ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਜਲੀ ਨੂੰ ਝਟਕਾ ਲੱਗਿਆ, ਸੋਚਿਆ ਹਾਂ, ਅੱਜ ਤਾਂ ਮੈਂ ਮਿਲਣ ਆਈ ਹਾਂ, ਕੀ ਗੱਲ ਕਰਾਂ।’ ਸੋਚਾਂ ਵਿੱਚ ਪੈ ਗਈ।

ਸੇਠ ਜੀ ਨੇ ਉਸਦੀ ਪ੍ਰੇਸ਼ਾਨੀ ਨੂੰ ਸਮਝਦੇ ਕਿਹਾ, “ਘਬਰਾਉਣ ਦੀ ਲੋੜ ਨਹੀਂ। ਹੁਣ ਤੂੰ ਕੋਈ ਇੰਟਰਵਿਊ ਨਹੀਂ ਦੇ ਰਹੀ, ਰੀਲੈਕਸ। ਜੋ ਵੀ ਗੱਲ ਤੁਹਾਡੇ ਮਨ ’ਚ ਹੈ, ਦੱਸੋ। ਕੋਈ ਮੱਦਦ ਚਾਹੁੰਦੇ ਹੋ ਤਾਂ ਵੀ ਖੁੱਲ੍ਹ ਕੇ ਦੱਸੋ। ਮੈਂ ਕਾਇਦੇ ਅਨੁਸਾਰ ਜੋ ਵੀ ਕਰ ਸਕਦਾ ਹੋਇਆ, ਜ਼ਰੂਰ ਕਰਾਂਗਾ।”

ਅੰਜਲੀ ਥੋੜ੍ਹਾ ਸੰਭਲੀ, ਕੁੱਝ ਹੌਸਲਾ ਹੋਇਆ, ਉਹ ਬੋਲੀ, “ਸਰ, ਪਤਾ ਨਹੀਂ ਕਿਉਂ ਉਸ ਦਿਨ ਮੈਂ ਆ ਨਹੀਂ ਸਕੀ। ਮੇਰੇ ਮਨ ਅੰਦਰ ਕੋਈ ਡਰ ਸੀ। ਦੂਸਰਾ ਇਹ ਵੀ ਸੀ ਕਿ ਮੈਂ ਆਪਣੇ ਹੀ ਦਮ ’ਤੇ ਇੰਟਰਵਿਊ ਦੇਣਾ ਚਾਹੁੰਦੀ ਸੀ। ਹੁਣ ਮੈਂ ਸੋਚਦੀ ਹਾਂ ਮੈਂ ਗਲਤ ਸੀ।”

ਸੇਠ ਜੀ ਨੇ ਥੋੜ੍ਹਾ ਹੈਰਾਨੀ ਦਾ ਪ੍ਰਗਟਾਵਾ ਤਾਂ ਕੀਤਾ ਪਰ ਚੁੱਪ ਹੀ ਬੈਠੇ ਰਹੇ।

‘ਆਪਣੇ ਦਮ ਵਾਲੀ ਗੱਲ’ ਅੰਜਲੀ ਨੇ ਵੀ ਝੂਠ ਹੀ ਬੋਲਿਆ ਸੀ। ਮਨ ਹੀ ਮਨ ਸੋਚਣ ਲੱਗੀ ਕਿ ਬੋਰਡ ਦੇ ਕਿਸੇ ਮੈਂਬਰ ਜਾਂ ਕਿਸੇ ਹੋਰ ਸੰਪਰਕ ਨੂੰ ਪਹਿਲਾਂ ਮਿਲ ਸਕੇ, ਇਸ ਲਈ ਹੀ ਤਾਂ ਉਹ ਇੱਕ ਦਿਨ ਪਹਿਲਾਂ ਆਈ ਸੀ ਪਰ ਹੁਣ ਏਥੇ ਇਸ ਝੂਠ ਦਾ ਸਹਾਰਾ ਹੀ ਠੀਕ ਸੀ।

ਉਸਨੇ ਆਪਣੀ ਗੱਲ ਅੱਗੇ ਜਾਰੀ ਰੱਖਦੇ ਕਿਹਾ, “ਸਰ, ਮੇਰਾ ਨਾ ਆਉਣਾ ਸ਼ਾਇਦ ਆਪ ਜੀ ਨੂੰ ਚੰਗਾ ਨਹੀਂ ਲੱਗਾ, ਇਸ ਗੱਲ ਨੂੰ ਮੈਂ ਇੰਟਰਵਿਊ ਤੋਂ ਬਾਅਦ ਮਹਿਸੂਸ ਕੀਤਾ। ਤੁਹਾਨੂੰ ਪਹਿਲਾਂ ਮਿਲ ਲੈਂਦੀ ਤਾਂ ਸ਼ਾਇਦ ਨੌਕਰੀ ਵੀ ਮਿਲ ਜਾਂਦੀ।”

ਸੇਠ ਜੀ ਨੇ ਬੜੇ ਗੌਰ ਨਾਲ ਅੰਜਲੀ ਵੱਲ ਵੇਖਿਆ ਤੇ ਕਿਹਾ, “ਗਲਤ, ਲੜਕੀ ਤੂੰ ਗਲਤ ਸੋਚ ਰਹੀ ਹੈਂ। ਉਸ ਦਿਨ ਤੈਨੂੰ ਬੁਲਾਉਣ ਦਾ ਹੋਰ ਮਕਸਦ ਸੀ। ਮੈਂ ਕਿਸੇ ਹੋਰ ਵਿਸ਼ੇ ’ਤੇ ਗੱਲ ਕਰਨੀ ਸੀ, ਜਿਸਦਾ ਇਸ ਇੰਟਰਵਿਊ ਨਾਲ ਕੋਈ ਸਬੰਧ ਨਹੀਂ ਸੀ। ਤੂੰ ਆਪਣੀ ਮਰਜ਼ੀ ਨਾਲ ਜੋ ਕੀਤਾ, ਠੀਕ ਕੀਤਾ। ਇਨਸਾਨ ਨੂੰ ਹਮੇਸ਼ਾ ਆਪਣੀ ਮਰਜ਼ੀ ਕਰਨੀ ਚਾਹੀਦੀ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਵੀ ਤੂੰ ਆਪਣੀ ਮਰਜ਼ੀ ਨਾਲ ਏਥੇ ਆਈ ਹੈਂ, ਕਿਸੇ ਦੇ ਦਬਾਅ ਪਾਉਣ ’ਤੇ ਨਹੀਂ। ਮੈਨੂੰ ਤੇਰੀ ਇਹ ਗੱਲ ਬੁਰੀ ਨਹੀਂ, ਸਗੋਂ ਚੰਗੀ ਲੱਗੀ। ਬਾਕੀ ਉਸ ਦਿਨ ਜੇ ਤੂੰ ਆ ਵੀ ਜਾਂਦੀ, ਇੰਟਰਵਿਊ ਵਿੱਚ ਮੈਂ ਤੇਰੀ ਕੋਈ ਮੱਦਦ ਨਹੀਂ ਸੀ ਕਰਨੀ।”

ਸੁਣ ਕੇ ਅੰਜਲੀ ਹੈਰਾਨ, ਸੇਠ ਜੀ ਦੀ ਇਸ ਗੱਲ ਦੀ ਵੀ ਹੈਰਾਨੀ ਹੋਈ ਕਿ ‘ਮੈਂ ਕਿਸੇ ਹੋਰ ਵਿਸ਼ੇ ’ਤੇ ਗੱਲ ਕਰਨੀ ਸੀ, ਜਿਸਦਾ ਇਸ ਇੰਟਰਵਿਊ ਨਾਲ ਕੋਈ ਸਬੰਧ ਨਹੀਂ ਸੀ।’

58/ਰੇਤ ਦੇ ਘਰ