ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਤਾਂ ਤੇਰੇ ਸ਼ਰਮਾਂ ਰਖਦੇ
ਤੂੰ ਨਾ ਸ਼ਰਮ ਨੂੰ ਜਾਣੇਂ
ਜਿੰਨੀਆਂ ਪੁਣੀਆਂ ਘਰੋਂ ਲਜਾਵੇਂ
ਓਨੀਆਂ ਮੋੜ ਲਿਆਵੇਂ,
ਪੱਟਤੀ ਸ਼ੁਕੀਨੀ ਨੇ
ਤੰਦ ਚਰਖੇ ਨਾ ਪਾਵੇਂ।

ਭਾਬੋ ਦੇ ਤਾਹਨਿਆਂ ਤੋਂ ਡਰਦੀ ਨਣਦ ਆਪਣੇ ਛੈਲ ਛਬੀਲੇ ਚੀਰੇ ਵਾਲੇ ਨੂੰ ਅਪਣੀ ਗਲੀ ਆਉਣ ਤੋਂ ਰੋਕੋ ਨਾ ਤੇ ਹੋਰ ਕੀ ਕਰੇ :-

ਸੋਹਣੇ ਜਿਹੇ ਚੀਰੇ ਵਾਲਿਆ
ਸਾਡੀ ਗਲੀਓਂ ਨਾ ਆਈਂ,
ਵੇ ਚੰਦਾ ਵਿਹੜੇ ਪੈਰ ਨਾ ਪਾਈਂ,
ਜਲ ਜਲ ਮਰਨ ਗੁਆਂਢਣਾਂ
ਤਾਹਨੇ ਦੇਊ ਭਰਜਾਈ,
ਵੇ ਚੰਦਾ, ਗਾਲਾਂ ਦੇਊ ਸਾਡੀ ਮਾਈ ... ...

ਪਰ ਕਈ ਵਾਰੀ ਨਣਦ ਭਰਜਾਈ ਨੂੰ 'ਸਹਿਤੀ ਤੇ ਹੀਰ' ਵਾਲਾ ਪਾਰਟ ਵੀ ਅਦਾ ਕਰਨਾ ਪੈਂਦਾ ਹੈ: -

ਅੰਬਾਂ ਤੇ ਤੂਤੀਂ ਠੰਡੀ ਛਾਂ
ਕੋਈ ਪ੍ਰਦੇਸੀ ਜੋਗੀ ਆਣ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਕਿੱਥੇ ਤਾਂ ਖੜ ਕੇ ਜੋਗੀ ਦੇਖੀਏ ਨੀ
ਨੀਵੇਂ ਤਾਂ ਧਰਦੇ ਭਾਬੋ ਡੋਲ ਨੀ
ਉੱਚੇ ਤਾਂ ਖੜ ਕੇ ਜੋਗੀ ਦੇਖੀਏ ਨੀ
ਇਸ ਜੋਗੀ ਦੇ ਲੰਬੇ ਲੰਬੇ ਕੇਸ ਨੀ
ਦਹੀਓਂ ਕਟੋਰੇ ਜੋਗੀ ਨ੍ਹਾਂਵਦਾ ਸੀ
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਸੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 85