ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ ਦੀ ਵਿਚਕਾਰਲੀ ਅਵਸਥਾ ਜਵਾਨੀ ’ਤੇ ਬਲਿਹਾਰੇ ਜਾਂਦਿਆਂ ਆਖਦੇ ਹਨ ਕਿ ਜੇ ਇਸ ਉਮਰ ਵਿੱਚ ਰੱਬ ਯਾਦ ਰਹੇ ਤਾਂ ਕੀ ਕਹਿਣੇ।

ਨਾ ਸੁੱਤੀ ਨਾ ਕੱਤਿਆ——ਜਦੋਂ ਕੋਈ ਵਿਹਲੇ ਸਮੇਂ ਦਾ ਯੋਗ ਲਾਭ ਨਾ ਉਠਾਵੇ, ਉਦੋਂ ਆਖਦੇ ਹਨ।

ਨਾ ਹਾੜ੍ਹ ਸੁੱਕੇ ਨਾ ਸਾਉਣ ਹਰੇ——ਜਦੋਂ ਕਿਸੇ ਮਨੁੱਖ ਦੇ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਨਾ ਆਵੇ, ਉਦੋਂ ਇਹ ਅਖਾਣ ਬੋਲਦੇ ਹਨ।

ਨਾ ਕੰਮ ਨਾ ਕੰਮੋਂ ਵਿਹਲੀ——ਜਦੋਂ ਕੋਈ ਬੰਦਾ ਕਿਸੇ ਨਿਕੰਮੇ ਕੰਮ ਵਿੱਚ ਰੁੱਝਿਆ ਹੋਵੇ, ਉਦੋਂ ਇੰਜ ਕਹਿੰਦੇ ਹਨ।

ਨਾ ਕੰਮ ਨਾ ਕਾਰ, ਲੜਨ ਨੂੰ ਤਿਆਰ——ਇਹ ਅਖਾਣ ਕੌੜੇ ਸੁਭਾਅ ਵਾਲ਼ੇ ਨਿਕੰਮੇ ਤੇ ਵਿਹਲੇ ਬੰਦੇ ਲਈ ਵਰਤਦੇ ਹਨ।

ਨਾ ਕੁੱਕੜੂ ਨਾ ਤਿੱਤਰੂ——ਇਹ ਅਖਾਣ ਉਸ ਬੰਦੇ ਬਾਰੇ ਬੋਲਦੇ ਹਨ ਜਿਸ ਬਾਰੇ ਇਹ ਪਤਾ ਨਾ ਲੱਗੇ ਕਿ ਉਹ ਕਿਸ ਧੜੇ ਜਾਂ ਧਿਰ ਨਾਲ ਖੜੋਤਾ ਹੈ।

ਨਾ ਚੋਰ ਲੱਗੇ ਨਾ ਕੁੱਤਾ ਚੌਂਕੇ——ਭਾਵ ਇਹ ਹੈ ਕਿ ਕੋਈ ਅਜਿਹਾ ਕੰਮ ਨਾ ਕਰੋ ਜਿਸ ਨਾਲ ਬਦਨਾਮੀ ਹੋਵੇ।

ਨਾ ਤਿਲ ਚੱਥੇ ਨਾ ਦੰਦਾਂ ਲੱਗੇ——ਇਸ ਅਖਾਣ ਦਾ ਭਾਵ ਇਹ ਹੈ ਕਿ ਜਿਸ ਆਦਮੀ ਨੇ ਮੰਦਾ ਕੰਮ ਨਾ ਕੀਤਾ ਹੋਵੇ, ਉਸ ਨੂੰ ਦੰਡ ਨਹੀਂ ਭੁਗਤਣਾ ਪੈਂਦਾ।

ਨਾ ਦੇਸ ਢੋਈ ਨਾ ਪ੍ਰਦੇਸ ਢੋਈ——ਇਹ ਅਖਾਣ ਉਸ ਆਦਮੀ ਬਾਰੇ ਵਰਤਦੇ ਹਨ ਜਿਹੜਾ ਸੁਖ ਖ਼ਾਤਰ ਕਮਾਈ ਕਰਨ ਦੇਸ ਗਿਆ ਹੋਵੇ, ਪ੍ਰੰਤੂ ਉਥੇ ਵੀ ਉਸ ਨੂੰ ਸੁਖ ਨਾ ਮਿਲੇ।

ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ——ਜਦੋਂ ਕੋਈ ਬੰਦਾ ਕਿਸੇ ਦਾ ਕੋਈ ਕੰਮ ਕਰਨ ਲਈ ਅਜਿਹੀਆਂ ਸ਼ਰਤਾਂ ਰੱਖ ਦੇਵੇ ਜਿਹੜੀਆਂ ਪੂਰੀਆਂ ਨਾ ਹੋ ਸਕਣ, ਉਦੋਂ ਇਹ ਅਖਾਣ ਵਰਤਦੇ ਹਨ।

ਨਾ ਭੂਰੇ ਨੂੰ ਹੱਥ ਪਾਈਏ, ਨਾ ਦੁਸ਼ਾਲਾ ਪੜਵਾਈਏ——ਜਦੋਂ ਇਹ ਸਮਝਾਉਣਾ ਹੋਵੇ ਕਿ ਦੂਜੇ ਦਾ ਥੋੜ੍ਹਾ ਨੁਕਸਾਨ ਕਰਨ ਬਦਲੇ ਤੁਹਾਡਾ ਵਧੇਰੇ ਨੁਕਸਾਨ ਹੋ ਸਕਦਾ ਹੈ, ਉਦੋਂ ਇਹ ਅਖਾਣ ਬੋਲਦੇ ਹਨ।

ਨਾ ਮਰੇ ਨਾ ਮੰਜਾ ਛੱਡੇ——ਜਦੋਂ ਕੋਈ ਬੰਦਾ ਕਿਸੇ ਦਾ ਖਹਿੜਾ ਨਾ ਛੱਡੇ, ਉਦੋਂ ਅੱਕ ਕੇ ਇਹ ਅਖਾਣ ਬੋਲਿਆ ਜਾਂਦਾ ਹੈ।

ਨਾ ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ——ਕਿਸੇ ਕੋਝੇ ਤੇ ਬਦਸ਼ਕਲ ਬੰਦੇ ਨੂੰ ਦੇਖ ਕੇ ਘਿਣਾ ਨਾਲ ਇੰਜ ਬੋਲਦੇ ਹਨ।

ਨਾ ਮੋਇਆਂ ਵਿੱਚ, ਨਾ ਜਿਉਂਦਿਆਂ ਵਿੱਚ——ਇਹ ਅਖਾਣ ਉਸ ਬੰਦੇ ਬਾਰੇ ਬੋਲਿਆ ਜਾਂਦਾ ਹੈ ਜਿਹੜਾ ਬੀਮਾਰੀ ਜਾਂ ਗਰੀਬੀ ਦੀ ਭੈੜੀ ਹਾਲਤ ਵਿੱਚ ਹੋਵੇ।

ਲੋਕ ਸਿਆਣਪਾਂ/115