ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਦਾ ਵੱਡੀਆਂ-ਵੱਡੀਆਂ ਸਕੀਮਾਂ ਬਣਾਉਣ ਲੱਗ ਜਾਵੇ ਜਿਹੜੀਆਂ ਸਿਰੇ ਨਾ ਚੜ੍ਹ ਸਕਣ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਪੜ ਪਿਆ ਤੇ ਸਾਕ ਗਿਆ——ਭਾਵ ਇਹ ਹੈ ਕਿ ਦੂਰ ਦੀ ਰਿਸ਼ਤੇਦਾਰੀ ਵਿੱਚ ਉਹ ਸਾਂਝ ਨਹੀਂ ਰਹਿੰਦੀ, ਜਿਹੜੀ ਨੇੜੇ ਦੀ ਰਿਸ਼ਤੇਦਾਰੀ ਵਿੱਚ ਹੁੰਦੀ ਹੈ।

ਪੜ੍ਹਿਆ ਨਾ ਲਿਖਿਆ, ਨਾਂ ਵਿਦਿਆ ਸਾਗਰ——ਜਦੋਂ ਕਿਸੇ ਬੰਦੇ ਦਾ ਨਾਂ ਉਸ ਦੇ ਸੁਭਾਅ, ਕੱਦ-ਕਾਠ ਅਤੇ ਕਿਰਦਾਰ ਦੇ ਉਲਟ ਹੋਵੇ, ਉਦੋਂ ਆਖਦੇ ਹਨ।

ਪੜ੍ਹੇ ਫਾਰਸੀ, ਵੇਚੇ ਤੇਲ, ਇਹ ਦੇਖੋ ਕੁਦਰਤ ਦੇ ਖੇਲ——ਜਦੋਂ ਕਿਸੇ ਪੜ੍ਹੇ-ਲਿਖੇ ਲਾਇਕ ਬੰਦੇ ਨੂੰ ਉਹਦੀ ਯੋਗਤਾ ਤੋਂ ਘਟੀਆ ਕੰਮ ਕਰਨਾ ਪਵੇ, ਉਦੋਂ ਇਹ ਅਖਾਣ ਵਰਤਦੇ ਹਨ।

ਪਾਈ ਵਾਲਾ ਸੰਗੇ ਤੇ ਪੜੋਪੀ ਵਾਲਾ ਮੰਗੇ——ਜਦੋਂ ਕੋਈ ਵੱਡਾ ਅਹਿਸਾਨ ਕਰਨ ਵਾਲਾ ਤਾਂ ਅਹਿਸਾਨ ਨਾ ਜਤਾਵੇ, ਪ੍ਰੰਤੁ ਮਾਮੂਲੀ ਸਹਾਇਤਾ ਕਰਨ ਵਾਲਾ ਆਪਣੇ ਕੀਤੇ ਅਹਿਸਾਨ ਦਾ ਢੰਡੋਰਾ ਪਿੱਟੇ, ਉਦੋਂ ਇੰਜ ਆਖਦੇ ਹਨ।

ਪਾਸਾ ਪਏ ਅਨਾੜੀ ਜਿੱਤੇ——ਭਾਵ ਇਹ ਹੈ ਕਿ ਜੂਏ ਵਿੱਚ ਜਿੱਤ-ਹਾਰ ਅਕਲ ਕਰਕੇ ਨਹੀਂ ਹੁੰਦੀ, ਜੋ ਪਾਸਾ ਸਿੱਧਾ ਪੈ ਜਾਵੇ ਤਾਂ ਮੂਰਖ਼ ਵੀ ਜਿੱਤ ਜਾਂਦਾ ਹੈ।

ਪਾਣੀ ਨਾਲ਼ੋਂ ਖੂਨ ਗਾੜ੍ਹਾ ਹੁੰਦਾ ਹੈ——ਭਾਵ ਇਹ ਹੈ ਕਿ ਜਦੋਂ ਬਿਪਤਾ ਸਿਰ ਆਣ ਪਵੇ ਤਾਂ ਉਦੋਂ ਭੈਣ-ਭਾਈ ਹੀ ਕੰਮ ਆਉਂਦੇ ਹਨ।

ਪਾਣੀ ਪੀ ਕੇ ਜਾਤ ਕੀ ਪੁੱਛਣੀ——ਭਾਵ ਇਹ ਹੈ ਕਿ ਜਦੋਂ ਤੁਸੀਂ ਕਿਸੇ ਬੰਦੇ ਕੋਲੋਂ ਆਪਣਾ ਕੰਮ ਕਰਵਾ ਹੀ ਲਿਆ ਹੈ ਮਗਰੋਂ ਉਸ ਦੀ ਜਾਤ-ਪਾਤ ਪੁੱਛਣ ਦਾ ਕੋਈ ਲਾਭ ਨਹੀਂ।

ਪਾਣੀ ਪੀਵੀਏ ਪੁਣ ਕੇ ਗੁਰੂ ਧਾਰੀਏ ਚੁਣ ਕੇ——ਭਾਵ ਇਹ ਹੈ ਕਿ ਪਾਣੀ ਸ਼ੁੱਧ ਪੀਣਾ ਚਾਹੀਦਾ ਹੈ ਤੇ ਗੁਰੂ ਪੂਰੀ ਪਰਖ਼ ਕਰਕੇ ਧਾਰਨਾ ਚਾਹੀਦਾ ਹੈ।

ਪਾਪ ਦੀ ਬੇੜੀ ਭਰ ਕੇ ਡੁਬਦੀ ਹੈ——ਭਾਵ ਇਹ ਹੈ ਕਿ ਜਦੋਂ ਕਿਸੇ ਬੰਦੇ ਨੇ ਅਤਿ ਚੁੱਕੀ ਹੋਵੇ ਅਤੇ ਜ਼ੁਲਮ ਤੇ ਕੁਕਰਮ ਕਰਨੋਂ ਨਾ ਟਲੇ, ਤਾਂ ਸਮਾਂ ਪਾ ਕੇ ਉਹਦੀ ਤਬਾਹੀ ਦੇ ਸਮਾਨ ਆਪਣੇ ਆਪ ਹੀ ਪੈਦਾ ਹੋ ਜਾਂਦੇ ਹਨ।

ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ——ਭਾਵ ਇਹ ਹੈ ਕਿ ਗੁਨਾਹਗਾਰ ਨੂੰ ਉਸ ਦੇ ਗੁਨਾਹ ਹੀ ਲੈ ਡੁਬਦੇ ਹਨ।

ਪਾਰ ਵਾਲੇ ਕਹਿਣ ਉਰਾਰ ਵਾਲੇ ਚੰਗੇ ਨੇ, ਉਰਾਰ ਵਾਲੇ ਕਹਿਣ ਪਾਰ ਵਾਲੇ ਚੰਗੇ ਨੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕੋਈ ਵੀ ਬੰਦਾ ਆਪਣੇ ਆਪ ਵਿੱਚ ਸੰਤੁਸ਼ਟ ਨਹੀਂ। ਦੁਜੇ ਦੀ ਥਾਲੀ ਵਿੱਚ ਲੱਡੂ ਵੱਡਾ ਹੀ ਦਿਸਦਾ ਹੈ।

ਪਾਲ਼ੇ ਵਿੱਚ ਗੋਡੇ ਢਿੱਡ ਨੂੰ ਆਉਂਦੇ ਹਨ-ਜਦੋਂ ਇਹ ਦੱਸਣਾ ਹੋਵੇ ਕਿ ਭੀੜ ਪੈਣ 'ਤੇ ਸਾਕ ਸਬੰਧੀਆਂ ਪਾਸੋਂ ਹੀ ਸਹਾਇਤਾ ਲਈ ਜਾਂਦੀ ਹੈ।

ਲੋਕ ਸਿਆਣਪਾਂ/121