ਪੰਨਾ:ਲਹਿਰਾਂ ਦੇ ਹਾਰ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀਨੇ ਸਾਫ ਕੀਨਿਓਂ ਤੁਹਾਡੇ,

ਤੁਸਾਂ ਵੈਰ ਨ ਕਦੇ ਕਮਾਏ ।

ਜਦ ਦੇਖੋ ਤਦ ਹਸਦੇ, ਹਸਦੇ

ਤੁਸਾਂ ਪ੍ਯਾਰੇ ਰੂਪ ਬਣਾਏ।

ਡਿੱਠ੍ਯਾਂ ਖਿੜੇ ਕਾਲਜਾ ਸਾਡਾ,

ਅਸੀਂ ਦੇਖ ਦੇਖ ਸੁਖ ਪਾਏ।

ਖੀਵੇ ਹੋਈਏ ਮਿਲ ਮਿਲ ਤੁਹਾਨੂੰ,

ਅਸਾਂ ਚੜ੍ਹ ਸਰੂਰ ਇਕ ਜਾਏ।

ਦੁਨੀਆਂ ਤੁਸਾਂ ਭੁਲਾਈ ਸਾਨੂੰ,

ਵਿਚ ਰੂਪ ਆਪਣੇ ਲਾਏ।

ਵੀਹ ਦਿਨ ਲਾਕੇ ਯਾਰੀ ਸੱਜਣੋੋਂ !

ਹੁਣ ਕਿਉਂ ਹੋਏ ਉਦੁਸਾਏ ?

ਵਿਹੜਾ ਬਣੂੂੰ ਉਜਾੜ ਅਸਾਡੀ,

ਤੁਸਾਂ ਜਦ ਇਹ ਰੂਪ ਲੁਕਾਏ।

ਥਕਿਆਂ ਨੂੰ ਕੌਣ ਹਸ ਹਸ ਮਿਲਸੀ,

ਅਸਾਂ ਅੱਕਿਆਂ ਕੌਣ ਹਸਾਏ ?

ਦਿਲ ਦੁਖਿਆ ਟਹਿਕਾਸੀ ਕਿਹੜਾ,

ਅਸਾਂ ਓਦਰਿਆਂ ਪਰਚਾਏ ?

ਹੇ ਨਿਰਛਲ ! ਹੇ ਭੋਲੇ ਮਿੱਤ੍ਰੋ !

ਅਵੇ ਸੁਹਣੇ ਸੁਹਜ ਸੁਹਾਏ !

ਲੁਕ ਚੱਲੇ ਹੋ ਕਿਉਂ ਹੁਣ ਸਾਥੋਂ,

ਏਹ ਸੁਹਣੇ ਨੈਣ ਮਿਟਾਏ ?

-੮੨-