ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ ਬੈਠ ਗਈਆਂ। ਸੋਚੀ ਜਾਵਾਂ, ਸੋਚੀ ਜਾਵਾਂ....ਕਿੰਨਾ ਖੁੱਲ੍ਹਾ ਤੇ ਹਸਮੁੱਖ ਸੁਭਾਅ ਸੀ ਦੋਵਾਂ ਦਾ। ਕੁਲਜੀਤ ਹਰ ਵਕਤ ਹੱਸਦੀ ਦੀ ਹੱਸਦੀ। ਗੱਲਾਂ ਕਰਦੀ, ਜਿਵੇਂ ਮੂੰਹ ’ਚੋਂ ਮੋਤੀ ਕਿਰਦੇ ਹੋਣ। ਮੁਸਕਰਾਹਟ ਵਿੱਚ ਐਸਾ ਜਾਦੂ ਕਿ ਗੰਭੀਰ ਤੋਂ ਗੰਭੀਰ ਮਾਹੌਲ ਨੂੰ ਵੀ ਖ਼ੁਸ਼ਗਵਾਰ ਬਣਾ ਦਿੰਦੀ। ਆਉਂਦੀ ਹੀ ਇਸ ਤਰ੍ਹਾਂ ਘੁਲ-ਮਿਲ ਗਈ, ਜਿਵੇਂ ਚਿਰਾਂ ਤੋਂ ਸਭ ਨੂੰ ਜਾਣਦੀ ਹੋਵੇ। ਪਹਿਲੀ ਵਾਰ ਇਹ ਘਰ ਪਿਆਰਾ ਲੱਗਣ ਲੱਗਾ ਸੀ। ਨਫ਼ਰਤ ਭਰੇ ਰੁੱਖੇ-ਰੁੱਖੇ ਬੋਲ ਸੁਣਸੁਣ ਕੇ, ਬੇ-ਜਾਨ ਹੋਈਆਂ ਪਈਆਂ ਕੰਧਾਂ ਉੱਪਰ ਵੀ ਰੌਕਣ ਤੇ ਚਮਕ ਆ ਗਈ ਸੀ। ਕੁਲਜੀਤ ਤੇ ਸਤਿਬੀਰ ਤਾਂ ਬਣੇ ਹੀ ਇੱਕ-ਦੂਜੇ ਲਈ ਸੀ। ਹੁਣ ‘ਕੱਲੀ ਕੁਲਜੀਤ ਜ਼ਿੰਦਗੀ ਦਾ ਇਹ ਸਫ਼ਰ ਕਿਵੇਂ ਤੈਅ ਕਰੇਗੀ। ਕਿਸ ਸਹਾਰੇ ਤੈਅ ਕਰੇਗੀ....?’ ਤੇ ਮੇਰਾ ਗੱਚ ਭਰ ਆਉਂਦਾ।

“ਇੰਦਰ, ਸੱਚ ਕਹਾਂ, ਸ਼ੁਰੂ ਚ ਇਨ੍ਹਾਂ ਦਾ ਪਿਆਰ ਦੇਖ ਮੈਨੂੰ ਇਸ ਜੋੜੀ ’ਤੇ ਰਸ਼ਕ ਵੀ ਹੋਈ, ‘ਰੱਬਾ ਮੇਰੇ ਨਾਲ ਤੂੰ ਅਜਿਹਾ ਕਿਉਂ ਕੀਤਾ, ਇਸ ਵਿਜੈ ਨੇ ਤੇਰਾ ਕੀ ਮਾੜਾ ਕੀਤਾ ਸੀ। ਕੀ ਵਿਗਾੜਿਆ ਸੀ। ਸਾਡੀ ਆਹ ਕੀ ਜੋੜੀ ਬਣਾ ਧਰੀ। ਇਹ ਕੀ ਇਨਸਾਫ਼ ਐ ਤੇਰਾ। ਇਹ ਤਾਂ ਸਰਾਸਰ ਬੇਇਨਸਾਫ਼ੀ ਹੈ।’... ਬੜਾ ਗੁੱਸਾ ਆਇਆ ਰੱਬ ’ਤੇ। ਫੇਰ ਆਪ ਹੀ ਸੋਚਿਆ, ‘ਓ ਕੰਜਰ ਮਨਾਂ, ਕੀ ਪੁੱਠੀਆਂ-ਸਿੱਧੀਆਂ ਗੱਲਾਂ ਸੋਚੀ ਜਾਨੈਂ।’ ਆਪ ਨੂੰ ਲਾਅਨਤ ਪਾਈ ਪਰ ਇਹ ਹਉਕਾ ਫਿਰ ਵੀ ਨਾ ਰੋਕ ਸਕਿਆ, ‘ਕਾਸ਼! ਰੱਬ ਮੈਨੂੰ ਵੀ ਕੋਈ ਕੁਲਜੀਤ ਵਰਗੀ ਔਰਤ ਦੇ ਦਿੰਦਾ’।”

ਪਤਾ ਹੀ ਨਾ ਲੱਗਾ ਕਿ ਦਿਨ ਕਿਵੇਂ ਲੰਘ ਗਏ। ਮਹੀਨੇ ਬਾਅਦ ਕੁਲਜੀਤ ਪੰਜਾਬ ਤੋਂ ਵਾਪਸ ਆ ਗਈ। ਮੈਨੂੰ ਖ਼ੁਸ਼ੀ ਹੋਈ ਤੇ ਹੈਰਾਨੀ ਵੀ। ਹੈਰਾਨੀ ਕਿ ਉਹ ਇਕੱਲੀ ਵਾਪਿਸ ਆਈ ਸੀ। ‘ਹੈਂਅ! ਇਹ ਇਕੱਲੀ ਕਿਉਂ? ਇਸ ਵਾਰ ਕੋਈ ਨਾਲ ਕਿਉਂ ਨੀ ਆਇਆ। ਕੋਈ ਭਰਾ, ਦਿਉਰ, ਜੇਠ, ਕੋਈ ਹੋਰ, ਕੋਈ ਵੀ ਨਾਲ ਨੀ ਆਇਆ। ਸ਼ੱਕ ਹੋਇਆ ਜ਼ਰੂਰ ਕੋਈ ਗੱਲ ਹੈ ਪਰ ਮੈਂ ਪੁੱਛਣਾ ਠੀਕ ਨਾ ਸਮਝਿਆ। ਕੀ ਪੁੱਛਦਾ, ਕਿਵੇਂ ਪੁੱਛਦਾ। ਖ਼ੈਰ, ਜੋ ਵੀ ਸੀ, ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਕੁਲਜੀਤ ਵਾਪਸ ਆ ਗਈ। ਘਰ ਆ ਕੇ ਉਹ ਕਮਲੇਸ਼ ਨੂੰ ਮਿਲੀ ਤੇ ਗੱਲਾਂ ਕਰਨ ਲੱਗੀ। ਕਮਲੇਸ਼ ਥੋੜ੍ਹਾ ਹਾਂ-ਹੂੰ ਕਰਦੀ ਰਹੀ ਪਰ ਘਰ-ਪਰਿਵਾਰ ਜਾਂ ਸਤਿਬੀਰ ਬਾਰੇ, ਕੁਲਜੀਤ ਨਾਲ ਕੋਈ ਗੱਲ ਨਾ ਕੀਤੀ, ਨਾ ਪੁੱਛੀ। ਕੁਲਜੀਤ ਇਕੱਲੀ ਕਿੰਨਾ ਕੁ ਚਿਰ ਬੋਲਦੀ। ਕੁੱਝ ਚਿਰ ਬਾਅਦ ਉਹ ਵੀ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ। ਉਸ ਵਕਤ ਮੈਂ ਵੀ ਐਨਾ ਪੁੱਛ ‘ਹੋਰ ਘਰ ਤਾਂ ਸਭ ਠੀਕ ਹੈ?’ ਚੁੱਪ ਕਰ ਗਿਆ।

ਕਈ ਸ਼ੱਕ ਮਨ ’ਚ ਪੈਦਾ ਹੋਏ, ‘ਹੋ ਸਕਦੈ ਸਹੁਰੇ ਘਰ ਪਹੁੰਚਣ ’ਤੇ ਉਨ੍ਹਾਂ ਸਤਿਬੀਰ ਦੀ ਮੌਤ ਲਈ ਕੁਲਜੀਤ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਹੋਵੇ।

99/ਰੇਤ ਦੇ ਘਰ