ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਨਸਾਨ ਦੀ ਆਪਣੀ ਸੋਚ ਦੀ, ਆਪਣੀ ਆਜ਼ਾਦੀ ਦੀ ਪੂਰੀ ਕਦਰ ਕਰਦੇ ਹਨ।” ਇਹ ਕਹਿ ਕੇ ਸੁਰੇਸ਼ ਕਮਰੇ ਤੋਂ ਬਾਹਰ ਚਲਾ ਗਿਆ।

ਅੰਜਲੀ ਬੁਰੀ ਤਰ੍ਹਾਂ ਖ਼ਫ਼ਾ ਸੀ। ਇਕੱਲੀ ਬੈਠੀ ਬੁੜ-ਬੁੜ ਕਰ ਰਹੀ ਸੀ ‘ਕੀ ਸਮਝਦੇ ਨੇ ਇਹ ਲੋਕ, ਮੈਂ ਕੋਈ ਕਠਪੁਤਲੀ ਹਾਂ। ਸੁਨੇਹਾ ਭੇਜੋ ਤੇ ਬੱਸ ਮੈਂ ਭੱਜੀ ਚਲੀ ਆਉਂਗੀ, ਮਾਈ ਬਲੈਡੀ ਫੁੱਟ। ਪੰਜ ਵਜੇ ਕਾਰ ਆ ਜਾਵੇਗੀ, ਕਾਰ ’ਚ ਆਉਂਦੈ ਮੇਰਾ ਠੈਂਗਾ। ਨਹੀਂ ਚਾਹੀਦੀ ਐਦਾਂ ਦੀ ਨੌਕਰੀ। ਅਜੇ ਪੈਰ ਵੀ ਨੀ ਧਰਿਆ ਤੇ ਸੇਠ ਜੀ ਦਾ ਸੁਨੇਹਾ ਆ ਗਿਆ। ਮੈਂ ਨੌਕਰੀ ਲਈ ਆਈ ਹਾਂ, ਕੋਈ ਧੰਦਾ ਕਰਨ ਨਹੀਂ।’ ਗੁੱਸੇ 'ਚ ਭਰੀ ਉਹ ਬਹੁਤ ਦੇਰ ਤੱਕ ਬੋਲਦੀ ਰਹੀ ਤੇ ਅਖ਼ੀਰ ਹੰਭ ਕੇ ਚੁੱਪ ਹੋ ਗਈ।

ਬਹੁਤ ਦੇਰ ਤੋਂ ਹੁਣ ਉਹ ਚੁੱਪ ਬੈਠੀ ਸੀ ਤੇ ਸ਼ਾਂਤ ਵੀ। ਸੋਚੀ ਜਾ ਰਹੀ ਸੀ, ਸੋਚੀ ਜਾ ਰਹੀ ਸੀ। ਕਈ ਤਰ੍ਹਾਂ ਦੇ ਖ਼ਿਆਲ ਮਨ ’ਚ ਆਉਂਦੇ, ਭੁਰ ਜਾਂਦੇ, ਆਉਂਦੇ ਤੇ ਭੁਰ ਜਾਂਦੇ। ਉਹ ਉੱਠ ਕੇ ਖੜ੍ਹੀ ਹੋ ਗਈ ਤੇ ਕਮਰੇ ’ਚ ਹੀ ਛੋਟੇ-ਛੋਟੇ ਕਦਮ ਰੱਖ ਟਹਿਲਣ ਲੱਗੀ।

‘ਇਹ ਲੜਕਾ ਕੌਣ ਸੀ, ਸੇਠ ਸਰੂਤੀ ਸ਼ਾਹ ਦਾ ਕੋਈ ਖ਼ਾਸ ਰਾਜ਼ਦਾਰ ਜਾਂ ਕੋਈ ਆਮ ਨੌਕਰ?’

‘ਸੇਠ ਸਰੂਤੀ ਸ਼ਾਹ ਨੇ ਇਸਨੂੰ ਮੇਰੇ ਕੋਲ ਕਿਉਂ ਭੇਜਿਆ? ਕੀ ਹੋਰ ਲੜਕੀਆਂ ਨੂੰ ਵੀ ਇਸੇ ਤਰ੍ਹਾਂ ਸੁਨੇਹੇ ਭੇਜੇ ਹੋਣਗੇ?’

‘ਕੀ ਦੂਸਰੀਆਂ ਲੜਕੀਆਂ ਅੱਜ ਸੇਠ ਕੋਲ ਜਾਣਗੀਆਂ, ਕੱਲ੍ਹ ਨੂੰ ਐਤਵਾਰ ਹੈ, ਕਈਆਂ ਨੂੰ ਕੱਲ੍ਹ ਵੀ ਸੱਦਿਆ ਹੋ ਸਕਦੈ?’

‘ਕੀ ਇੰਟਰਵਿਊ ਸੇਠ ਜੀ ਨੇ ਹੀ ਲੈਣੀ ਹੈ, ਮੈਨੂੰ ਜਾਣਾ ਚਾਹੀਦੈ ਕਿ ਨਹੀਂ?’

‘ਕੀ ਅੱਜ ਤੇ ਕੱਲ੍ਹ 'ਚ ਹੀ ਸਿਲੈਕਸ਼ਨ ਹੋ ਜਾਏਗੀ, ਸੋਮਵਾਰ ਦੀ ਇੰਟਰਵਿਊ ਤਾਂ ਦਿਖਾਵਾ ਮਾਤਰ ਹੈ?’

‘ਕੋਈ ਖ਼ਾਸ ਮੱਦਦਗਾਰ ਜਾਂ ਸੰਪਰਕ ਲੱਭ ਪਵੇ, ਇਸੇ ਲਈ ਤਾਂ ਇੱਕ ਦਿਨ ਪਹਿਲਾਂ ਆਈ ਸੀ, ਹੁਣ ਮੈਨੂੰ ਕੀ ਹੋ ਗਿਆ?’

ਸਵਾਲ-ਦਰ-ਸਵਾਲ ਅੰਜਲੀ ਦੇ ਮਨ ’ਚ ਖ਼ੌਰੂ ਪਾ ਰਹੇ ਸਨ ਤੇ ਕੁੱਝ ਵੀ ਸਮਝ ਨਹੀਂ ਸੀ ਆ ਰਿਹਾ। ਕਾਰਡ ਉਸੇ ਤਰ੍ਹਾਂ ਟੇਬਲ ’ਤੇ ਪਿਆ ਸੀ। ਅੰਜਲੀ ਨੇ ਇੱਕ ਵਾਰ ਉਸ ਵੱਲ ਦੇਖਿਆ, ਫਿਰ ਜਲਦੀ ਹੀ ਹੋਰ ਪਾਸੇ ਦੇਖਣ ਲੱਗੀ। ਭਾਵੇਂ ਉਹ ਬਾਹਰ ਜਾਣ ਲਈ ਤਿਆਰ ਹੋਈ ਸੀ ਪਰ ਹੁਣ ਬਾਹਰ ਜਾਣ ਨੂੰ ਉਸਦਾ ਮਨ ਨਹੀਂ ਸੀ। ਉਸਨੇ ਸ਼ਿਲਪੀ ਨੂੰ ਫੋਨ ਲਾਇਆ ਤੇ ਲੰਬਾ ਸਮਾਂ ਫੋਨ ’ਤੇ ਹੀ ਉਸ ਨਾਲ ਗੱਲਾਂ ਕਰਦੀ ਰਹੀ।

ਅੱਜ ਸੋਮਵਾਰ ਸੀ। ਸ਼ਾਮ ਦੇ ਚਾਰ ਵੱਜ ਚੁੱਕੇ ਸਨ। ਅੰਜਲੀ ਹੁਣੇ-

55/ਰੇਤ ਦੇ ਘਰ