ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਕੀ। ਸਰੀਰ ਵੀ ਤਾਂ ਗਹਿਣਾ ਹੈ, ਜੋ ਔਰਤ ਸ਼ਾਦੀ ਲਈ ਸੰਭਾਲ ਕੇ ਰੱਖਦੀ ਹੈ।’ ਤੇ ਇਹੀ ਗੱਲ ਬਹੁਤ ਵੱਡੀ ਲੱਗਣ ਲੱਗ ਜਾਂਦੀ।

‘ਕੀ ਇਹ ਐਨਾ ਅਨਮੋਲ ਹੈ ਕਿ ਇਸਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ?’

‘ਕੀ ਘਰ, ਮੰਮੀ, ਭਰਾ ਦੀ ਪੜ੍ਹਾਈ, ਇਹ ਗੱਲਾਂ ਇਸਤੋਂ ਵੀ ਵੱਧ ਜ਼ਰੂਰੀ ਨਹੀਂ?’

‘ਮੇਰਾ ਸਰੀਰ ਹੈ, ਮੇਰੀ ਜ਼ਿੰਦਗੀ ਹੈ, ਮੈਂ ਜੋ ਮਰਜ਼ੀ ਕਰਾਂ, ਕਿਸੇ ਨੂੰ ਕੀ ਮਤਲਬ?’

‘ਨਹੀਂ, ਇਸ ਉੱਪਰ ਕਿਸੇ ਹੋਰ ਦਾ ਵੀ ਹੱਕ ਹੈ।’

‘ਹੋਰ ਦਾ ਹੱਕ, ਉਹ ਕਿਵੇਂ?’

ਬੜੇ ਖ਼ਿਆਲ ਮਨ ’ਚ ਆ ਰਹੇ ਸਨ। ਖ਼ਿਆਲ ਕੀ, ਇਹ ਤਾਂ ਖ਼ਿਆਲਾਂ ਦਾ ਤੂਫ਼ਾਨ ਸੀ, ਜਿਸ ’ਚ ਉਹ ਆਪਣੇ ਆਪ ਨੂੰ ਫਸੀ ਮਹਿਸੂਸ ਕਰ ਰਹੀ ਸੀ। ਕੀ ਫੈਸਲਾ ਕਰੇ, ਕੁਝ ਸਮਝ ਨਹੀਂ ਸੀ ਆ ਰਿਹਾ। ਠੀਕ ਅੱਧੇ ਘੰਟੇ ਬਾਅਦ ਸੇਠ ਜੀ ਵਾਪਸ ਆ ਗਏ। ਅੰਜਲੀ ਫਿਰ ਸੇਠ ਜੀ ਦੇ ਸਾਹਮਣੇ ਜਾ ਬੈਠੀ।

“ਹਾਂ ਅੰਜਲੀ, ਬੋਰ ਤਾਂ ਨਹੀਂ ਹੋਈ?”

“ਨਹੀਂ ਸਰ, ਐਸੀ ਕੋਈ ਗੱਲ ਨਹੀਂ।”

“ਫਿਰ ਕੀ ਇਰਾਦਾ ਹੈ?”

ਕੁਝ ਸੋਚ ਕੇ, “ਸਰ, ਮੈਨੂੰ ਡਰ ਲੱਗਦਾ ਹੈ।”

“ਕਿਸ ਤੋਂ, ਮੇਰੇ ਤੋਂ ਡਰ ਲੱਗਦਾ ਹੈ, ਜਾਂ ਕੰਮ ਤੋਂ?”

ਅੰਜਲੀ ਫਿਰ ਇਸਦਾ ਕੋਈ ਜਵਾਬ ਨਾ ਦੇ ਸਕੀ, ਕਿਸ ਤੋਂ ਦੱਸਦੀ, ਉਹ ਚੁੱਪ ਸੀ।

“ਡਰ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ। ਮੈਂ ਵਿਸ਼ਵਾਸ, ਯਕੀਨ, ਭਰੋਸਾ, ਤਸੱਲੀ, ਸੰਤੁਸ਼ਟੀ ਵਰਗੇ ਰਿਸ਼ਤਿਆਂ 'ਚ ਵਿਸ਼ਵਾਸ ਰੱਖਦਾ ਹਾਂ ਤੇ ਏਹੋ ਮੇਰੀ ਜ਼ਿੰਦਗੀ ਦਾ ਅਸੂਲ ਹੈ।”

ਭਾਵੇਂ ਸੇਠ ਜੀ ਅੰਜਲੀ ਨੂੰ ਆਪਣੀ ਸੈਕਟਰੀ ਦੇ ਤੌਰ ’ਤੇ ਰੱਖਣ ਦਾ ਮਨ ਕੁੱਝ-ਕੁੱਝ ਬਣਾ ਚੁੱਕੇ ਸਨ। ਉਨ੍ਹਾਂ ਨੂੰ ਜ਼ਿਆਦਾ ਮਤਲਬ ਵੀ ਕੰਮ ਤੱਕ ਹੀ ਸੀ। ਉਨ੍ਹਾਂ ਦੀ ਆਪਣੀ ਇੱਕ ਸਮੱਸਿਆ ਸੀ ਤੇ ਡਰ ਵੀ। ਉਹ ਸਮਝਦਾ ਸੀ ਅੰਜਲੀ ਜਵਾਨ ਹੈ। ਇਸ ਉਮਰ ਦੀਆਂ ਕੁੜੀਆਂ ਦੇ ਮਨ ਅੰਦਰ ਕਈ ਤਰ੍ਹਾਂ ਦੇ ਜਜ਼ਬੇ ਤੇ ਉਬਾਲ ਹੁੰਦੇ ਹਨ। ਘਰ ਤੋਂ ਦੂਰ ਇਕੱਲੀ ਲੜਕੀ ਤੇ ਇਹ ਜਜ਼ਬੇ ਹੋਰ ਭਾਰੂ ਹੋ ਜਾਂਦੇ ਹਨ। ਅਗਰ ਇਹ ਆਪਣੇ ਜਜ਼ਬਿਆਂ ’ਤੇ ਕਾਬੂ ਨਾ ਰੱਖ ਸਕੀ ਤਾਂ ਮਨ ਚ ਆਏ ਪੁੱਠੇ-ਸਿੱਧੇ ਖ਼ਿਆਲ ਇਸਨੂੰ ਭਟਕਾ ਸਕਦੇ ਹਨ। ਇਹ ਆਪਣੀ ਜਿਸਮਾਨੀ ਲੋੜ ਲਈ ਕਿਸੇ ਨਾਲ ਰਿਲੇਸ਼ਨ ਵਿੱਚ ਉਲਝ

62/ਰੇਤ ਦੇ ਘਰ