ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼ੇਸ਼ਤਾ ਹੈ। ਇਸ ਸਾਦਗੀ ਤੇ ਅਸਚਰਜਤਾ ਦੇ ਪਿੱਛੇ ਲੋਕਾਂ ਦਾ ਸਦੀਆਂ ਪੁਰਾਣਾ ਅਨੁਭਵ ਕੰਮ ਕਰਦਾ ਰਿਹਾ ਹੈ, ਜੋ ਲੋਕ-ਸੂਝ ਦੀ ਕੁਠਾਲੀ ਵਿਚ ਪੈ ਪੈ ਕੇ ਅੱਖ-ਚੁੰਧਿਆਊ ਦਮਕਾਂ ਮਾਰਨ ਦੇ ਸਮਰੱਥ ਹੋ ਸਕਿਆ ਹੈ। ਉਪਮਾ ਦੀ ਇਹ ਸਮਰੱਥਾ ਕਿਸੇ ਇਕ ਕਵੀ ਦੀ ਕਲਪਣਾ ’ਚੋਂ ਪੈਦਾ ਹੋਈ ਉਪਮਾ ਵਿਚ ਭਲਾ ਕਿੱਥੇ? ਕਵੀ ਦੀ ਉਪਮਾ ਵਿੱਚ ਸ਼ਬਦ ਤੇ ਲੈਅ ਦਾ ਯਤਨਾਂ ਨਾਲ ਪੈਦਾ ਕੀਤਾ ਸ਼ਿੰਗਾਰ ਤਾਂ ਭਾਵੇਂ ਕਿੰਨਾ ਹੋਵੇ, ਪਰ ਲੋਕ-ਬੁਝਾਰਤਾਂ ਵਰਗੀ ਆਪਮੁਹਾਰੀ ਸਾਦਗੀ ਤੇ ਅਸਚਰਜਤਾ-ਭਰੀ ਰੌਚਿਕਤਾ ਨਹੀਂ ਹੋ ਸਕਦੀ।

ਉਪਮਾਂ ਤੋਂ ਬਿਨਾਂ ਲੋਕ-ਬੁਝਾਰਤਾਂ ਦੀ ਮਹੱਤਤਾ ਉਹਨਾਂ ਦੀ ਸਮਾਜਕ ਵਿਆਪਕਤਾ ਤੋਂ ਜਾਚੀ ਜਾ ਸਕਦੀ ਹੈ। ਲੋਕ-ਗੀਤਾਂ ਤੇ ਲੋਕ-ਕਹਾਣੀਆਂ ਦੀ ਵਿਆਪਕਤਾ ਜਿਵੇਂ ਕੌਮਾਂ, ਜਾਂ ਦੇਸ਼ਾਂ ਦੀਆਂ ਵੰਡੀਆਂ ਦੀ ਮੁਹਤਾਜ ਨਹੀਂ, ਓਵੇਂ ਲੋਕ-ਬੁਝਾਰਤਾਂ ਦੀ ਵਿਆਪਕਤਾ ਨੂੰ ਵੀ ਇਸ ਤਰ੍ਹਾਂ ਦੇ ਕੋਈ ਬੰਧਨ ਕੜੀਆਂ ਨਹੀਂ ਪਾ ਸਕੇ। ਲੋਕ-ਬੁਝਾਰਤਾਂ ਦੀ ਇਹ ਵਿਆਪਕਤਾ ਵੀ ਇਹਨਾਂ ਨੂੰ ਲੋਕਾਂ ਦੇ ਸਰਬ-ਵਿਆਪੀ ਅਨੁਭਵਾਂ ਤੋਂ ਹੀ ਪ੍ਰਾਪਤ ਹੋਈ ਹੈ। ਇਸ ਤੋਂ ਲੋਕਾਂ ਦੀ ਆਪਣੇ ਵਿਕਾਸ ਦੇ ਪੜਾਅ ਵੱਲ ਵਧਦੀ, ਲੋਕ-ਸੂਝ ਦੀ ਇਕੋ ਜਹੀ ਰਫਤਾਰ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਏਥੇ ਭਾਰਤ ਦੇ ਪ੍ਰਾਂਤਾਂ ਦੀਆਂ ਲੋਕ-ਬੁਝਾਰਤਾਂ ਵਿਚਲੀ ਸਮਤਾ ਦੀ ਹੀ ਗੱਲ ਨਹੀਂ, ਸਗੋਂ ਭਾਰਤ, ਚੀਨ, ਰੂਸ, ਅਮਰੀਕਾ, ਇੰਗਲੈਂਡ ਆਦਿ ਸਾਰੇ ਦੁਨੀਆਂ ਦੇ ਦੇਸ਼ਾਂ ਦੀਆਂ ਲੋਕ ਬੁਝਾਰਤਾਂ ਵਿਚ ਇਹ ਸਾਂਝ ਮਿਲ ਸਕਦੀ ਹੈ, ਠੀਕ ਓਵੇਂ ਹੀ ਜਿਵੇਂ ਕਿ ਇਹਨਾਂ ਦੇਸ਼ਾਂ ਦੇ ਲੋਕ-ਗੀਤਾਂ, ਲੋਕ-ਕਹਾਣੀਆਂ ਤੇ ਹੋਰ ਲੋਕ-ਕਲਾ ਦੇ ਅੰਗਾਂ ਵਿੱਚ। ਲੋਕ-ਕਲਾ ਤੋਂ ਉੱਤਰ ਕੇ ਇਨ੍ਹਾਂ ਦੇਸ਼ਾਂ ਦੇ ਲੋਕ-ਕਲਾਕਾਰਾਂ ਰਾਹੀਂ ਸਿਰਜੀ ਕਲਾ ਵਿਚ ਵੀ ਇਸ ਸਾਂਝ ਦਾ ਮਿਲ ਸਕਣਾ ਸੰਭਵ ਹੋ ਸਕਦਾ ਹੈ, ਪਰ ਉਹ ਓਨੀਂ ਨੇੜਤਾ ਨਾਲ ਨਹੀਂ। ਦੇਸਾਂ ਪਰਦੇਸਾਂ ਦੀਆਂ ਲੋਕ-ਬੁਝਾਰਤਾਂ ਵਿਚਲੀ ਇਹ ਸਾਂਝ ਕੇਵਲ ਅੱਜ ਦੇ ਜੁਗ ਦੀ ਦੇਣ ਹੀ ਨਹੀਂ, ਸਗੋਂ ਅੱਜ ਤੋਂ ਸਦੀਆਂ ਪਹਿਲਾਂ ਦੀਆਂ ਬੁਝਾਰਤਾਂ ਵਿਚ ਵੀ- ਜਦ ਕਿ ਦੇਸ, ਇਕ ਦੂਜੇ ਦੇਸ ਦੀ ਹੋਂਦ ਬਾਰੇ ਵੀ ਸ਼ਕ ਵਿਚ ਸਨ, ਜਦ ਕਿ ਧਰਤੀ, ਪੌਣ ਤੇ ਪਾਣੀ ਰਾਹੀਂ ਏਨੀਂ ਤੇਜ਼ ਰਫਤਾਰੀ ਨਾਲ ਸਫਰ ਕਰ ਸਕਣਾ ਅਸੰਭਵ ਸੀ- ਇਹ ਸਾਂਝੀ ਨੇੜਤਾ ਲੱਭੀ ਜਾ ਸਕਦੀ ਹੈ। ਲੋਕਾਂ ਦੀ ਸਾਂਝ ਵਾਂਗ ਹੀ ਲੋਕ-ਕਲਾ ਦੀ ਇਹ ਵਿਆਪਕ ਸਾਂਝ ਮਹਾਨ ਹੈ।

16/ਲੋਕ ਬੁਝਾਰਤਾਂ