ਪੰਨਾ:ਲਕੀਰਾਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਬਿਨਾਂ ਏਂ ਸਾਰੇ ਸੰਸਾਰ ਅੰਦਰ,
ਕੋਈ ਪੁਤਾਂ ਨੂੰ ਵਾਰਦਾ ਵੇਖਿਆ ਨਹੀਂ।
ਕਟਨ ਲਈ ਕਲੇਸ਼ ਨਿਮਾਣਿਆਂ ਦੇ,
ਆਪੀ ਦੁਖ ਸਹਾਰਦਾ ਵੇਖਿਆ ਨਹੀਂ
ਥਾਂ ਇਟਾਂ ਦੀ ਜਿਗਰ ਦੇ ਲਾ ਟੋਟੇ,
ਕੋਈ ਮਹਿਲ ਉਸਾਰਦਾ ਵੇਖਿਆ ਨਹੀਂ।
ਤੇਰੇ ਜਿਹਾ ਯੋਧਾ ਕਲਗ਼ੀ ਵਾਲਿਆ,
ਕੋਈ ਧਣੀ ਤਲਵਾਰ ਦਾ ਵੇਖਿਆ ਨਹੀਂ।

ਛਾਤੀ ਜ਼ੁਲਮ ਦੀ ਸੜ ਸੁਵਾਹ ਹੋ ਗਈ,
ਲਾਟਾਂ ਨਿਕਲੀਆਂ ਜਦੋਂ ਤਲਵਾਰ ਵਿਚੋਂ।
ਮੇਰੇ ਸ਼ਹਿਨਸ਼ਾਹ ਸ਼੍ਰੀ ਦਸਮੇਸ਼ ਜੀ ਨੇ,
ਜੀਵਨ ਬਖਸ਼ਿਆ ਖੰਡੇ ਦੀ ਧਾਰ ਵਿਚੋਂ।

ਹੋਣਾਂ ਮਰਕੇ ਅਮਰ ਸਿਖਾ ਦਿਤਾ,
ਅੰਮਰਿਤ ਪਿਆ ਕੇ ਪੰਜਾਂ ਪਿਆਰਿਆਂ ਨੂੰ।
ਜ਼ੁਲਮ ਪਾਪ ਅੰਧੇਰ ਦੀ ਰਾਤ ਅੰਦਰ,
ਲਾਇਆ ਚੰਨ ਅਸਮਾਨ ਦੇ ਤਾਰਿਆਂ ਨੇ।
ਕੀਤੀ ਗਊ ਗ਼ਰੀਬ ਦੀ ਰਖਿਆ ਸੀ,
ਜ਼ਾਲਮ ਮਾਰਿਆ ਮਾਰ ਲਲਕਾਰਿਆਂ ਨੂੰ।
ਰਹੀ ਲੋੜ ਸਿਕੰਦਰ ਨੂੰ ਖ਼ਿਜ਼ਰ ਦੀ ਨਾ,
ਸੋਮਾਂ ਮਿਲਿਆ ਕਿਸਮਤ ਦੇ ਹਾਰਿਆਂ ਨੂੰ।

ਸੰਤਾਲੀ