ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚਿਆਂ ਦੀ ਖ਼ੁਸ਼ੀ ਨੂੰ ਮੁੱਖ ਰੱਖਦਿਆਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਹੋ ਗਈ। ਦਿਲਬਾਗ ਸਿੰਘ ਨੇ ਪੂਰੇ ਧੂਮਧਾਮ ਨਾਲ ਬੇਟੀ ਦਾ ਵਿਆਹ ਕੀਤਾ। ਦੋਵੇਂ ਬਹੁਤ ਖ਼ੁਸ਼। ਵਿਆਹ ਤੋਂ ਕੁੱਝ ਚਿਰ ਬਾਅਦ, ਰਾਜ ਜਹਾਜ਼ ਵਿੱਚ ਚਲਾ ਗਿਆ। ਪਿੱਛੇ ਜੀਤੀ ਦੇ ਕੁੱਝ ਦਿਨ ਤਾਂ ਚਾਅ-ਚਾਅ ਵਿੱਚ ਹੀ ਨਿਕਲ ਗਏ। ਉਹ ਕਦੇ ਸਹੁਰੇ ਘਰ ਚਲੀ ਜਾਂਦੀ, ਜੀਅ ਕਰਦਾ ਆਪਣੇ ਘਰ ਆ ਜਾਂਦੀ। ਕਿਤੇ ਕੋਈ ਰੋਕ-ਟੋਕ ਨਹੀਂ ਸੀ। ਹੌਲੀ-ਹੌਲੀ ਉਸਨੂੰ ਮਹਿਸੂਸ ਹੋਣ ਲੱਗਾ ਕਿ ਉਸਦਾ ਤਾਂ ਕਿਤੇ ਵੀ ਜੀਅ ਨਹੀਂ ਲੱਗਦਾ। ਰਾਜ ਬਿਨਾਂ ਸਾਰਾ ਪਟਿਆਲਾ ਹੀ ਸੁੰਨਾ-ਸੁੰਨਾ ਲੱਗਣ ਲੱਗਾ। ਕਦੇ-ਕਦੇ ਤਾਂ ਰਾਜ ਨੂੰ ਯਾਦ ਕਰ ਉਹਦਾ ਰੋਣ ਨਿਕਲ ਜਾਂਦਾ।

ਉਹ ਗੰਭੀਰ ਹੋ ਕੇ ਸੋਚਣ ਲੱਗਦੀ, ‘ਉਹੀ ਘਰ, ਉਹੀ ਮੁਹੱਲਾ, ਉਹੀ ਸ਼ਹਿਰ, ਆਲੇ-ਦੁਆਲੇ ਉਹੀ ਲੋਕ, ਸਹੇਲੀਆਂ ਵੀ, ਫਿਰ ਵੀ ਇਹ ਸੁੰਨਾਪਣ ਕਿਉਂ, ਹੁਣ ਕੀ ਹੋ ਗਿਆ। ਰਾਜ ਦੀ ਐਨੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ। ਮੈਂ ਐਨੀ ਕਮਜ਼ੋਰ ਕਿਵੇਂ ਹੋ ਗਈ। ਕੀ ਸਭ ਨਾਲ ਇਸ ਤਰ੍ਹਾਂ ਵਾਪਰਦਾ ਹੈ। ਸਭ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਕੁੱਝ ਸਮਝ ਨਾ ਪੈਂਦੀ।’

ਆਪਣੀ ਸਹੇਲੀ ਰਜਨੀ ਨੂੰ ਯਾਦ ਕਰ-ਕਰ ਉਹ ਬੜਾ ਕੁੱਝ ਹੋਰ ਸੋਚਣ ਲੱਗ ਪੈਂਦੀ, ‘ਕਿੰਨੀ ਪਾਗਲ ਸਾਂ ਮੈਂ, ਹਰ ਵਕਤ ਮਖ਼ੌਲ, ਹਰ ਗੱਲ ’ਤੇ ਮਖੌਲ, ਕਦੇ ਕਿਸੇ ਦੇ ਦਰਦ ਜਾਂ ਪੀੜ ਨੂੰ ਸਮਝਣ ਦੀ ਕੋਸ਼ਿਸ਼ ਹੀ ਨੀ ਕੀਤੀ। ਰਜਨੀ ਦੇ ਵਿਆਹ ਤੋਂ ਬਾਅਦ ਉਸਦਾ ਘਰ ਵਾਲਾ ਕੈਨੇਡਾ ਚਲਾ ਗਿਆ। ਮੈਂ ਉਸਨੂੰ ਖ਼ੂਬ ਛੇੜਦੀ ਤੇ ਮਜ਼ਾ ਲੈਂਦੀ ਪਰ ਉਹ ਚੁੱਪ ਦੇਖਦੀ ਰਹਿੰਦੀ। ਕਈ ਵਾਰ ਤਾਂ ਵਿਚਾਰੀ ਅੱਖਾਂ ਵੀ ਭਰ ਆਉਂਦੀ ਪਰ ਮੈਂ ਹੋਰ ਹੱਸ ਛੱਡਦੀ। ਤਦੇ ਇੱਕ ਵਾਰ ਬਹੁਤ ਨਾਰਾਜ਼ ਤੇ ਅੱਖਾਂ ’ਚ ਹੰਝੂ ਭਰ ਕੇ ਉਸ ਕਿਹਾ ਸੀ, “ਕੋਈ ਨੀ ਹਰਾਂਬੜੇ, ਤੇਰਾ ਵਿਆਹ ਹੋ ਜਾਣ ਦੇ, ਫੇਰ ਪੁੱਛੂੰ ਤੈਨੂੰ, ਹਰ ਵਕਤ ਚਾਂਭਲੀ ਫਿਰਦੀ ਰਹਿੰਨੀਂ ਏ।” ਕਿੰਨੀ ਵੱਡੀ ਗੱਲ ਕਹਿ ਗਈ ਸੀ ਰਜਨੀ ਪਰ ਮੈਂ ਸਿਰਫ਼ ਹੱਸ ਕੇ ਟਾਲ ਛੱਡਿਆ। ਕਾਸ਼! ਰਜਨੀ ਅੱਜ ਏਥੇ ਹੁੰਦੀ। ਮੈਂ ਉਸ ਕੋਲ ਜਾ ਕੇ ਮਾਫ਼ੀ ਮੰਗਦੀ। ਨਾਲ ਹੁਣ ਆਪਣਾ ਦਰਦ ਸਾਂਝਾ ਕਰਦੀ। ਉਹ ਤਾਂ ਬਹੁਤ ਚੰਗੀ ਸੀ, ਉਹ ਮੈਨੂੰ ਮਾਫ਼ ਕਰ ਦਿੰਦੀ। ਜ਼ਰੂਰ ਕੋਈ ਧਰਵਾਸ ਵੀ ਦਿੰਦੀ ਪਰ ਹੁਣ ਤਾਂ ਉਹ ਵੀ ਕੈਨੇਡਾ ਜਾ ਚੁੱਕੀ ਹੈ। ਅਣਜਾਣੇ ਹੀ ਮੈਂ ਰਜਨੀ ਨਾਲ ਕਿੰਨਾ ਧੱਕਾ ਕਰਦੀ ਰਹੀ।’

ਇਸੇ ਤਰ੍ਹਾਂ ਵਿਛੋੜੇ ਦੇ ਗ਼ਮ ਤੇ ਸੋਚਾਂ ’ਚ ਉਲਝੀ ਜੀਤੀ ਦੇ ਦਿਨ ਤੇ ਮਹੀਨੇ ਗੁਜ਼ਰਦੇ ਰਹੇ। ਓਧਰ ਰਾਜ ਦੇ ਦੁਬਾਰਾ ਛੁੱਟੀ ਆਉਣ ਦੇ ਦਿਨ ਨੇੜੇ ਲੱਗ ਗਏ। ਰਾਜ ਵਾਪਸ ਆ ਗਿਆ ਤੇ ਹੁਣ ਉਹ ਜੀਤੀ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ। ਰਾਜ ਨੇ ਜੀਤੀ ਨੂੰ ਵਿਆਹ ਤੋਂ ਪਹਿਲਾਂ ਵੀ ਤੇ ਬਾਅਦ

66/ਰੇਤ ਦੇ ਘਰ