ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਲ ’ਚ ਅੱਡ ਜਿਹਾ ਰੱਖਦੇ ਨੇ। ਸੋਚਿਆ, ਮਨਾਂ ਜਿੱਥੇ ਜਾਓ, ਵੱਜਾਂਗੇ ਤਾਂ ਪੰਜਾਬੀ, ਇਹਦੇ ਨਾਲੋਂ ਆਪਣਾ ਇਲਾਕਾ ਹੀ ਠੀਕ ਹੈ। ਆਪਣੇ ਇਲਾਕੇ ਨਾਲ ਮੇਲ-ਜੋਲ ਤਾਂ ਰੱਖੀਏ। ਆਪਣਿਆਂ ਦਾ ਨਿੱਘ ਹੀ ਹੋਰ ਹੈ। ਇਸ ਅਕੈਡਮੀ ਦਾ ਬੜਾ ਨਾਮ ਸੁਣੀਦਾ ਸੀ। ਏਸੇ ਬਾਰੇ ਪਤਾ ਕਰਨ ਆਇਆ ਸੀ, ਅੱਗੋਂ ਤੁਸੀਂ ਮਿਲ ਗਏ। ਹੋਰ ਵੀ ਖ਼ੁਸ਼ੀ ਹੋਈ। ਮੈਂ ਆਪਣੇ ਪੋਤਰੇ ਨੂੰ ਏਧਰ ਦਾਖ਼ਲ ਕਰਵਾਉਣ ਬਾਰੇ ਸੋਚ ਰਿਹਾ ਸੀ। ਬਈ ਨਾਲੇ ਬਹਾਨੇ ਨਾਲ ਗੇੜਾ ਵੱਜਦਾ ਰਹੇਗਾ।”

ਬਲਵੰਡ ਦੀਆਂ ਗੱਲਾਂ ’ਚੋਂ ਮਨ ਦਾ ਕੋਈ ਡਰ, ਕੋਈ ਦੁੱਖ, ਕੋਈ ਚਿੰਤਾ, ਕੋਈ ਹੇਰਵਾ ਝਲਕਦਾ ਸੀ। ਇਹੀ ਪੀੜ ਨੀਲਮਾ ਦੇ ਮਨ ਵਿੱਚ ਸੀ। ਬਲਵੰਤ ਦੀਆਂ ਗੱਲਾਂ ਸੁਣ ਉਹ ਬੋਲੀ, “ਅਸੀਂ ਜੋ ਮਰਜ਼ੀ ਕਹੀ ਜਾਈਏ, ਆਹ ਤਰੱਕੀ ਕਰ ਲਈ, ਆਹ ਵਿਕਾਸ ਕਰ ਲਿਆ ਪਰ ਏਸ ਮਾਮਲੇ ’ਚ ਅੱਗੇ ਜਾਣ ਦੀ ਥਾਂ ਅਸੀਂ ਪਿੱਛੇ ਨੂੰ ਹੀ ਜਾ ਰਹੇ ਹਾਂ। ਇਹ ਜਾਤ-ਪਾਤ ਦਾ ਕੋਹੜ, ਸਮਾਜਿਕ ਵਖਰੇਵਾਂ, ਧਰਮਾਂ ਦੇ ਨਾਮ ਦੀ ਨਫ਼ਰਤ, ਕਈ ਹੋਰ ਬੇੜੀਆਂ ਤੇ ਸੰਗਲ, ਅਜੇ ਵੀ ਸਾਡੇ ਪੈਰਾਂ ’ਚ ਜਿਉਂ ਦੀਆਂ ਤਿਉਂ ਹਨ। ਇਹ ਸੰਗਲ ਸਾਨੂੰ ਜਕੜੀ ਬੈਠੇ ਹਨ। ਇਸੇ ਗੱਲ ਨੇ ਹੀ ਅਮਰੀਕ ਦੀ ਜਾਨ ਲਈ ਸੀ। ਦੱਸੋ ਇਸ ਵਿਕਾਸ ਤੇ ਤਰੱਕੀ ਨੂੰ ਕੀ ਚੱਟੀਏ।”

“ਅੱਛਾ! ਕੀ ਹੋਇਆ ਸੀ ਅਮਰੀਕ ਨੂੰ?” ਬਲਵੰਤ ਨੇ ਮਹਿਸੂਸ ਕੀਤਾ, ਉਸਨੇ ਅਮਰੀਕ ਵਾਲੀ ਗੱਲ ਤਾਂ ਜਾਣੀ ਹੀ ਨਹੀਂ। ਨਾ ਚੱਜ ਨਾਲ ਨੀਲਮਾ ਨਾਲ ਅਫ਼ਸੋਸ ਕੀਤਾ ਤੇ ਆਪਣੀ ਹੀ ਰਾਮ-ਕਹਾਣੀ ਲੈ ਬੈਠਾ।

“ਕੀ ਦੱਸਾਂ ਤੇ ਕੀ ਨਾ ਦੱਸਾਂ, ਤੁਹਾਨੂੰ ਐਨਾ ਕੁ ਤਾਂ ਪਤਾ ਹੀ ਹੈ। ਕਿ ਸਾਡੀ ਸ਼ਾਦੀ ਤੇ ਸਾਰੇ ਨਾਰਾਜ਼ ਸਨ। ਅਸੀਂ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕੋਈ ਹੁੰਗਾਰਾ ਨਾ ਮਿਲਿਆ। ਦੋਵੇਂ ਪਾਸੇ ਜਾਤੀ ਹੰਕਾਰ ਦਾ ਨਾਗ ਕਹੋ, ਸੰਗਲ ਕਹੋ, ਪੈਰਾਂ ਨੂੰ ਬੁਰੀ ਤਰ੍ਹਾਂ ਵਲੇਟਾ ਮਾਰੀ ਬੈਠਾ ਸੀ। ਫਿਰ ਅਚਾਨਕ ਉਨ੍ਹਾਂ ਦੀ ਮੌਤ ਹੋ ਗਈ। ਮੈਨੂੰ ਬੁਰੀ ਤਰ੍ਹਾਂ ਝੰਜੋੜ ਤੇ ਤੋੜ ਦਿੱਤਾ। ਏਸ ਦੁੱਖ ਦੀ ਘੜੀ ਚ ਜਿਨ੍ਹਾਂ ਨੇ ਸਹਾਰਾ ਦੇਣਾ ਸੀ, ਅੰਦਰੋ-ਅੰਦਰੀ ਖ਼ੁਸ਼ ਹੋਣ ਲੱਗੇ, ‘ਹੁਣ ਪਤਾ ਲੱਗੂ, ਇਸ ਨਾਲ ਏਦਾਂ ਹੀ ਹੋਣੀ ਚਾਹੀਦੀ ਸੀ’, ਪੁੱਛੋ ਨਾ ਬਸ।”

“ਗੱਲ ਇਹ ਹੋਈ, ਇੱਕ ਦਿਨ ਕੁੱਝ ਬੰਦੂਕ-ਧਾਰੀਆਂ ਨੇ ਸਾਰੇ ਬਾਜ਼ਾਰ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਕੁੱਝ ਆਦਮੀ ਥਾਂ ’ਤੇ ਮਰ ਗਏ ਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਭਗਦੜ ਮੱਚ ਗਈ ਤੇ ਜੰਗਲ ਦੀ ਅੱਗ ਵਾਂਗੂੰ ਮਿੰਟਾਂ ਵਿੱਚ ਖ਼ਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਰੱਬ ਜਾਣੇ, ਗੋਲੀ ਚਲਾਉਣ ਵਾਲੇ ਕੌਣ ਸਨ। ਉਹ ਜਾ ਚੁੱਕੇ ਸਨ। ਲੋਕ ਗ਼ਮ ਤੇ ਸੋਗ ਵਿੱਚ ਸਨ। ਭੀੜ ਜਮ੍ਹਾਂ ਹੋਣੀ ਸ਼ੁਰੂ ਹੋ ਗਈ। ਮੌਕਾ-ਪ੍ਰਸਤਾਂ ਨੂੰ ਤਾਂ ਮਸਾਂ ਮੌਕਾ ਮਿਲਿਆ। ਜ਼ਖ਼ਮੀਆਂ ਦੀ ਕੋਈ ਫ਼ਿਕਰ ਨਹੀਂ ਕੌਣ ਕਿੱਥੇ ਤੜਫ਼ ਰਿਹੈ, ਲੱਗੇ ਆਪਣੀ

89/ਰੇਤ ਦੇ ਘਰ