ਲਹਿੰਦੀ ਪੰਜਾਬੀ 'ਸ਼ਬਦ-ਕੋਸ਼'
ਵਿਛੈਤੀ: ਓਪਰਾ-ਦੇਖੋ 'ਵਛੈਤੀ'
ਵਿਜੋਗਣ: ਜੁਦਾਈ ਵਿਚ ਉਪਰਾਮ
ਮੁੰਢੂੰ ਨਿਖੜੀ ਰੂਹ ਵਿਜੋਗਣ, ਤੜਫੇ ਤੇ ਵਿਫਲਾਵੇ।
(ਮੂਲ ਤੋਂ ਵਿਛੜ ਉਪਰਾਮ ਰੂਹ ਤੜਪਦੀ ਤੇ ਬਰੜਾਂਦੀ ਹੈ)
ਵਿਟੀਦਾ ਵੈਂਦੇ ਡੁਲ੍ਹਦਾ ਜਾਂਦੈ/ਰੁੜ੍ਹਨਾ
ਨਿਤ ਡਿਹਾੜੇ ਹਯਾਤੀ ਸਾਡੀ ਵਿਟਾਦੀ ਵੈਂਦੀ ਇੰਞੇਂ।
(ਹਰ ਰੋਜ਼ ਸਾਡੀ ਉਮਰ ਐਵੇਂ ਹੀ ਰੁੜਦੀ/ਡੁਲ੍ਹਦੀ ਜਾਂਦੀ ਹੈ)
ਵਿਡਾਰਨਾ: ਉਡਾਉਣਾ
ਤੋਤੇ ਚਿੜੀਆਂ ਵਲ ਵਲ ਆਵਿਨ, ਮੂੰ ਗੁਲੇਲ ਵਿਡਾਰਾਂ।
(ਤੋਤੇ ਚਿੜੀਆਂ ਮੁੜ ਮੁੜ ਆਣ, ਮੈਂ ਗੁਲੇਲ ਨਾਲ ਉਡਾਵਾਂ)
ਵਿਣ: ਬਿਨਾਂ
ਵਿਣ ਤੁਧ ਹੋਰ ਕੇ ਮੰਗਸਾ, ਸਭੋ ਡੁਖਾਂ ਦਾ ਘਰ।
(ਤੇਰੇ ਬਿਨਾਂ ਹੋਰ ਮੈਂ ਕੀ ਮੰਗਣਾ ਹੈ, ਸਭ ਦੁੱਖਾਂ ਦਾ ਘਰ ਹੈ)
ਵਿਤ: ਮਾਜਰਾ/ਹੈਸੀਅਤ
ਆਪਣਾ ਵਿਤ ਨਹੀਂ ਡੇਧਾ, ਵਡੇ ਧ੍ਰੱਕ ਮਰੀਂਦੈ।
(ਆਪਣਾ ਮਾਜਰਾ/ਹੈਸੀਅਤ ਨਹੀਂ ਵਿਂਹਦਾ, ਵਡੀਆਂ ਛਾਲਾਂ ਮਾਰਦਾ ਹੈ)
ਵਿੱਥ: ਦੂਰੀ
ਬੇਲੀਆਂ ਵਿਚ ਤੈਂਡੀ ਚਾਲ ਨੇ ਬਹੂੰ ਵਿੱਥ ਘਤ ਡਿਤੀ ਹੇ।
(ਤੇਰੀ ਚਾਲ ਨੇ ਯਾਰਾਂ ਵਿਚ ਬੜੀ ਦੂਰੀ ਪਾ ਦਿਤੀ ਹੈ)
ਵਿਫਲਣਾ: ਬਰੜਾਉਣਾ
ਡੀਂਹ ਵੇਲੇ ਘੁਲਦੇ ਭਿੜਦੇ ਬਾਲ, ਰਾਤੀਂ ਵਿਫਲਦੇ ਹੂੰਦੇਨ।
(ਦਿਨ ਵੇਲੇ ਲੜਦੇ ਘੁਲਦੇ ਨਿਆਣੇ, ਰਾਤੀਂ ਬਰੜਾਂਦੇ ਹੁੰਦੇ ਨੇ)
ਵਿਰਥਾ: ਅਜਾਈਂ-ਦੇਖੋ 'ਬਿਰਥਾ'
ਵਿਰਾਨ: ਬਰਬਾਦ/ਬੇਅਬਾਦ
ਕੁੱਖਾਂ 'ਚ ਧੀਆਂ ਮਾਰਨ ਪਿਛੂੰ ਕੇਈ ਕੁੱਖਾਂ ਵਿਰਾਨ ਥੀ ਗਈਆਂ।
(ਕੁਖਾਂ ਵਿਚ ਧੀਆਂ ਮਾਰਨ ਕਰਕੇ ਕਈ ਕੁੱਖਾਂ ਬਰਬਾਦ/ਬੇਅਬਾਦ ਹੋ ਗਈਆਂ)
ਵਿਲ: ਵਿਰ
ਖਿਡਾਵਣਾ ਡੇਵਿਸ, ਰੂੰਦਾ ਬਾਲ ਵਿਲ ਵੈਸੀ।
(ਖਿਡੌਣਾ ਦੇ ਦੇ, ਰੋਂਦਾ ਜੁਆਕ ਵਿਰ ਜਾਊ)
ਵਿੱਲੀ/ਵਿੱਲੀਆਂ: ਵਾਲਾਂ ਦੀਆਂ ਜੁੱਟੀਆਂ
ਸਿਰ ਦੇ ਵਾਲ ਜਟੂਰੀਆਂ ਥਏ ਪਏਨ, ਵਿੱਲੀਆਂ ਕਰਕੇ ਵਾਹ।
(ਸਿਰ ਦੇ ਵਾਲ ਜੱਟਾਂ ਬਣੇ ਪਏ ਨੇ, ਜੁੱਟੀਆਂ ਕਰ ਕਰ ਵਾਹ ਦੇ)
ਵਿਲ੍ਹਰਨਾ/ਵਿਲ੍ਹੜਨਾ:ਵੀਹਰਨਾ/ਚਿੰਬੜਨਾ
ਨਿਆਣਾ ਵਿਲ੍ਹਰਦਾ ਤੇ ਵਿਲ੍ਹੜਦਾ ਵੈਂਦੇ, ਕੰਮ ਨਾਂਹ ਕਰ ਸੰਗਦੀ।
(ਨਿਆਣਾ ਵੀਹਰਦਾ ਤੇ ਚਿੰਬੜਦਾ ਰਹਿੰਦੈ, ਕੰਮ ਨਹੀਂ ਕਰ ਸਕਦੀ)
ਵਿਲੱਲਾ: ਝੱਲਾ
ਈਹੋ ਹਿੱਕੋ ਭਿਰਾ ਵਿਲੱਲਾ ਹੇ, ਬੈ ਤਾਂ ਠੀਕ ਹਿਨ।
(ਇਹੋ ਇਕੋ ਭਰਾ ਝੱਲਾ ਹੈ, ਬਾਕੀ ਤਾਂ ਠੀਕ ਹਨ)
(196)