ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੇ ਕੋਲ ਰਹੇ ਪਰ ਐਨਾ ਲੰਬਾ ਸਮਾਂ ਉਹ ਘਰ ਕਿਵੇਂ ਬੈਠ ਸਕਦਾ ਸੀ। ਫੈਸਲਾ ਹੋਇਆ, ਰਾਜ ਜਹਾਜ਼ ’ਚ ਜਾਵੇ ਤੇ ਚਾਰ ਮਹੀਨੇ ਲਾ ਕੇ ਵਾਪਸ ਆ ਜਾਵੇ। ਪ੍ਰਾਈਵੇਟ ਜਹਾਜ਼ੀ ਕੰਪਨੀਆਂ ਵਿੱਚ ਇਸ ਤਰ੍ਹਾਂ ਹੋ ਜਾਂਦਾ ਹੈ।

ਰਾਜ ਜਹਾਜ਼ ਵਿੱਚ ਚਲਾ ਗਿਆ। ਪਿੱਛੇ ਜੀਤੀ ਫਿਰ ਉਦਾਸ ਰਹਿਣ ਲੱਗੀ। ਹੁਣ ਉਸਦਾ ਉਦਾਸ ਰਹਿਣਾ ਠੀਕ ਨਹੀਂ ਸੀ। ਇੱਕ ਨਵਾਂ ਜੀਅ ਉਸਦੇ ਅੰਦਰ ਪਲ ਰਿਹਾ ਸੀ। ਹਰ ਕੋਈ ਉਸ ਦਾ ਜੀਅ ਲਵਾਈ ਰੱਖਣ ਦੀ ਕੋਸ਼ਿਸ਼ ਕਰਦਾ ਕਿ ਉਹ ਖ਼ੁਸ਼ ਰਹੇ ਪਰ ਉਸ ਨੂੰ ਵਾਰ-ਵਾਰ ਰਾਜ ਦੀ ਯਾਦ ਆ ਜਾਂਦੀ। ਜਹਾਜ਼ ’ਚ ਵਾਪਰੀ ਘਟਨਾ ਦੀ ਯਾਦ ਆਉਂਦੀ ਤਾਂ ਰਾਜ ਦਾ ਹੋਰ ਫ਼ਿਕਰ ਕਰਦੀ।

ਇਕ ਰਾਤ ਸਭ ਸੁੱਤੇ ਪਏ ਸਨ। ਜੀਤੀ ਦੇ ਕਮਰੇ ’ਚੋਂ ਕੋਈ ਆਵਾਜ਼ ਆਉਣ ਲੱਗੀ। ਉਹ ਜ਼ੋਰ ਲਾ-ਲਾ ਕੇ ਬੋਲਣ ਦੀ ਕੋਸ਼ਿਸ਼ ਰਹੀ ਸੀ। ਆਵਾਜ਼ ਡਰ ਤੇ ਸਹਿਮ ਭਰੀ ਸੀ, ‘ਓਅ....ਓਅ ....ਅ....ਓਅ ....ਨਾ ਮਾਰੋ ....ਨਾ ਮਾਰੋ....ਓਅ ....ਨਾ ਮਾਰੋ.... .।’

ਆਵਾਜ਼ ਕੁੱਝ ਇਸ ਤਰ੍ਹਾਂ ਸੀ, ਕਿਸੇ ਨੇ ਜੀਤੀ ਦਾ ਗਲਾ ਦਬਾ ਦਿੱਤਾ ਹੋਵੇ। ਬਲਬੀਰ ਕੌਰ ਉਭੜ-ਵਾਹੇ ਉੱਠੀ ਤੇ ਭੱਜ ਕੇ ਜੀਤੀ ਕੋਲ ਗਈ। ਉੱਥੇ ਕੋਈ ਵੀ ਨਹੀਂ ਸੀ। ਜੀਤੀ ਬੈਂਡ ’ਤੇ ਪਈ ਇਕੱਲੀ ਹੀ ਰੁਕ-ਰੁਕ ਬੋਲੀ ਜਾ ਰਹੀ ਸੀ।

“ਜੀਤੀ....ਜੀਤੀ....ਓ ਜੀਤੀ।” ਉਸਨੇ ਜੀਤੀ ਨੂੰ ਮੋਢੇ ਤੋਂ ਫੜ ਕੇ ਹਲੂਣਿਆ। ਜੀਤੀ ਦੀ ਅੱਖ ਖੁੱਲ੍ਹ ਗਈ। ਉਹ ਡਰੀ ਤੇ ਸਹਿਮੀ ਹੋਈ ਸੀ ਪਰ ਮਾਂ ਨੂੰ ਕੋਲ ਵੇਖ ਉਸਨੇ ਰਾਹਤ ਮਹਿਸੂਸ ਕੀਤੀ।

“ਕੀ ਹੋਇਆ ਜੀਤੀ, ਤੂੰ ਠੀਕ ਤਾਂ ਹੈਂ, ਕੋਈ ਮਾੜਾ ਸੁਪਨਾ ਵੇਖਿਆ?” ਬਲਬੀਰ ਕੌਰ ਨੇ ਉਸਦੇ ਸਰ੍ਹਾਣੇ ਕੋਲ ਬੈਠ, ਜੀਤੀ ਦੇ ਸਿਰ ’ਤੇ ਹੱਥ ਫੇਰਦਿਆਂ ਪੁੱਛਿਆ।

ਬਿਨਾਂ ਕੁੱਝ ਬੋਲੇ ਜੀਤੀ ਉੱਠ ਕੇ ਬੈਠ ਗਈ। ਸਰਾਣੇ ਕੋਲ ਪਏ ਗਿਲਾਸ ’ਚੋਂ ਪਾਣੀ ਪੀਤਾ। ਆਲੇ-ਦੁਆਲੇ ਦੇਖ ਮਾਂ ਦੇ ਹੋਰ ਨਜ਼ਦੀਕ ਨੂੰ ਹੋ ਗਈ। ਹੁਣ ਉਸਨੂੰ ਤਸੱਲੀ ਸੀ ਕਿ ਉਹ ਜਹਾਜ਼ ਵਿੱਚ ਨਹੀਂ, ਆਪਣੇ ਘਰ ਵਿੱਚ ਹੈ। ਮਾਂ ਵੀ ਕੋਲ ਬੈਠੀ ਹੈ।

“ਕੀ ਗੱਲ ਸੀ ਪੁੱਤ, ਤੂੰ ਬੋਲਦੀ ਕਿਉਂ ਨਹੀਂ, ਪਹਿਲਾਂ ਵੀ ਇੱਕ ਰਾਤ ਤੂੰ ਬੋਲੀ ਜਾਂਦੀ ਸੀ। ਦੂਸਰੇ ਦਿਨ ਤੇਰੇ ਡੈਡੀ ਨੇ ਪੁੱਛਿਆ ਵੀ, ਜੀਤੀ ਰਾਤ ਕੀ ਗੱਲਾਂ ਕਰਦੀ ਸੀ ਪਰ ਮੈਂ ਗੱਲ ਟਾਲ ਦਿੱਤੀ।” ਮਾਂ ਨੇ ਫ਼ਿਕਰ ’ਚ ਕਿਹਾ।

ਇਹ ਸੱਚ ਸੀ ਕਿ ਇਸ ਤਰ੍ਹਾਂ ਦਾ ਦਬਾਅ ਜੀਤੀ ਨੂੰ ਪਹਿਲਾਂ ਵੀ ਇਕ-ਦੋ ਵਾਰ ਪੈ ਚੁੱਕਾ ਸੀ। ਜੀਤੀ ਨੇ ਹੁਣ ਵੀ ਆਪਣੀ ਮਾਂ ਨੂੰ ਟਾਲਣ

68/ਰੇਤ ਦੇ ਘਰ