ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਗੀਤਮਈ ਬਣਾ ਰਿਹਾ ਸੀ। ਕਿਸੇ-ਕਿਸੇ ਟੇਬਲ ’ਤੇ ਹਾਸੇ-ਮਜ਼ਾਕ ਵੀ ਚੱਲ ਰਿਹਾ ਸੀ। ਪਤਾ ਨਹੀਂ ਕਿਉਂ, ਮੈਨੂੰ ਸਾਰੀ ਬਾਰ ਸੁੰਨੀ-ਸੁੰਨੀ ਲੱਗ ਰਹੀ ਸੀ। ਮੈਂ ਪਹਿਲਾਂ ਵੀ ਕਈ ਵਾਰ ਇਸ ਬਾਰ ਵਿੱਚ ਆਇਆ ਸੀ। ਕਦੀ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਸੀ ਹੋਇਆ। ਸ਼ਾਇਦ ਉਸ ਕੁੜੀ ਨੂੰ ਮੈਂ ਲੋੜ ਤੋਂ ਵੱਧ ਚਾਹੁਣ ਲੱਗ ਪਿਆ ਸੀ ਤੇ ਉਸਦਾ ਬਾਰ ਵਿੱਚ ਨਾ ਹੋਣਾ ਮੈਨੂੰ ਉਦਾਸ ਕਰ ਰਿਹਾ ਸੀ।

‘ਚੈਰੀਂ’, ਹਾਂ ਇਹੀ ਨਾਮ ਤਾਂ ਦੱਸਿਆ ਸੀ ਉਸਨੇ। ਬਾਰ ਅੰਦਰ ਵੀ ਸਾਰੇ ਉਸ ਨੂੰ ‘ਚੈਰੀਂ’ ਨਾਮ ਨਾਲ ਹੀ ਬੁਲਾਉਂਦੇ ਸੀ। ਵੈਸੇ ਮੈਨੂੰ ਸ਼ੱਕ ਸੀ, ਇਹ ਨਾਮ ਉਹ ਸਿਰਫ਼ ਬਾਰ ਲਈ ਵਰਤਦੀ ਹੋਵੇਗੀ। ਉਸ ਦਾ ਅਸਲੀ ਨਾਮ ਜ਼ਰੂਰ ਕੋਈ ਹੋਰ ਹੋਵੇਗਾ.... ਪਰ ਨਾਮ ਨਾਲ ਕੀ, ਕੋਈ ਵੀ ਹੋਵੇ, ਕੀ ਫ਼ਰਕ ਪੈਂਦੈ। ਗੱਲ ਤਾਂ ਇਹ ਹੈ ਕਿ ਮੇਰੀਆਂ ਨਜ਼ਰਾਂ ਐਨੀ ਬੇਸਬਰੀ ਨਾਲ ਉਸ ਨੂੰ ਕਿਉਂ ਤਲਾਸ਼ ਰਹੀਆਂ ਨੇ? ਉਸ ਬਿਨਾਂ ਬਾਰ ਸੁੰਨੀ-ਸੁੰਨੀ ਕਿਉਂ ਲੱਗ ਰਹੀ ਹੈ?

ਪੈੱਗ ਖ਼ਤਮ ਹੋ ਚੁੱਕਾ ਸੀ। ਮੈਂ ਖਾਲੀ ਪਏ ਗਿਲਾਸ ਵੱਲ ਵੇਖ ਰਿਹਾ ਸੀ। ਇੱਕ ਬਾਰ-ਗਰਲ ਮੇਰੇ ਕੋਲ ਆਈ ਤੇ ਮੁਸਕਰਾ ਕੇ ਬੋਲੀ, “ਸਰ, ਹੋਰ ਪੈੱਗ ਜਾਂ ਸਨੈਕਸ, ਕੋਈ ਮੱਦਦ ਸਰ?”

ਮਨ ਹੀ ਮਨ ਸੋਚਣ ਲੱਗਾ, ‘ਹੋਰ ਪੈੱਗ ਲਵਾਂ ਕਿ ਜਾਵਾਂ?’ ਅਖ਼ੀਰ ਫੈਸਲਾ ਕੀਤਾ, ਮਜ਼ਾ ਨੀ ਆ ਰਿਹਾ, ਚੱਲਿਆ ਜਾਵੇ।

"ਨਹੀਂ, ਧੰਨਵਾਦ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ।" ਉਸ ਕੁੜੀ ਨੂੰ ਇਹ ਕਹਿ ਮੈਂ ਉੱਠ ਕੇ ਜਾਣ ਲਈ ਤਿਆਰ ਹੋ ਗਿਆ। ਉਹ ਖਾਲੀ ਗਿਲਾਸ ਲੈ ਕੇ ਚਲੀ ਗਈ।

ਮੈਂ ਵਾਪਸ ਜਾਣ ਲਈ ਬਾਹਰ ਨੂੰ ਮੂੰਹ ਕੀਤਾ ਹੀ ਸੀ ਕਿ ਇੱਕ ਕੋਨੇ ਵਿੱਚੋਂ ਆਵਾਜ਼ ਆਈ, “ਬਾਈ ਕੀ ਗੱਲ, ਬੜੀ ਜਲਦੀ ਉੱਠ ਕੇ ਤੁਰ ਚੱਲਿਆਂ?”

ਮੈਂ ਹੈਰਾਨ ਹੋ ਕੇ ਉਸ ਕੋਨੇ ਵੱਲ ਵੇਖਿਆ। ਓਧਰ ਬਹੁਤ ਹੀ ਹਲਕਾ ਜਿਹਾ ਚਾਨਣ ਸੀ। ਨਾ ਤਾਂ ਮੈਨੂੰ ਕੋਈ ਉਮੀਦ ਸੀ ਕਿ ਮੈਕਸੀਕੋ ਦੀ ਇਸ ਬਾਰ ਵਿੱਚ ਕੋਈ ਪੰਜਾਬੀ ਵੀ ਹੋ ਸਕਦਾ ਹੈ ਤੇ ਨਾ ਹੀ ਮੈਂ ਉਸ ਕੋਨੇ ਵੱਲ ਕੋਈ ਖ਼ਾਸ ਧਿਆਨ ਦਿੱਤਾ ਸੀ। ਮੈਂ ਤਾਂ ਚੈਰੀ ਨੂੰ ਮਿਲਣ ਆਇਆ ਸੀ। ਉਸੇ ਬਾਰੇ ਸੋਚ ਰਿਹਾ ਸੀ ਤੇ ਉਸੇ ਨੂੰ ਲੱਭ ਰਿਹਾ ਸੀ।

ਖ਼ੈਰ, ਕਿਸੇ ਪੰਜਾਬੀ ਬੰਦੇ ਦੇ ਮਿਲਣ ਦੀ ਖ਼ੁਸ਼ੀ ਹੋਈ। ਮੈਂ ਉਸ ਕੋਨੇ ਵੱਲ ਮੁੜ ਕੇ ਉਸ ਟੇਬਲ ਵੱਲ ਵਧਿਆ, ਜਿੱਧਰੋਂ ਆਵਾਜ਼ ਆਈ ਸੀ। ਇੱਕ ਕਲੀਨ-ਸ਼ੇਵ ਸੋਹਣਾ ਜਵਾਨ, ਪੈੱਗ ਲਈ ਟੇਬਲ ’ਤੇ ਇਕੱਲਾ ਬੈਠਾ ਸੀ। ਸਪਾਟ ਚਿਹਰਾ, ਕੋਈ ਹਾਵ-ਭਾਵ ਨਹੀਂ। ਮੇਰੇ ਜਾਣ ’ਤੇ ਉੱਠਿਆ ਵੀ ਨਹੀਂ ਤੇ ਨਾ

76/ਰੇਤ ਦੇ ਘਰ