗਈ ਜਾਂ ਤਬੀਅਤ.... ?” ਗੱਲ ਨੂੰ ਵਿੱਚੇ ਛੱਡ ਮੈਂ ਉਸਦੇ ਚਿਹਰੇ ਵੱਲ ਦੇਖਣ ਲੱਗਾ।

“ਕੁੱਝ ਚਿਰ ਪਹਿਲਾਂ ਪਤਾ ਨੀ ਕੀ ਖੜ-ਖੜ ਜੀ ਹੋਈ, ਮੇਰੀ ਨੀਂਦ ਟੁੱਟ ਗਈ। ਮੁੜ ਨੀਂਦ ਨਹੀਂ ਆਈ। ਫਿਰ ਰਾਤ ਵਾਲੀਆਂ ਗੱਲਾਂ ਯਾਦ ਆਉਣ ਲੱਗ ਪਈਆਂ। ਤੁਸੀਂ ਦੱਸਿਆ ਸੀ, ਸਵੇਰੇ ਜਹਾਜ਼ ਨੇ ਅਰਬ ਦੀ ਬੰਦਰਗਾਹ ’ਤੇ ਪਹੁੰਚ ਜਾਣਾ ਹੈ। ਨੀਂਦ ਤਾਂ ਆ ਨਹੀਂ ਸੀ ਰਹੀ, ਸੋਚਿਆ ਚੱਲੋ ਬਰਿੱਜ਼ ’ਚ ਜਾ ਕੇ ਵੇਖਾਂ ਜਹਾਜ਼ ਕਿੱਥੇ ਕੁ ਹੈ।” ਜੱਸੀ ਨੇ ਸਹਿਜ ਭਾਵ ਨਾਲ ਦੱਸਿਆ।

“ਸਮਝ ਗਿਆ, ਲੰਗਰ ਜੋ ਸੁੱਟਿਆ ਸੀ ਤੇ ਉਸ ਦੀ ਖੜ-ਖੜ ਹੋਈ ਸੀ। ਚੱਲ ਕੋਈ ਗੱਲ ਨੀ, ਵੇਖ ਕਿੰਨਾ ਵਧੀਆ ਮੌਸਮ ਹੈ। ਔਹ ਸਾਹਮਣੇ ਦਿਸਦੀ ਅਰਬ ਦੀ ਧਰਤੀ ਹੈ। ਐਧਰ ਜਿੱਥੇ ਕਰੇਨਾਂ ਦਿਸਦੀਆਂ ਨੇ, ਇਹ ਬੰਦਰਗਾਹ ਹੈ ਤੇ ਜਹਾਜ਼ ਇਸਦੇ ਅੰਦਰ ਜਾਂਦੇ ਨੇ। ਆਪਣਾ ਜਹਾਜ਼ ਵੀ ਇਸ ਦੇ ਅੰਦਰ ਜਾਏਗਾ ਪਰ ਅਜੇ ਕੁੱਝ ਟਾਈਮ ਲੱਗੇਗਾ। ਕੰਟਰੋਲ-ਰੂਮ ਤੋਂ ਸੰਦੇਸ਼ ਆਇਆ ਸੀ ਕਿ ਲੰਗਰ ਪਾ ਕੇ ਰੁਕੋ। ਹੁਣ ਆਪਾਂ ਲੰਗਰ ਪਾ ਕੇ ਰੁਕੇ ਹਾਂ।”

“ਆਹ ਦੂਰਬੀਨ ਦਿਉ ਜ਼ਰਾ, ਮੈਂ ਵੀ ਚੰਗੀ ਤਰ੍ਹਾਂ ਬੰਦਰਗਾਹ ਵੇਖ ਲਵਾਂ।”

“ਦੂਰਬੀਨ ਨਾਲ ਤੂੰ ਕੀ ਵੇਖਣਾ ਹੈ, ਥੋੜ੍ਹੀ ਦੇਰ ਬਾਅਦ ਆਪਾਂ ਸਾਰਾ ਸ਼ਹਿਰ ਘੁੰਮ ਕੇ ਆਵਾਂਗੇ। ਤੈਨੂੰ ਯਾਦ ਹੈ ਹਿੰਦੋਸਤਾਨ ਦੀ ਤਰ੍ਹਾਂ ਅਰਬ ਦੀ ਸੱਭਿਅਤਾ ਵੀ ਬੜੀ ਪੁਰਾਣੀ ਹੈ। ਅਰਬ ਦੀ ਕਿਸੇ ਬੰਦਰਗਾਹ ’ਤੇ ਮੈਂ ਵੀ

37/ਰੇਤ ਦੇ ਘਰ