ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਕੇ ਟਾਲ ਦਿੱਤਾ। ਕਿਤੇ ਉਹ ਸਵੇਰੇ-ਸਵੇਰੇ ਬੀਚ ’ਤੇ ਨਹਾ ਰਹੀਆਂ ਗੋਰੀਆਂ ਔਰਤਾਂ ਨੂੰ ਤਾਂ ਨਹੀਂ ਸੀ ਵੇਖ ਰਿਹਾ। ਆਪਣੀ ਇੱਕ ਸਹੇਲੀ ਦੀ ਕਹੀ ਗੱਲ ਵੀ ਯਾਦ ਆਈ ‘ਜੱਸੀ ਕਈ ਮਰਦ ਤਾਂ ਮੱਖੀਆਂ ਵਰਗੇ ਹੁੰਦੇ ਨੇ। ਜਿੱਧਰ ਮਿੱਠਾ ਦੇਖਿਆ, ਮੱਖੀ ਓਧਰ।’ ਏਸੇ ਤਰ੍ਹਾਂ ਇਹ ਮਰਦ। ਜਿੱਧਰ ਸੋਹਣੀ ਜਨਾਨੀ ਦੇਖੀ, ਏਨਾਂ ਦੀਆਂ ਨਜ਼ਰਾਂ ਓਧਰ ਗੱਲ ਭਾਵੇਂ ਹਾਸੇ ’ਚ ਕਹੀ ਸੀ ਪਰ ਜੱਸੀ ਸੋਚਾਂ ਵਿੱਚ ਪੈ ਗਈ।

ਸੋਚਾਂ-ਸੋਚਾਂ ਵਿੱਚ ਹੀ ਉਹ ਤਾਂ ਯੂਨੀਵਰਸਿਟੀ ਪਹੁੰਚ ਗਈ। ਉਹ ਦਿਨ ਯਾਦ ਆਉਣ ਲੱਗੇ, ਜਦੋਂ ਸਾਰੀ ਯੂਨੀਵਰਸਿਟੀ ’ਚ ਉਸਦੇ ਹੁਸਨ ਦੀਆਂ ਹੀ ਗੱਲਾਂ ਹੋਇਆ ਕਰਦੀਆਂ ਸਨ। ਜਿੱਧਰੋਂ ਵੀ ਲੰਘਦੀ, ਮੁੰਡਿਆਂ ਦੀਆਂ ਗਰਦਨਾਂ ਉੱਧਰ ਨੂੰ ਘੁੰਮਦੀਆਂ ਜਾਂਦੀਆਂ। ਨਾਲ ਦੀਆਂ ਕੁੜੀਆਂ ਵੀ ਉਸਦੇ ਹੁਸਨ ਤੇ ਰਸ਼ਕ ਕਰਦੀਆਂ।

ਇੱਕ ਸਹੇਲੀ ਇੰਦੂ ਹਮੇਸ਼ਾ ਗਿਲਾ ਕਰਦੀ, ‘ਜੱਸੀ ਤੇਰੇ ਨਾਲ ਆ ਕੇ ਤਾਂ ਆਪਣਾ-ਆਪ ਹੀਣਾ ਜਿਹਾ ਲੱਗਣ ਲੱਗ ਜਾਂਦੈ। ਸਭ ਤੈਨੂੰ ਹੀ ਵੇਖਦੇ ਨੇ ਤੇ ਤੇਰੇ ਨਾਲ ਹੀ ਗੱਲ ਕਰਨਾ ਚਾਹੁੰਦੇ ਨੇ। ਤੇਰੀਆਂ ਹੀ ਤਾਰੀਫ਼ਾਂ ਕਰਦੇ ਨੇ। ਮੈਂ ਤਾਂ ਜਿਵੇਂ ਨਾਲ ਹੁੰਦੀ ਹੀ ਨਹੀਂ। ਮੇਰੀ ਤਾਂ ਕੋਈ ਹੋਂਦ ਹੀ ਨਹੀਂ ਰਹਿ ਜਾਂਦੀ। ਅੱਗੇ ਤੋਂ ਨੀ ਮੈਂ ਤੇਰੇ ਨਾਲ ਆਉਣਾ।’

ਇੰਦੂ ਠੀਕ ਹੀ ਤਾਂ ਕਹਿੰਦੀ ਹੁੰਦੀ ਪਰ ਮੈਂ ਜਲਦੀ ਹੀ ਉਸਨੂੰ ਮਨਾ ਲੈਂਦੀ। ਘੁੱਟ ਕੇ ਜੱਫੀ ਪਾ ਲੈਂਦੀ ਤੇ ਨਾਲ ਛੇੜ ਵੀ ਦਿੰਦੀ, ‘ਵੇਖੀ ਸਹੀ ਪਟਿਆਲੇ ਦਾ ਸਭ ਤੋਂ ਸੋਹਣਾ ਚੀਰੇ ਵਾਲਾ, ਸਾਡੀ ਇੰਦੂ ਨੂੰ ਲੈਣ ਆਵੇਗਾ।’

ਇੰਦੂ ਅੰਦਰੋਂ ਖ਼ੁਸ਼ ਹੁੰਦੀ ਪਰ ਬਾਹਰੋਂ ਗੁੱਸਾ ਵਿਖਾਉਂਦੀ, ‘ਸਾਰੇ ਚੀਰੇ ਵਾਲੇ ਤਾਂ ਤੇਰੇ ਮਗਰ-ਮਗਰ ਫਿਰਦੇ ਨੇ, ਮੈਨੂੰ ਕਿੱਥੇ।’ ਜੱਸੀ ਨੂੰ ਇਹ ਸਾਰੀਆਂ ਗੱਲਾਂ ਕੱਲ੍ਹ ਵਾਂਗੂੰ ਯਾਦ ਸਨ। ਕਿੰਨੇ ਸੋਹਣੇ ਦਿਨ ਸੀ ਉਹ। ਖ਼ੂਬ ਮਸਤੀ ਕਰਦੀਆਂ ਤੇ ਬਹਾਰ ਵਾਂਗੂੰ ਖਿੜੀਆਂ ਰਹਿੰਦੀਆਂ।

.....ਪਰ....ਪਰ ਕੀ ਮੈਂ ਹੁਣ ਓਨੀ ਸੋਹਣੀ ਨਹੀਂ ਰਹੀ। ਉਹ ਇਕਦਮ ਉੱਠੀ ਤੇ ਵੱਡੇ ਸ਼ੀਸ਼ੇ ਅੱਗੇ ਜਾ ਕੇ ਖੜ੍ਹੀ ਹੋ ਗਈ। ਫੁੱਲ-ਸਾਈਜ਼ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਥੋੜਾ ਚਿਰ ਸ਼ੀਸ਼ੇ ਅੰਦਰਲੀ ਜੱਸੀ ਨੂੰ ਵੇਖਦੀ ਰਹੀ। ਪਛਾਣਦੀ ਰਹੀ ਕਿ ਉਹੀ ਯੂਨੀਵਰਸਿਟੀ ਵਾਲੀ ਜੱਸੀ ਹੈ, ਜਾਂ ਕੋਈ ਹੋਰ।

‘ਉਹੀ ਚਿਹਰਾ....ਉਹੀ ਜੁਲਫ਼ਾਂ....ਉਹੀ ਸਰੀਰ ....ਉਹੀ ਤਾਂ ਹੈ।’ ਫਿਰ ਉਹ ਆਪਣੇ ਗਾਊਨ ਜੋ ਅੱਡੀਆਂ ਤੱਕ ਲਟਕਿਆ ਹੋਇਆ ਸੀ, ਨੂੰ ਹੌਲੀ-ਹੌਲੀ ਉੱਪਰ ਚੁੱਕਣ ਲੱਗੀ ਤੇ ਆਪਣੀਆਂ ਹੀ ਨੰਗੀਆਂ ਹੋ ਰਹੀਆਂ ਲੱਤਾਂ ਨੂੰ ਨਿਹਾਰਨ ਲੱਗੀ। ਆਪਣੀਆਂ ਗੋਰੀਆਂ ਲੱਤਾਂ ਨੂੰ ਸ਼ੀਸ਼ੇ ਅੰਦਰ ਵੇਖ, ਉਸਦੇ ਮਨ ਅੰਦਰ ਇੱਕ ਝਰਨਾਹਟ ਜਿਹੀ ਛਿੜੀ। ਉਹ ਸ਼ਰਮਾ ਗਈ ਤੇ ਇਕਦਮ

39/ਰੇਤ ਦੇ ਘਰ