ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣੇ ਇੰਟਰਵਿਊ ਤੋਂ ਵਾਪਸ ਆਈ ਸੀ। ਆਉਣ ਸਾਰ ਉਹ ਸੋਫੇ ਉੱਪਰ ਇਸ ਤਰ੍ਹਾਂ ਢੇਰੀ ਹੋ ਗਈ, ਜਿਵੇਂ ਬਹੁਤ ਹੀ ਥੱਕੀ ਹੋਵੇ, ਹਾਰੀ-ਹਾਰੀ ਜਿਹੀ।

ਜਿਸ ਬੋਰਡ ਨੇ ਇੰਟਰਵਿਊ ਲਈ, ਉਸ ਵਿੱਚ ਇੱਕ ਵੀ ਮਰਦ ਮੈਂਬਰ ਨਹੀਂ ਸੀ। ਤਿੰਨੋਂ ਬੋਰਡ ਮੈਂਬਰ ਔਰਤਾਂ ਸਨ। ਪੰਦਰਾਂ ਮਿੰਟਾਂ ਤੱਕ ਸਵਾਲ-ਜਵਾਬ ਹੋਏ ਤੇ ਉਹ ਬਾਹਰ ਆ ਗਈ। ਹੋਰ ਲੜਕੀਆਂ ਨਾਲ ਵੀ ਲੱਗਭੱਗ ਇਸੇ ਤਰ੍ਹਾਂ ਹੋਇਆ। ਘੱਟ ਤੋਂ ਘੱਟ ਪੰਦਰਾਂ ਤੇ ਵੱਧ ਤੋਂ ਵੱਧ ਵੀਹ ਮਿੰਟ। ਦੋ ਵਜੇ ਤੱਕ ਸਭ ਦੀ ਇੰਟਰਵਿਊ ਖ਼ਤਮ। ਫਿਰ ਸਭ ਨੇ ਮਿਲ ਕੇ ਲੰਚ ਕੀਤਾ। ਹੈਰਾਨੀ ਦੀ ਗੱਲ ਕਿ ਇੰਟਰਵਿਊ ਲੈਣ ਵਾਲੀਆਂ ਤਿੰਨੋ ਲੇਡੀਜ਼ ਮੈਂਬਰ ਨੇ ਵੀ ਸਾਡੇ ਨਾਲ ਮਿਲ ਕੇ ਲੰਚ ਕੀਤਾ। ਤਿੰਨ ਵਜੇ ਦੇ ਕਰੀਬ ਚਾਰ ਲੜਕੀਆਂ ਨੂੰ ਦੁਬਾਰਾ ਬੁਲਾਇਆ ਗਿਆ। ਫਿਰ ਪੰਜ-ਸੱਤ ਮਿੰਟ ਬਾਅਦ ਅਸੀਂ ਜੋ ਬਾਕੀ ਸਾਂ, ਸਭ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਥੋੜ੍ਹਾ ਦਿਲਾਸਾ ਜ਼ਰੂਰ ਦਿੱਤਾ ਕਿ ਅਗਲੀ ਵਾਰ ਜਦੋਂ ਵੀ ਇੰਟਰਵਿਊ ਹੋਈ, ਤੁਹਾਨੂੰ ਦੁਬਾਰਾ ਮੌਕਾ ਦਿੱਤਾ ਜਾਵੇਗਾ। ਅਸੀਂ ਆਪਣਾ-ਆਪਣਾ ਬੈਗ ਚੁੱਕਿਆ ਤੇ ਇੱਕ-ਇੱਕ ਕਰਕੇ ਬਾਹਰ ਆ ਗਈਆਂ। ਨੌਕਰੀ ਨਾ ਮਿਲਣ ਦਾ ਦੁੱਖ, ਉਦਾਸ ਚਿਹਰਿਆਂ ਤੋਂ ਸਾਫ਼ ਝਲਕਦਾ ਸੀ।

‘ਨੌਕਰੀ ਤਾਂ ਮਿਲੀ ਨਹੀਂ, ਹੁਣ ਕੀ ਕੀਤਾ ਜਾਵੇ।’ ਸੋਚਾਂ ’ਚ ਪੈ ਗਈ, ‘ਇੰਟਰਵਿਉ ਕਾਲ ਮਿਲਣ ’ਤੇ ਮੈਂ ਕਿੰਨੀ ਖੁਸ਼ ਸਾਂ। ਮੰਮੀ ਨਾਲ ਕਿੰਨੇ ਹੌਸਲੇ ’ਚ ਗੱਲਾਂ ਕੀਤੀਆਂ ਸੀ ਪਰ ਹੁਣ ਮੰਮੀ ਨੂੰ ਕੀ ਦੱਸਾਂ, ਉਹ ਤਾਂ ਮੇਰੇ ਫੋਨ ਦਾ ਇੰਤਜ਼ਾਰ ਕਰ ਰਹੀ ਹੋਵੇਗੀ।’

ਬਾਪ ਜੋ ਪਹਿਲਾਂ ਹੀ ਮਰ ਚੁੱਕਾ ਸੀ, ਉਸਦੀ ਯਾਦ ਆਈ। ਛੋਟਾ ਭਰਾ ਵੀ ਯਾਦ ਆਇਆ। ਭਰਾ ਨੂੰ ਯਾਦ ਕਰ ਫਿਰ ਸੋਚਣ ਲੱਗੀ, ‘ਜੇ ਨੌਕਰੀ ਮਿਲ ਜਾਂਦੀ, ਉਸਦੀ ਪੜ੍ਹਾਈ ਦੇ ਖਰਚੇ ਦਾ ਫਿਕਰ ਮੁੱਕ ਜਾਂਦਾ। ’ਕੱਲਾ ਪੜ੍ਹਾਈ ਦਾ ਖਰਚਾ ਕਿਉਂ, ਫੇਰ ਤਾਂ ਸਾਰੇ ਹੀ ਫ਼ਿਕਰ ਮੁੱਕ ਜਾਂਦੇ। ਨਾਲੇ ਵੱਡਾ ਹੌਸਲਾ ਤਾਂ ਮਾਂ ਨੂੰ ਹੋਣਾ ਸੀ।’

ਉਹ ਛੋਟੇ ਭਰਾ ਨੂੰ ਐੱਮ.ਐੱਸ.ਸੀ. (ਐੱਮ.ਫਿਲ) ਤੱਕ ਪੜ੍ਹਾਉਣਾ ਚਾਹੁੰਦੀ ਸੀ, ਆਪ ਵੀ ਏਥੋਂ ਤੱਕ ਪੜ੍ਹਨਾ ਚਾਹੁੰਦੀ ਸੀ ਪਰ ਘਰ ਦੀ ਮਜ਼ਬੂਰੀ ਕਾਰਨ ਨੌਕਰੀ ਬਾਰੇ ਸੋਚਣਾ ਪੈ ਰਿਹਾ ਸੀ।

ਅੱਜ ਦਾ ਸਾਰਾ ਘਟਨਾ-ਕ੍ਰਮ ਉਸਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ। ਸੇਠ ਜੀ ਦਾ ਕਾਰਡ ਅਜੇ ਵੀ ਟੇਬਲ ’ਤੇ ਉਸੇ ਜਗਾ ਪਿਆ ਸੀ, ਜਿੱਥੇ ਸੁਰੇਸ਼ ਰੱਖ ਕੇ ਗਿਆ ਸੀ। ਕਾਰਡ ’ਤੇ ਨਜ਼ਰ ਜਾਂਦੇ ਹੀ ਫਿਰ ਸੋਚਣ ਲੱਗ ਪਈ, ਕੌਣ ਹੈ ਇਹ ਸੇਠ ਸਰੂਤੀ ਸ਼ਾਹ। ਵਾਪਸ ਜਾਣ ਤੋਂ ਪਹਿਲਾਂ ਇੱਕ ਵਾਰ ਮਿਲ ਨਾ ਲਵਾਂ? ਸੁਰੇਸ਼ ਦੱਸਦਾ ਸੀ ਉਹ ਕੰਪਨੀ ਵਿੱਚ ਹਿੱਸੇਦਾਰ ਹਨ।

56/ਰੇਤ ਦੇ ਘਰ