ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਠ-ਜਠਾਣੀ

ਪੰਜਾਬ ਦੀ ਗੋਰੀ ਨੇ ਆਪਣੇ ਗੀਤਾਂ ਵਿੱਚ ਜੇਠ ਜਠਾਣੀ ਨੂੰ ਉਹ ਥਾਂ ਨਹੀਂ ਦਿੱਤੀ ਜਿਹੜੀ ਕਿ ਪਰਿਵਾਰ ਦੇ ਕੁਝ ਦੂਜੇ ਪਾਤਰ ਲੈ ਗਏ ਹਨ। ਉਹ ਆਪਣੇ ਮਾਹੀ ਨੂੰ ਸੁਹਾਗ ਦਾ ਰੰਗ ਕਹਿੰਦੀ ਹੈ, ਦਿਓਰ ਨੂੰ ਭਾਬੀਆਂ ਦਾ ਗਹਿਣਾ ਆਖਦੀ ਹੈ ਅਤੇ ਆਪਣੇ ਬਾਬਲ ਨੂੰ ਕਸਤੂਰੀ ਦਾ ਨਾਂ ਦਿੰਦੀ ਹੈ। ਵੀਰਾਂ ਨੂੰ ਉਹ ਸਲਾਹੁੰਦੀ ਨਹੀਂ ਥਕਦੀ, ਮਾਂ ਪਿਆਰੀ ਨੂੰ ਯਾਦ ਕਰਦੀ ਨਹੀਂ ਅਕਦੀ।

ਪਰ ਸੱਸ, ਜੇਠ-ਜਠਾਣੀ ਲਈ ਉਸ ਕੋਲ ਬੋਲ ਕਬੋਲ ਹੀ ਹਨ, ਤਾਹਨੇ ਮਿਹਣੇ ਹੀ ਦਿੱਤੇ ਹਨ। ਕਾਰਨ? ਏਸ ਦਾ ਸ਼ਾਇਦ ਸਮਾਜਿਕ ਨਾ-ਬਰਾਬਰੀ ਹੀ ਹੈ। ਪਰਿਵਾਰ ਵਿੱਚ ਉਸ ਦੀ ਪੁਗਦੀ ਨਹੀਂ, ਉਨ੍ਹਾਂ ਦੀ ਕੋਈ ਸਲਾਹ ਤਕ ਨਹੀਂ ਲੈਂਦਾ:

ਰਾਂਝਾ ਰੁਲਦੂ ਬਕਰੀਆਂ ਚਾਰੇ
ਘਰ ਮੇਰੇ ਜੇਠ ਦੀ ਪੁੱਗੇ

ਵਿਆਹ ਗਈ ਨੂੰ ਪਤਾ ਲਗ ਜਾਂਦਾ ਹੈ ਕਿ ਪਰਿਵਾਰ ਵਿੱਚ ਜੇਠ ਦੇ ਨਾਲ ਜਠਾਣੀ ਦੀ ਵੀ ਪੁਗਦੀ ਹੈ। ਮੁਕਲਾਵੇ ਜਾਣ ਲਈ ਉਸ ਦਾ ਮਨ ਮੰਨਦਾ ਨਹੀਂ:-

ਪੁਗਦੀ ਜਠਾਣੀ ਦੀ
ਮਨਾਂ ਕਾਹਨੂੰ ਚੱਲਿਐਂ ਮੁਕਲਾਵੇ।

ਗੋਰੀ ਮੁਕਲਾਵੇ ਚਲੀ ਗਈ, ਅਗਲਿਆਂ ਜਾਂਦੀ ਹੀ ਕੰਮ ਕਰਨ ਲਾ ਲਈ। ਜੇਠ ਦਾ ਚੁਬਾਰਾ ਬਣ ਰਿਹਾ ਸੀ, ਜੇਠ-ਜਠਾਣੀ ਪਾਣੀ ਢੋ ਰਹੇ ਸਨ, ਓਸ ਨੂੰ ਮੁਸ਼ਕਲ ਕੰਮ, ਗਾਰਾ ਢੋਣ ਲਈ ਲਾ ਦਿੱਤਾ, ਹੁਣ ਉਹ ਬਦ-ਅਸੀਸਾਂ ਨਾ ਦੇਵੇ ਤਾਂ ਕੀ ਕਰੇ:

ਜੇਠ-ਜਠਾਣੀ ਪਾਣੀ ਢੋਂਦੇ
ਮੈਂ ਢੋਂਦੀ ਆਂ ਗਾਰਾ
ਮੇਰੀ ਹਾ ਪੈ ਜਾਏ
ਸਿਖਰੋਂ ਗਿਰੇ ਚੁਬਾਰਾ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 69