ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਪਿਆਰ ਭੈਣਾਂ ਨਾਲ਼ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਉਹਨਾਂ ਦੇ ਆਪਣੇ ਘਰ ਧੀਆਂ ਨਹੀਂ ਜੰਮਦੀਆਂ।

ਝਗੜਾ ਸੋਤਰ ਹੁੰਦਾ ਹੈ——ਇਸ ਅਖਾਣ ਦਾ ਭਾਵ ਇਹ ਹੈ ਕਿ ਝਗੜਾ ਕਰਨ ਵਾਲ਼ਾ ਕੁਝ ਨਾ ਕੁਝ ਲੈ ਹੀ ਲੈਂਦਾ ਹੈ ਚਾਹੇ ਉਹ ਆਪ ਝੂਠਾ ਹੀ ਹੋਵੇ।

ਝੱਟ ਰੋਟੀ, ਪਟ ਦਾਲ਼, ਚੁੱਕ ਖੂੰਡਾ ਚਲ ਨਾਲ਼——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਕੰਮ ਛੇਤੀ ਤੋਂ ਛੇਤੀ ਨਿਪਟਾਉਣਾ ਹੋਵੇ।

ਝੱਲੇ ਕਿੱਦਾਂ ਜਾਪਣ, ਗੱਲਾਂ ਕਰਨ ਤੇ ਸੰਝਾਪਣ——ਭਾਵ ਇਹ ਹੈ ਕਿ ਮੂਰਖ਼ ਬੰਦੇ ਦਾ ਉਦੋਂ ਪਤਾ ਲੱਗ ਜਾਂਦਾ ਹੈ ਜਦ ਉਹ ਗੱਲਬਾਤ ਰਾਹੀਂ ਆਪਣੀ ਮੂਰਖ਼ਤਾ ਦਾ ਪ੍ਰਗਟਾਵਾ ਕਰਦਾ ਹੈ।

ਝਾੜਿਆ ਝੰਬਿਆ ਭੂਰਾ ਜਿਉਂ ਦਾ ਤਿਉਂ——ਜਦੋਂ ਕਿਸੇ ਨੂੰ ਘਟੀਆ ਕਿਸਮ ਦਾ ਕੰਮ ਕਰਨ ਲਈ ਕਿਹਾ ਜਾਵੇ, ਉਹ ਅੱਗੋਂ ਨਾਂਹ-ਨੁੱਕਰ ਨਾ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।

ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਭਲਾ——ਭਾਵ ਇਹ ਹੈ ਕਿ ਝੂਠ ਨੂੰ ਲੁਕਾਉਣ ਲਈ ਸੈਆਂ ਪਰਦੇ ਵਰਤਣੇ ਪੈਂਦੇ ਹਨ ਪ੍ਰੰਤੂ ਸੱਚ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ।

ਝੂਠੇ ਦੇ ਪੈਰ ਨਹੀਂ ਹੁੰਦੇ——ਜਦੋਂ ਕੋਈ ਝੂਠਾ ਬੰਦਾ ਪਲੋ ਪਲੀ ਆਪਣੀ ਗੱਲ ਬਦਲੇ, ਉਦੋਂ ਆਖਦੇ ਹਨ।

ਝੂਠੇ ਦਾ ਦਾਰੁ ਅਈਂ ਅਈਂ——ਜਦੋਂ ਕਿਸੇ ਝੂਠੇ ਬੰਦੇ ਦੇ ਮੰਹ 'ਤੇ ਉਹਦੇ ਝੂਠ ਦਾ ਪਾਜ ਉਘੇੜਿਆ ਜਾਵੇ ਤੇ ਅੱਗੋਂ ਜਵਾਬ ਵਿੱਚ ਉਹ ਨੂੰ ਸਫ਼ਾਈ ਦੇਣ ਲਈ ਕੁਝ ਨਾ ਸੁਝੇ, ਉਦੋਂ ਆਖਦੇ ਹਨ।

ਟਕੇ ਸਹਿਆ ਮਹਿੰਗਾ ਤੇ ਰੁਪਏ ਸਹਿਆ ਸਸਤਾ——ਭਾਵ ਇਹ ਹੈ ਕਿ ਜਦੋਂ ਕਿਸ ਚੀਜ਼ ਦੀ ਲੋੜ ਨਾ ਹੋਵੇ ਤੇ ਪੱਲੇ ਪੈਸੇ ਵੀ ਨਾ ਹੋਣ, ਉਹ ਸਸਤੀ ਚੀਜ਼ ਵੀ ਮਹਿੰਗੀ ਲੱਗਦੀ ਹੈ ਜਦੋਂ ਲੋੜ ਹੋਵੇ ਉਹ ਕਿਸੇ ਮੁੱਲ ਵੀ ਮਹਿੰਗੀ ਨਹੀਂ ਜਾਪਦੀ।

ਟਕੇ ਦੀ ਹਾਂਡੀ ਗਈ, ਕੁੱਤੇ ਦੀ ਜ਼ਾਤ ਪਰਖੀ ਗਈ——ਜਦੋਂ ਕੋਈ ਕਮੀਨਾ ਬੰਦਾ ਥੋੜ੍ਹੀ ਜਿਹੀ ਰਕਮ ਉਧਾਰ ਲੈ ਕੇ ਮੁੱਕਰ ਜਾਵੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਟੱਟੂ ਭਾੜੇ ਕਰਨਾ ਏ ਤਾਂ ਕੁੜਮਾਂ ਦਾ ਈ ਕਰਨੈ——ਜਦੋਂ ਕੋਈ ਚੀਜ਼ ਮੁੱਲ ਦੀ ਹੀ ਕੇ ਹੋਵੇ ਤਾਂ ਕਿਸੇ ਅੰਗ-ਸਾਕ ਦੀ ਮੁਥਾਜੀ ਦੀ ਲੋੜ ਨਹੀਂ, ਜਿੱਥੋਂ ਮਰਜ਼ੀ ਖ਼ਰੀਦ ਲਵੋ।

ਲੋਕ ਸਿਆਣਪਾਂ/98