ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹਿਣਾ ਚਾਹੁੰਦੀਆਂ ਨੇ। ਸ਼ੋਅ-ਪੀਸ ਬਣ ਕੇ ਆਲੇ-ਦੁਆਲੇ ਘੁੰਮਣਾ ਚਾਹੁੰਦੀਆਂ ਨੇ ਤੇ ਜ਼ਿਆਦਾ ਸੋਹਣੀਆਂ ਖ਼ਾਸ ਤੌਰ ’ਤੇ।”

“ਮੈਨੂੰ ਇੱਕ ਸੁਸ਼ੀਲ, ਇਮਾਨਦਾਰ, ਸਮਝਦਾਰ, ਮਿਹਨਤੀ, ਕੰਮ ਕਰਨ ਵਾਲੀ ਲੜਕੀ ਦੀ ਲੋੜ ਹੈ। ਤੇਰੇ ਬਾਰੇ ਹੋ ਸਕਦੈ, ਮੈਂ ਗਲਤ ਹੋਵਾਂ ਪਰ ਇਹ ਵੀ ਇੱਕ ਦਾਅ ਹੈ। ਮੇਰੀ ਇਹ ਸੋਚ ਬਣੀ ਕਿ ਤੂੰ ਇੱਕ ਖ਼ੁੱਦਾਰ ਲੜਕੀ ਹੈ। ਮੈਂ ਡੇਰਾ ਬਾਇਓ-ਡਾਟਾ ਤੇ ਤੇਰੀ ਫੋਟੋ ਬੜੇ ਧਿਆਨ ਨਾਲ ਦੇਖੀ ਸੀ। ਸੁਰੇਸ਼ ਨੇ ਆ ਕੇ ਵੀ ਤੇਰੀ ਸਾਰੀ ਤਸਵੀਰ ਪੇਸ਼ ਕੀਤੀ ਸੀ। ਤੇਰਾ ਉਸ ਦਿਨ ਨਾ ਆਉਣਾ ਮੈਨੂੰ ਚੰਗਾ ਲੱਗਾ। ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਤੂੰ ਇੱਕ ਖ਼ੁੱਦਾਰ ਲੜਕੀ ਹੈ ਤੇ ਮੈਨੂੰ ਇੱਕ ਖ਼ੁੱਦਾਰ ਲੜਕੀ ਦੀ ਜ਼ਰੂਰਤ ਹੈ, ਬੱਸ।”

“ਕੋਈ ਜਲਦੀ ਨਹੀਂ, ਕੋਈ ਦਬਾਅ ਨਹੀਂ। ਫੈਸਲਾ ਤੂੰ ਕਰਨਾ ਹੈ। ਜਦ ਮਰਜ਼ੀ ਦੱਸ ਦੇਣਾ। ਨਹੀਂ ਦੱਸਣਾ ਫਿਰ ਵੀ ਕੋਈ ਗੱਲ ਨਹੀਂ। ਹੁਣ ਤੂੰ ਜਾ ਸਕਦੀ ਐਂ।” ਤੇ ਉਹ ਜਾਣ ਲਈ ਉੱਠ ਕੇ ਖੜ੍ਹਾ ਹੋ ਗਿਆ।

ਅੰਜਲੀ ਦੇ ਮਨ ’ਚ ਕੋਈ ਘਮਸਾਨ ਚੱਲ ਰਿਹਾ ਸੀ। ਵਕਤ ਰੇਤ ਦੀ ਤਰ੍ਹਾਂ ਮੁੱਠੀ ’ਚੋਂ ਕਿਰਦਾ ਜਾ ਰਿਹਾ ਸੀ। ਇਹ ਉਸਦੇ ਆਤਮ ਵਿਸ਼ਵਾਸ ਦੇ ਪਰਖ਼ ਦੀ ਘੜੀ ਸੀ। ਜਾਨੀ ਕਿ ਫ਼ੈਸਲੇ ਦੀ ਘੜੀ ਆ ਚੁੱਕੀ ਸੀ। ‘ਹਾਂ ਜਾਂ ਨਾਹ’ - ‘ਹਾਂ ਜਾਂ ਨਾਹ’ ਕੋਈ ਨਾ ਕੋਈ ਫ਼ੈਸਲਾ ਤਾਂ ਲੈਣਾ ਹੀ ਪੈਣਾ ਸੀ।

ਅੰਜਲੀ ਨੇ ਮਨ ਹੀ ਮਨ ਸੋਚਿਆ ਤੇ ਆਪਣੇ ਆਪ ਨੂੰ ਫਿਟਕਾਰਿਆ, ਅੰਜਲੀ ਤੂੰ ਕਮਜ਼ੋਰ ਤਾਂ ਨਹੀਂ ਸੀ, ਅੱਜ ਐਨੀ ਕਮਜ਼ੋਰੀ ਕਿਉਂ? ਫ਼ੈਸਲਾ ਲੈਣ ਵਿੱਚ ਐਨੀ ਝਿਜਕ ਤੇ ਡਰ ਕਿਉਂ?’

ਕੋਈ ਕਰੰਟ ਜਿਹਾ ਸਰੀਰ ਵਿੱਚੋਂ ਲੰਘਿਆ। ਉਹ ਝਟਕੇ ਨਾਲ ਉੱਠ ਕੇ ਖੜ੍ਹੀ ਹੋ ਗਈ। ਫਿਰ ਪੂਰੇ ਆਤਮ-ਵਿਸ਼ਵਾਸ ਨਾਲ ਸੇਠ ਜੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਬੋਲੀ, “ਸਰ ਮੈਂ ਫੈਸਲਾ ਕਰ ਲਿਆ ਹੈ।”

64/ਰੇਤ ਦੇ ਘਰ